ਪੈਦਲ ਯਾਤਰਾ ਦਾ ਕੀਤਾ ਨਿੱਘਾ ਸਵਾਗਤ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਬੰਦੀ ਛੋੜ ਦਿਵਸ ਅਤੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਸ਼ੁਰੂ ਕੀਤੀ ਗਈ ਸਿੱਖ ਚੌਕੀ ਪਰੰਪਰਾ ਦੀ ਯਾਦ ਨੂੰ ਸਮਰਪਿਤ ਸ੍ਰੀ
Publish Date: Thu, 10 Sep 2026 04:58 PM (IST)
Updated Date: Thu, 10 Sep 2026 05:01 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਬੰਦੀ ਛੋੜ ਦਿਵਸ ਅਤੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਸ਼ੁਰੂ ਕੀਤੀ ਗਈ ਸਿੱਖ ਚੌਕੀ ਪਰੰਪਰਾ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ, ਮੱਧ ਪ੍ਰਦੇਸ਼ ਤੱਕ ਕੱਢੀ ਜਾ ਰਹੀ ਛੇਵੀਂ ਸੰਗਤ ਦਰਸ਼ਨ ਪੈਦਲ ਯਾਤਰਾ ਦਾ ਜੰਡਿਆਲਾ ਗੁਰੂ ਵਿਖੇ ਜੀਟੀ ਰੋਡ ਸਥਿਤ ਗੁਰਦਾਸਪੁਰੀਆ ਢਾਬੇ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਰਵਾਨਾ ਹੋਈ ਇਹ ਯਾਤਰਾ ਵੱਖ-ਵੱਖ ਇਤਿਹਾਸਕ ਸਥਾਨਾਂ ਅਤੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਦੀ ਹੋਈ ਆਪਣੇ ਅਗਲੇ ਪੜਾਵਾਂ ਵੱਲ ਵੱਧ ਰਹੀ ਹੈ। ਯਾਤਰਾ ਵਿਚ ਸ਼ਾਮਲ ਸੰਗਤ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਸੰਗਤ ਨੂੰ ਸਿੱਖ ਇਤਿਹਾਸ, ਬੰਦੀ ਛੋੜ ਦਿਵਸ ਦੀ ਮਹੱਤਤਾ ਅਤੇ ਗੁਰੂ ਘਰ ਨਾਲ ਜੋੜਣਾ ਹੈ। ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਆਪਣੀ ਮਹਾਨ ਸਿੱਖ ਵਿਰਾਸਤ ਨਾਲ ਜੋੜਣ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ। ਯਾਤਰਾ ਦੇ ਪਹਿਲੇ ਪੜਾਅ ਦੌਰਾਨ ਸੰਗਤ ਪੈਦਲ ਮਿਹਰਬਾਨਪੁਰਾ ਪਹੁੰਚੀ ਅਤੇ ਵੱਖ-ਵੱਖ ਰਸਤਿਆਂ ਰਾਹੀਂ ਹੁੰਦੀ ਹੋਈ ਜੰਡਿਆਲਾ ਗੁਰੂ ਇਲਾਕੇ ਵਿਚ ਸਥਿਤ ਗੁਰਦਾਸਪੁਰੀਆ ਢਾਬੇ ’ਤੇ ਪਹੁੰਚੀ। ਇੱਥੇ ਢਾਬੇ ਦੇ ਮਾਲਕ ਸੁਖਬੀਰ ਸਿੰਘ ਅਤੇ ਹੋਰ ਸੰਗਤ ਵੱਲੋਂ ਯਾਤਰਾ ਵਿਚ ਸ਼ਾਮਲ ਸੇਵਾਦਾਰਾਂ ਅਤੇ ਸੰਗਤ ਦਾ ਪਿਆਰ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਨੇ ਦੱਸਿਆ ਕਿ ਯਾਤਰਾ ਵਿਚ ਸ਼ਾਮਲ ਸੰਗਤ ਲਈ ਪ੍ਰਸ਼ਾਦਾ-ਪਾਣੀ ਅਤੇ ਰਾਤ ਦੇ ਵਿਸ਼ਰਾਮ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੰਗਤ ਨੇ ਪ੍ਰਸ਼ਾਦਾ-ਪਾਣੀ ਛਕਿਆ ਅਤੇ ਨਾਮ ਸਿਮਰਨ ਕਰਦਿਆਂ ਰਾਤ ਵਿਸ਼ਰਾਮ ਕੀਤਾ। ਸੰਗਤ ਵੱਲੋਂ ਕੀਤੀ ਗਈ ਸੇਵਾ ਦੀ ਸ਼ਲਾਘਾ ਕਰਦਿਆਂ ਸੁਖਬੀਰ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਘਰ ਨਾਲ ਜੁੜਨ ਅਤੇ ਸਿੱਖੀ ਦੇ ਮਹਾਨ ਵਿਰਸੇ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ।