ਕੀ ਤਿਕੋਣਾ ਸਿਆਸੀ ਸਮਝੌਤਾ ਤੈਅ ਕਰੇਗਾ ਸ਼੍ਰੋਮਣੀ ਕਮੇਟੀ ਦਾ ਅਗਲਾ ਪ੍ਰਧਾਨ? ਐਡਵੋਕੇਟ ਧਾਮੀ ਤੇ ਬੀਬੀ ਜਗੀਰ ਕੌਰ ਦੇ ਨਾਂ ਸਣੇ ਇਹ ਵੀ ਚਰਚਾ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 20 ਨਵੰਬਰ ਨੂੰ ਹੋਣ ਵਾਲੇ ਸਾਲਾਨਾ ਜਨਰਲ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿਚਾਲੇ ਸਿਆਸੀ ਸਮਝੌਤੇ ਦੀ ਚਰਚਾ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ ਇਹ ਸਮਝੌਤਾ ਦੀਵਾਲੀ ਤੋਂ ਬਾਅਦ ਅਤੇ ਜਨਰਲ ਇਜਲਾਸ ਤੋਂ ਪਹਿਲਾਂ ਹੋ ਸਕਦਾ ਹੈ। ਚਰਚਾ ਹੈ ਕਿ ਇਸ ਤਹਿਤ ਅਕਾਲੀ ਦਲ ਨੂੰ 65, ਭਾਜਪਾ ਨੂੰ 40 ਅਤੇ ਪੁਨਰ ਸੁਰਜੀਤ ਧੜੇ ਨੂੰ 12 ਵਿਧਾਨ ਸਭਾ ਹਲਕੇ ਮਿਲ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਲਕਿਆਂ ਤੋਂ ਸਾਰੇ ਉਮੀਦਵਾਰ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਸਕਦੇ ਹਨ।
Publish Date: Tue, 03 Nov 2026 09:47 AM (IST)
Updated Date: Tue, 03 Nov 2026 09:48 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 20 ਨਵੰਬਰ ਨੂੰ ਹੋਣ ਵਾਲੇ ਸਾਲਾਨਾ ਜਨਰਲ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿਚਾਲੇ ਸਿਆਸੀ ਸਮਝੌਤੇ ਦੀ ਚਰਚਾ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ ਇਹ ਸਮਝੌਤਾ ਦੀਵਾਲੀ ਤੋਂ ਬਾਅਦ ਅਤੇ ਜਨਰਲ ਇਜਲਾਸ ਤੋਂ ਪਹਿਲਾਂ ਹੋ ਸਕਦਾ ਹੈ। ਚਰਚਾ ਹੈ ਕਿ ਇਸ ਤਹਿਤ ਅਕਾਲੀ ਦਲ ਨੂੰ 65, ਭਾਜਪਾ ਨੂੰ 40 ਅਤੇ ਪੁਨਰ ਸੁਰਜੀਤ ਧੜੇ ਨੂੰ 12 ਵਿਧਾਨ ਸਭਾ ਹਲਕੇ ਮਿਲ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਲਕਿਆਂ ਤੋਂ ਸਾਰੇ ਉਮੀਦਵਾਰ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਸਕਦੇ ਹਨ।
ਇਸ ਸੰਭਾਵੀ ਸਮਝੌਤੇ ਦਾ ਅਸਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ’ਤੇ ਵੀ ਪੈਣ ਦੇ ਕਿਆਸ ਲਾਏ ਜਾ ਰਹੇ ਹਨ। ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ਦੀ ਪਹਿਲੀ ਪਸੰਦ ਮੰਨਿਆ ਜਾ ਰਿਹਾ ਹੈ, ਜਦਕਿ ਬੀਬੀ ਜਗੀਰ ਕੌਰ ਦਾ ਨਾਂ ਵੀ ਅਗਲੇ ਪ੍ਰਧਾਨ ਦੇ ਅਹੁਦੇ ਲਈ ਚਰਚਾ ਵਿੱਚ ਹੈ। ਇਸੇ ਤਰ੍ਹਾਂ ਪੁਨਰ ਸੁਰਜੀਤ ਧੜੇ ਦੇ ਆਗੂ ਆਪਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਲਈ ਧਾਰਮਿਕ ਖੇਤਰ ਵਿੱਚ ਕੋਈ ਸਤਿਕਾਰਤ ਅਹੁਦਾ ਦਿਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਸੂਤਰਾਂ ਅਨੁਸਾਰ 2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਦੇ ਵੋਟ ਗਰਾਫ ਨੂੰ ਧਿਆਨ ਵਿੱਚ ਰੱਖਦਿਆਂ ਸਮਝੌਤੇ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਹੋ ਰਿਹਾ ਹੈ। ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਲੰਮਾ ਸਮਾਂ ਪੰਜਾਬ ਦੀ ਸਿਆਸਤ ਦਾ ਅਹਿਮ ਹਿੱਸਾ ਰਿਹਾ ਹੈ। ਹੁਣ ਪੁਨਰ ਸੁਰਜੀਤ ਧੜੇ ਦੀ ਸਿਆਸੀ ਪਕੜ ਅਤੇ ਆਗੂਆਂ ਦੀ ਭੂਮਿਕਾ ਨੂੰ ਵੀ ਸਮਝੌਤੇ ਵਿੱਚ ਧਿਆਨ ਵਿੱਚ ਰੱਖੇ ਜਾਣ ਦੀ ਚਰਚਾ ਹੈ।
ਸੂਤਰਾਂ ਦਾ ਦਾਅਵਾ ਹੈ ਕਿ ਇਸ ਸਮਝੌਤੇ ਰਾਹੀਂ ਪੰਜਾਬ ਨਾਲ ਸਬੰਧਤ ਕੁਝ ਲਟਕਦੇ ਮੁੱਦੇ ਵੀ ਕੇਂਦਰ ਸਰਕਾਰ ਕੋਲ ਉਠਾਏ ਜਾ ਸਕਦੇ ਹਨ। ਇਨ੍ਹਾਂ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਅਟਾਰੀ ਸਰਹੱਦ ਰਾਹੀਂ ਆਮ ਲੋਕਾਂ ਦੀ ਆਵਾਜਾਈ ਮੁੜ ਸ਼ੁਰੂ ਕਰਨਾ ਅਤੇ ਪੰਜਾਬ ਦੇ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਦਾ ਮਾਮਲਾ ਸ਼ਾਮਲ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਹ ਸਮਝੌਤਾ 18 ਨਵੰਬਰ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਤਿੰਨਾਂ ਧਿਰਾਂ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।