ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਪਿੰਡ ਵਾਸੀਆਂ 'ਚ ਰੋਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਿੰਡ ਸੁਲਤਾਨਵਿੰਡ ਸਥਿਤ ਕਾਰਗਿਲ ਸ਼ਹੀਦ ਗੁਰਮੀਤ ਸਿੰਘ ਗੇਟ ਕੋਲ ਸ਼ਰਾਬ ਦਾ ਠੇਕਾ ਹੋਣ ਦੇ ਵਿਰੋਧ 'ਚ ਮੰਗਲਵਾਰ ਨੂੰ ਪਿੰਡ ਵਾਸੀਆਂ ਵੱਲੋਂ ਰੋਸ
Publish Date: Tue, 22 Sep 2026 06:43 PM (IST)
Updated Date: Tue, 22 Sep 2026 06:45 PM (IST)
ਕਾਰਗਿਲ ਸ਼ਹੀਦ ਗੁਰਮੀਤ ਸਿੰਘ ਗੇਟ ਕੋਲ ਸ਼ਰਾਬ ਦੇ ਠੇਕੇ ਦਾ ਵਿਰੋਧ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਠੇਕਾ ਕਿਸੇ ਹੋਰ ਥਾਂ ਤੇ ਤਬਦੀਲ ਕਰਨ ਦੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਿੰਡ ਸੁਲਤਾਨਵਿੰਡ ਸਥਿਤ ਕਾਰਗਿਲ ਸ਼ਹੀਦ ਗੁਰਮੀਤ ਸਿੰਘ ਗੇਟ ਕੋਲ ਸ਼ਰਾਬ ਦਾ ਠੇਕਾ ਹੋਣ ਦੇ ਵਿਰੋਧ ਚ ਮੰਗਲਵਾਰ ਨੂੰ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸ਼ਰਾਬ ਦੇ ਠੇਕੇ ਨੂੰ ਤੁਰੰਤ ਕਿਸੇ ਹੋਰ ਢੁਕਵੀਂ ਥਾਂ ਤੇ ਤਬਦੀਲ ਕਰਨ ਦੀ ਮੰਗ ਕਰਦਿਆਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿੰਡ ਸੁਲਤਾਨਵਿੰਡ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ ਹੈ। ਇਹ ਪਿੰਡ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੈ ਅਤੇ ਇੱਥੇ ਗੁਰਦੁਆਰਾ ਅਟਾਰੀ ਸਾਹਿਬ ਵੀ ਸਥਿਤ ਹੈ, ਜਿੱਥੇ ਹਰ ਰੋਜ਼ ਵੱਡੀ ਗਿਣਤੀ ਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਹਨ। ਇਸ ਤੋਂ ਇਲਾਵਾ ਪਿੰਡ ਦੇ ਮਹਾਨ ਸ਼ਹੀਦ ਕਾਰਗਿਲ ਸ਼ਹੀਦ ਗੁਰਮੀਤ ਸਿੰਘ ਦੀ ਯਾਦ ਚ ਪਿੰਡ ਦੇ ਮੁੱਖ ਮਾਰਗ ਤੇ ਗੇਟ ਬਣਾਇਆ ਗਿਆ ਹੈ, ਜੋ ਪਿੰਡ ਵਾਸੀਆਂ ਲਈ ਸਨਮਾਨ ਅਤੇ ਸ਼ਰਧਾ ਦਾ ਪ੍ਰਤੀਕ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਰਾਬ ਦਾ ਠੇਕਾ ਕਾਰਗਿਲ ਸ਼ਹੀਦ ਗੁਰਮੀਤ ਸਿੰਘ ਗੇਟ ਦੇ ਬਿਲਕੁਲ ਕੋਲ ਸਥਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਦੀ ਯਾਦ ਚ ਬਣਾਇਆ ਗਿਆ ਗੇਟ ਅਤੇ ਥੋੜ੍ਹੀ ਦੂਰੀ ਤੇ ਹੀ ਗੁਰਦੁਆਰਾ ਅਟਾਰੀ ਸਾਹਿਬ ਧਾਰਮਿਕ ਅਸਥਾਨ ਹੋਣ ਦੇ ਬਾਵਜੂਦ ਇੱਥੇ ਸ਼ਰਾਬ ਦਾ ਠੇਕਾ ਹੋਣ ਨਾਲ ਲੋਕਾਂ ਚ ਰੋਸ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਮੁੱਖ ਮਾਰਗ ਤੇ ਸਥਿਤ ਹੋਣ ਕਾਰਨ ਇਸ ਥਾਂ ਤੋਂ ਹਰ ਰੋਜ਼ ਵੱਡੀ ਗਿਣਤੀ ਚ ਲੋਕਾਂ ਅਤੇ ਸ਼ਰਧਾਲੂਆਂ ਦੀ ਆਵਾਜਾਈ ਰਹਿੰਦੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਕਿਸੇ ਦੇ ਕਾਰੋਬਾਰ ਦਾ ਵਿਰੋਧ ਨਹੀਂ ਕਰ ਰਹੇ, ਪਰ ਸ਼ਰਾਬ ਦੇ ਠੇਕੇ ਲਈ ਥਾਂ ਦੀ ਚੋਣ ਕਰਦੇ ਸਮੇਂ ਲੋਕਾਂ ਦੀਆਂ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਨੂੰ ਧਿਆਨ ਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਨਾਂ ਤੇ ਬਣਾਏ ਗਏ ਗੇਟ ਦੇ ਬਿਲਕੁਲ ਨਾਲ ਸ਼ਰਾਬ ਦਾ ਠੇਕਾ ਹੋਣਾ ਠੀਕ ਨਹੀਂ ਹੈ ਅਤੇ ਇਸ ਨਾਲ ਪਿੰਡ ਵਾਸੀਆਂ ਚ ਲਗਾਤਾਰ ਨਾਰਾਜ਼ਗੀ ਬਣੀ ਹੋਈ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਮਾਮਲੇ ਦਾ ਢੁਕਵਾਂ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਠੇਕੇ ਨੂੰ ਕਿਸੇ ਹੋਰ ਢੁਕਵੀਂ ਥਾਂ ਤੇ ਤਬਦੀਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਪੱਪੂ, ਜਰਮਨਜੀਤ ਸਿੰਘ ਸੁਲਤਾਨਵਿੰਡ, ਕਿਸਾਨ ਆਗੂ ਬਾਊ ਰਾਜਪਾਲ ਸਿੰਘ, ਬਾਬਾ ਰਸਾਲ ਸਿੰਘ, ਇੰਦਰਜੀਤ ਸਿੰਘ ਸੋਨੂੰ ਮਾਹਲ, ਤਰਸੇਮ ਸਿੰਘ ਚੱਕੀਵਾਲੇ, ਪ੍ਰਧਾਨ ਜਸਬੀਰ ਸਿੰਘ ਮਾਂਗਾ, ਅਮਰਪਾਲ ਸਿੰਘ, ਸਤਬੀਰ ਸਿੰਘ, ਗੁਲਜ਼ਾਰ ਸਿੰਘ, ਕਾਬਲ ਸਿੰਘ, ਜਾਗੀਰ ਸਿੰਘ ਫੌਜੀ, ਸੁਖਰਾਜ ਸਿੰਘ, ਧਰਮਿੰਦਰ ਸਿੰਘ, ਗੁਰਜੀਵਨ ਸਿੰਘ, ਮੋਹਨ ਸਿੰਘ, ਕੰਵਲਜੀਤ ਸਿੰਘ, ਬਲਜਿੰਦਰ ਸਿੰਘ, ਬਲੀ ਸਿੰਘ ਆਦਿ ਮੌਜੂਦ ਸਨ।