- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਲ੍ਹਾ ਬਰਨਾਲਾ ’ਚ 101 ਖਰੀਦ ਕੇਂਦਰ ਸਥਾਪਿਤ:ਡੀਐਮਓ

- ਪਿਛਲੇ ਵਰ੍ਹੇ ਹਾੜੀ ਸੀਜਨ ’ਚ ਕੁੱਲ 46,87,447 ਕੁਇੰਟਲ ਕਣਕ ਪੁੱਜੀ ਸੀ ਮੰਡੀਆਂ ’ਚ
- ਜ਼ਿਲ੍ਹੇ ਦੀਆਂ ਪੰਜੇ ਕਮੇਟੀਆਂ ’ਚ ਪੱਕੇ ਕੱਚੇ ਖ਼ਰੀਦ ਕੇਂਦਰਾਂ ’ਤੇ ਰਹੇਗੀ ਸੈਕਟਰੀ ਦੀ ਬਾਜ ਅੱਖ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪੰਜਾਬ ਸਰਕਾਰ ਤੇ ਪੰਜਾਬ ਮੰਡੀ ਬੋਰਡ ਦੀ ਹਦਾਇਤਾਂ ਅਨੁਸਾਰ ਹਾੜੀ ਸੀਜਨ 1 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ। ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੀਆਂ ਪੰਜੇ ਮਾਰਕੀਟ ਕਮੇਟੀਆਂ ਦੇ ਸਥਾਪਿਤ ਕੀਤੇ ਖਰੀਦ ਕੇਂਦਰਾਂ ’ਚ ਪ੍ਰਬੰਧ ਵੀ ਲਗਭਗ ਮੁਕੰਮਲ ਹੋ ਚੁੱਕੇ ਹਨ। ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਕੁੱਲ 101 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵੀ ਮੌਸਮ ਦੇ ਸਾਫ ਹੁੰਦਿਆਂ ਮੰਡੀਆਂ ’ਚ ਕਿਸਾਨਾਂ ਵੱਲੋਂ ਇਕਦਮ ਕਣਕ ਦੇ ਅੰਬਾਰ ਨਾ ਲੱਗਣ, ਜਿਸ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਅਧੀਨ 45 ਆਰਜੀ ਯਾਰਡ ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਮੌਸਮ ਦੇ ਬਦਲਦੇ ਮਿਜਾਜ਼ ਕਰ ਕੇ ਹਾਲੇ ਹਾੜੀ ਦੀ ਫਸਲ ਖੇਤਾਂ ’ਚ ਹੀ ਖੜ੍ਹੀ ਹੈ। ਜਿਲ੍ਹਾ ਬਰਨਾਲਾ ’ਚ ਇਹ ਫਸਲ 10 ਅਪ੍ਰੈਲ ਦੇ ਕਰੀਬ ਅਨਾਜ ਮੰਡੀਆਂ ’ਚ ਪੁੱਜਣ ਦੀ ਸੰਭਾਵਨਾ ਹੈ। ਸਾਰੇ ਮੁੱਖ ਯਾਰਡਾਂ ’ਚ ਸੀਜਨਲ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਬਾਕੀ ਖਰੀਦ ਕੇਂਦਰਾਂ ’ਚ ਪ੍ਰਬੰਧ ਮੁਕੰਮਲ ਕਰਨ ਦੀ ਪ੍ਰਕ੍ਰਿਰਿਆ ਚੱਲ ਰਹੀ ਹੈ ਤੇ ਮੰਡੀਆਂ ’ਚ ਕਣਕ ਦੀ ਆਮਦ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਖਰੀਦ ਕੇਂਦਰਾਂ ’ਚ ਸੀਜਨਲ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਹਾੜੀ ਸੀਜਨ 2026 ਲਈ ਪੰਜਾਬ ਸਰਕਾਰ ਤੇ ਪੰਜਾਬ ਮੰਡੀ ਬੋਰਡ ਵੱਲੋਂ ਜੋ ਵੀ ਸਮੇਂ ਸਮੇਂ ’ਤੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ, ਮੰਡੀਆਂ ’ਚ ਉਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ।
- ਪਿਛਲੇ ਵਰ੍ਹੇ ਹਾੜੀ ਸੀਜਨ ’ਚ ਕੁੱਲ 46,87,447 ਕੁਇੰਟਲ ਕਣਕ ਪੁੱਜੀ ਸੀ ਮੰਡੀਆਂ ’ਚ
ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਨੇ ਪਿਛਲੇ ਵਰ੍ਹੇ ਦੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸੀਜਨ 2025 ’ਚ ਹਾੜੀ ਦੇ ਸੀਜਨ ’ਚ ਕੁੱਲ 46,87,447 ਕੁਇੰਟਲ ਕਣਕ ਬਰਨਾਲਾ ਦੀਆਂ ਅਨਾਜ ਮੰਡੀਆਂ ’ਚ ਪੁੱਜੀ ਸੀ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਕਿਸਾਨਾਂ ਦੇ ਦੱਸਣ ਅਨੁਸਾਰ ਜੇਕਰ ਹੁਣ ਕੋਈ ਮੌਸਮੀ ਮਾਰ ਨਾ ਪਈ ਤਾਂ ਇਹ ਅੰਕੜੇ ਵਧਣ ਦੇ ਆਸਾਰ ਹਨ। ਖਰੀਦ ਕੇਂਦਰਾਂ ਦੇ ਪ੍ਰਬੰਧਾਂ ਤੋਂ ਸੰਤੁਸ਼ਟੀ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਤੇ ਆੜ੍ਹਤੀਆਂ ਨੂੰ ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ ਜਾਵੇਗੀ। ਕਿਸੇ ਕਿਸਾਨ ਨੂੰ ਵੀ ਕਣਕ ਵੇਚਣ ਆਇਆਂ ਅਨਾਜ ਮੰਡੀ ’ਚ ਤੇ ਆੜਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਖਰੀਦ ਏਜੰਸੀਆਂ ਦੇ ਤਾਲਮੇਲ ਨਾਲ ਢੋਆ ਢੁਆਈ ਤੱਕ ਜਿਲ੍ਹਾ ਮੰਡੀ ਬੋਰਡ ਵੱਲੋਂ ਵਿਸ਼ੇਸ਼ ਟੀਮਾਂ ਤਾਇਨਾਤ ਕਰਕੇ ਇਸ ਹਾੜੀ ਦੇ ਸੀਜਨ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
- ਜ਼ਿਲ੍ਹੇ ਦੀਆਂ ਪੰਜੇ ਕਮੇਟੀਆਂ ’ਚ ਪੱਕੇ ਕੱਚੇ ਖਰੀਦ ਕੇਂਦਰਾਂ ’ਤੇ ਰਹੇਗੀ ਸੈਕਟਰੀ ਦੀ ਬਾਜ ਅੱਖ
ਜ਼ਿਲ੍ਹਾ ਮੰਡੀ ਬੋਰਡ ਅਧੀਨ ਆਉਂਦੀਆਂ ਜਿਲ੍ਹੇ ਦੀਆਂ ਪੰਜੇ ਮਾਰਕੀਟ ਕਮੇਟੀਆਂ ਦੇ ਸੈਕਟਰੀਆਂ ਦੀ ਕੱਚੇ ਪੱਕੇ ਖਰੀਦ ਕੇਂਦਰਾਂ ’ਤੇ ਬਾਜ ਅੱਖ ਰਹੇਗੀ। ਮਾਰਕੀਟ ਕਮੇਟੀ ਬਰਨਾਲਾ ਦੇ ਸੈਕਟਰੀ ਜਸਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 22 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਤੇ 10 ਆਰਜੀ ਯਾਰਡ ਘੋਸ਼ਿਤ ਕੀਤੇ ਹਨ। ਇਸੇ ਤਰ੍ਹਾਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸੈਕਟਰੀ ਡੀਨ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 24 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਤੇ 14 ਆਰਜੀ ਯਾਰਡ ਐਲਾਨੇ ਗਏ ਹਨ। ਮਾਰਕੀਟ ਕਮੇਟੀ ਧਨੌਲਾ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 17 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਤੇ 7 ਆਰਜੀ ਯਾਰਡ ਘੋਸ਼ਿਤ ਕੀਤੇ ਹਨ। ਮਾਰਕੀਟ ਕਮੇਟੀ ਭਦੌੜ ਦੇ ਸੈਕਟਰੀ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 14 ਖਰੀਦ ਕੇਂਦਰ ਸਥਾਪਿਤ ਕੀਤੇ ਹਨ ਤੇ 6 ਆਰਜੀ ਯਾਰਡ ਘੋਸ਼ਿਤ ਕੀਤੇ ਹਨ। ਇਸੇ ਤਰ੍ਹਾਂ ਹੀ ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 24 ਖਰੀਦ ਕੇਂਦਰ ਸਥਾਪਿਤ ਕੀਤੇ ਹਨ ਤੇ 8 ਆਰਜੀ ਯਾਰਡ ਐਲਾਨ ਕੀਤੇ ਹਨ।