ਡਾ. ਇਕਬਾਲ ਸਿੰਘ ਸਕਰੌਦੀ ਦੇ ਕਹਾਣੀ ਸੰਗ੍ਰਹਿ ਗੁਨਾਹਗਾਰ ਕੌਣ ’ਤੇ ਗੋਸ਼ਟੀ ਕਰਵਾਈ ਡਾ. ਇਕਬਾਲ ਸਿੰਘ ਸਕਰੌਦੀ ਦੇ ਕਹਾਣੀ ਸੰਗ੍ਰਹਿ ਗੁਨਾਹਗਾਰ ਕੌਣ ਉਪਰ ਗੋਸ਼ਟੀ ਕਰਵਾਈ
Publish Date: Sun, 12 Jul 2026 06:23 PM (IST)
Updated Date: Sun, 12 Jul 2026 06:24 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਿਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ। ਇਸ ਸਮਾਗਮ ’ਚ ਡਾ. ਇਕਬਾਲ ਸਿੰਘ ਸਕਰੌਦੀ ਦੇ ਕਹਾਣੀ ਸੰਗ੍ਰਹਿ ਗ਼ੁਨਾਹਗਾਰ ਕੌਣ ਉੱਪਰ ਗੋਸ਼ਟੀ ਕਰਵਾਈ ਗਈ। ਜਿਸ ’ਤੇ ਪਰਚਾ ਪੜ੍ਹਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਡਾ. ਇਕਬਾਲ ਸਿੰਘ ਸਕਰੌਦੀ ਦੀਆਂ ਕਹਾਣੀਆਂ ਮਾਨਵਵਾਦੀ ਦ੍ਰਿਸ਼ਟੀ ਨੂੰ ਉਭਾਰਦੀਆਂ ਸਮਾਜਿਕ ਚੇਤਨਾ ਦਾ ਪ੍ਰਸਾਰ ਕਰਦੀਆਂ ਹਨ। ਇਹਨਾਂ ਕਹਾਣੀਆਂ ਦੀ ਮੁੱਖ ਧੁਨੀ ਸਮਾਜ ਵਿਚਲੇ ਗੰਧਲੇਪਣ ਨੂੰ ਖਤਮ ਕਰਨ ਦਾ ਹੋਕਾ ਦਿੰਦੀ ਹੈ। ਪ੍ਰਸਿੱਧ ਆਲੋਚਕ ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਸੰਵੇਦਨਹੀਨ ਮਨੁੱਖ ਨੂੰ ਸੰਵੇਦਨਸ਼ੀਲ ਕਿਰਿਆਹੀਣ ਨੂੰ ਕਿਰਿਆਸ਼ੀਲ ਬਣਨ ਅਤੇ ਮੁਹੱਬਤਹੀਣ ਲੋਕਾਂ ਦੇ ਅੰਦਰ ਮੋਹ ਦੇ ਕਰੰਡ ਹੋਏ ਬੀਜਾਂ ਨੂੰ ਉੱਗਣ ਲਈ ਮੌਸਮ ਪ੍ਰਦਾਨ ਕਰਦੀਆਂ ਮਨੁੱਖ ਅੰਦਰ ਮਾਣਵੀ ਗੁਣ ਪੈਦਾ ਕਰਦੀਆਂ ਹਨ । ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਹਾਣੀਆਂ ਦੀ ਪੜਚੋਲ ਕਰਦੇ ਹੋਏ ਕਿਹਾ ਕਿ ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਮਨੁੱਖ ਨੂੰ ਆਦਰਸ਼ਵਾਦੀ ਮਨੁੱਖ ਬਣਨ ਦਾ ਸੁਨੇਹਾ ਦਿੰਦੀਆਂ ਯਥਾਰਥਵਾਦ ਦੇ ਨੇੜੇ ਹਨ। ਤੇਜਾ ਸਿੰਘ ਤਿਲਕ ਨੇ ਕਹਾਣੀ ਸੰਗ੍ਰਹਿ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਸਿੱਖਿਆਦਾਇਕ ਤੇ ਉਪਦੇਸ਼ਆਤਮਕ ਹਨ ਵਿਦਿਆਰਥੀ ਵਰਗ ਨੂੰ ਇਹ ਕਹਾਣੀਆਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ । ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਸਾਰੀਆਂ ਕਹਾਣੀਆਂ ਸਾਡੇ ਦੁਆਲੇ ਦੇ ਜੀਵਨ ਬਿਰਤਾਂਤ ਦੀ ਮਹੱਤਵਪੂਰਨ ਸਮਝ ਪੈਦਾ ਕਰਦੀਆਂ ਹਨ ਇਹ ਕਹਾਣੀ ਸੰਗ੍ਰਹਿ ਦੀ ਵਿਧਾ ਸਾਹਿਤਕ ਨਿਬੰਧਾਂ ਦਾ ਭੁਲੇਖਾ ਪਾਉਂਦੀ ਹੋਈ ਕਹਾਣੀ ਕੈਨਵਸ ’ਚ ਆਪਣਾ ਨਾਂ ਲਿਖਵਾਉਂਦੀ ਹੈ। ਇਹਨਾਂ ਤੋਂ ਇਲਾਵਾ ਜੁਗਰਾਜ ਧੌਲਾ ਕਹਾਣੀਕਾਰ, ਪਰਮਜੀਤ ਮਾਨ ਨਾਵਲਕਾਰ, ਦਰਸ਼ਨ ਸਿੰਘ ਗੁਰੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਜਗਤਾਰ ਜਜ਼ੀਰਾ ਤੇ ਡਾ ਰਾਮਪਾਲ ਸਿੰਘ ਸ਼ਾਹਪੁਰੀ ਨੇ ਇਸ ਕਹਾਣੀ ਸੰਗ੍ਰਹਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ’ਚ ਸੁਦਰਸ਼ਨ ਗੁੱਡੂ, ਜਗਤਾਰ ਬੈਂਸ, ਕਰਮ ਸਿੰਘ ਜ਼ਖ਼ਮੀ, ਲਖਵਿੰਦਰ ਸਿੰਘ ਠੀਕਰੀਵਾਲ, ਪ੍ਰਿੰ. ਕੌਰ ਸਿੰਘ ਧਨੌਲਾ, ਸਿੰਦਰ ਧੌਲਾ, ਸੁਖਦੇਵ ਸਿੰਘ ਔਲਖ, ਦਵਿੰਦਰ ਸਿੰਘ ਸੰਘੇੜਾ, ਰਾਮ ਸਿੰਘ ਬੀਹਲਾ, ਡਾ. ਉਜਾਗਰ ਸਿੰਘ ਮਾਨ, ਗੁਰਜੰਟ ਸਿੰਘ ਬਰਨਾਲਾ, ਐਸਪੀ ਕਾਲੇਕੇ, ਜਗਰਾਜ ਚੰਦ ਰਾਏਸਰ, ਪਵਨ ਕੁਮਾਰ ਹੋਸ਼ੀ, ਸੁਰਜੀਤ ਸਿੰਘ ਮੌਜੀ, ਸੁਖਵਿੰਦਰ ਸਿੰਘ ਸਨੇਹ, ਬੱਲੀ ਬਲਜਿੰਦਰ ਈਲਵਾਲ, ਰੁਪਿੰਦਰ ਕੌਰ ਸ਼ਹਿਣਾ, ਜਸਵਿੰਦਰ ਕੌਰ ਘਨੌਰੀ, ਗੁਰਤੇਜ ਸਿੰਘ, ਮੱਖਣ, ਹਾਕਮ ਸਿੰਘ ਰੂੜੇਕੇ, ਅਮਰਜੀਤ ਸਿੰਘ, ਅਮਨ ਧੂਰੀ, ਸੁਰਿੰਦਰ ਸ਼ਰਮਾ, ਨਾਗਰਾ, ਰਘਵੀਰ ਸਿੰਘ ਗਿੱਲ ਕੱਟੂ, ਭਰਪੂਰ ਸਿੰਘ ਗਰਚਾ, ਜਤਿੰਦਰ ਸਿੰਘ ਉਪਲੀ, ਸਰੂਪ ਚੰਦ ਹਰੀਗੜ, ਬਹਾਦਰ ਸਿੰਘ ਧੌਲਾ, ਸੁਰਿੰਦਰ ਬਾਵਾ, ਪਰਮਜੀਤ ਕੌਰ ਜੋਧਪੁਰ ਤੇ ਚਰਨਜੀਤ ਕੌਰ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ ।ਉਪਰੰਤ ਸਭਾ ਵੱਲੋਂ ਡਾ ਇਕਬਾਲ ਸਿੰਘ ਸਕਰੌਦੀ ਦਾ ਸਨਮਾਨ ਕੀਤਾ ਗਿਆ।