ਤਰਨਤਾਰਨ ਰੋਡ ’ਤੇ ਚਾਰ ਡੇਅਰੀਆਂ ਖਾਲੀ ਕਰਵਾਉਣ ਦੌਰਾਨ ਕਿਸਾਨ ਯੂਨੀਅਨ ਨਾਲ ਦੋ ਘੰਟੇ ਬਹਿਸਬਾਜ਼ੀ, ਇਕ ਹਫਤੇ ਦਾ ਸਮਾਂ ਦਿੱਤਾ ਪੱਤਰ ਪੇ੍ਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਾਈਕੋਰਟ ਦੇ ਹੁਕਮਾਂ 'ਤੇ ਨਗਰ ਨਿਗਮ ਅੰਮ੍ਰਿਤਸਰ ਨੇ ਮੰਗਲਵਾਰ ਨੂੰ ਸਾਊਥ ਜ਼ੋਨ 'ਚ ਨਜਾਇਜ਼ ਪਸ਼ੂ ਡੇਅਰੀਆਂ ਖਿਲਾਫ ਕਾਰਵਾਈ ਕੀਤੀ।
Publish Date: Tue, 06 Oct 2026 06:55 PM (IST)
Updated Date: Tue, 06 Oct 2026 06:56 PM (IST)
ਗੁਰਦੁਆਰਾ ਸ਼ਹੀਦਾਂ ਸਾਹਿਬ ਰੋਡ-ਤਰਨਤਾਰਨ ਰੋਡ ਕਾਲੋਨੀ ’ਚ ਡੇਅਰੀਆਂ ’ਤੇ ਕਾਰਵਾਈ, ਵਿਰੋਧ ਹੋਇਆ ਪੱਤਰ ਪੇ੍ਰਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਾਈਕੋਰਟ ਦੇ ਹੁਕਮਾਂ ਤੇ ਨਗਰ ਨਿਗਮ ਅੰਮ੍ਰਿਤਸਰ ਨੇ ਮੰਗਲਵਾਰ ਨੂੰ ਸਾਊਥ ਜ਼ੋਨ ਚ ਨਜਾਇਜ਼ ਪਸ਼ੂ ਡੇਅਰੀਆਂ ਖਿਲਾਫ ਕਾਰਵਾਈ ਕੀਤੀ। ਇਸ ਚ ਗੁਰਦੁਆਰਾ ਸ਼ਹੀਦਾਂ ਸਾਹਿਬ ਰੋਡ ਅਤੇ ਤਰਨਤਾਰਨ ਰੋਡ ਕਲੋਨੀ ਚ ਸਥਿਤ 4 ਨਜਾਇਜ਼ ਪਸ਼ੂ ਡੇਅਰੀਆਂ ਨੂੰ ਖਾਲੀ ਕਰਵਾਇਆ ਗਿਆ। ਇਸ ਸਾਂਝੀ ਕਾਰਵਾਈ ਚ ਡਿਊਟੀ ਮੈਜਿਸਟਰੇਟ ਅੰਗਦ ਸਿੰਘ, ਸਾਊਥ ਜ਼ੋਨ ਸਿਹਤ ਵਿਭਾਗ ਦੀ ਟੀਮ, ਕੈਟਲ ਇੰਪਾਊਂਡ ਟੀਮ ਅਤੇ ਨਗਰ ਨਿਗਮ ਪੁਲਿਸ ਫੋਰਸ ਸ਼ਾਮਲ ਰਹੀ। ਇਸ ਦੌਰਾਨ ਡੇਅਰੀ ਮਾਲਕਾਂ ਨੇ ਕਾਰਵਾਈ ਦਾ ਵਿਰੋਧ ਵੀ ਕੀਤਾ। ਨਗਰ ਨਿਗਮ ਦੀ ਟੀਮ ਸਵੇਰੇ 9 ਵਜੇ ਕਾਰਵਾਈ ਲਈ ਪਹੁੰਚੀ ਸੀ। ਜਿਸ ਚ ਗੁਰਦੁਆਰਾ ਸ਼ਹੀਦਾਂ ਸਾਹਿਬ ਕੋਲ ਇਕ ਡੇਅਰੀ ਖਾਲੀ ਕਰਵਾਈ ਗਈ। ਇਸ ਤੋਂ ਬਾਅਦ ਟੀਮ ਤਰਨਤਾਰਨ ਰੋਡ ਪਹੁੰਚੀ, ਉੱਥੇ ਚਾਰ ਡੇਅਰੀਆਂ ਦੇ ਮਾਲਕਾਂ ਨੇ ਡੇਅਰੀ ਸ਼ਿਫਟਿੰਗ ਲਈ ਇੱਕ ਹਫਤੇ ਦਾ ਸਮਾਂ ਮੰਗਿਆ। ਇਸ ਤੋਂ ਪਹਿਲਾਂ ਕਿਸਾਨ ਯੂਨੀਅਨ ਦੇ ਮੈਂਬਰ ਵੀ ਡੇਅਰੀ ਵਾਲਿਆਂ ਦੇ ਹੱਕ ਚ ਪਹੁੰਚ ਗਏ। ਜਿਸ ਚ ਕਰੀਬ ਦੋ ਤੋਂ ਸਵਾ ਦੋ ਘੰਟੇ ਤੱਕ ਬਹਿਸਬਾਜ਼ੀ ਦਾ ਦੌਰ ਚੱਲਿਆ। ਡੇਅਰੀ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵਾਲਡ ਸਿਟੀ ਤੋਂ ਕੱਢਿਆ ਗਿਆ ਸੀ। ਉੱਥੇ ਹੀ ਹੁਣ ਵਾਲਡ ਸਿਟੀ ਦੇ ਬਾਹਰੀ ਹਿੱਸੇ ਤੋਂ ਵੀ ਕੱਢਿਆ ਜਾ ਰਿਹਾ ਹੈ। ਕਿਸਾਨ ਯੂਨੀਅਨ ਨੇ ਕਿਹਾ ਕਿ ਡੇਅਰੀ ਵਾਲਿਆਂ ਨੂੰ ਘੱਟ ਤੋਂ ਘੱਟ ਦੋ ਮਹੀਨੇ ਦਾ ਸਮਾਂ ਦਿੱਤਾ ਜਾਵੇ। ਇਸ ਤੇ ਡਿਊਟੀ ਮੈਜਿਸਟਰੇਟ ਨੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਇਕ ਹਫਤੇ ਚ ਡੇਅਰੀਆਂ ਖਾਲੀ ਕਰਨ ਲਈ ਕਿਹਾ। ਕਾਰਵਾਈ ਅੱਗੇ ਵੀ ਜਾਰੀ ਰਹੇਗੀ : ਨਿਗਮ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਨਿਗਮ ਹੱਦ ਦੇ ਅੰਦਰ ਪਸ਼ੂ ਡੇਅਰੀਆਂ ਤੇ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਅਪੀਲ ਕੀਤੀ ਕਿ ਡੇਅਰੀ ਮਾਲਕ ਆਪਣੇ ਪਸ਼ੂਆਂ ਨੂੰ ਨਗਰ ਨਿਗਮ ਦੀ ਹੱਦ ਤੋਂ ਸਥਾਈ ਤੌਰ ਤੇ ਬਾਹਰ ਲੈ ਜਾਣ। ਜੇਕਰ ਡੇਅਰੀ ਮਾਲਕ ਆਪਣੇ ਪਸ਼ੂਆਂ ਨੂੰ ਸਵੈ-ਇੱਛਾ ਨਾਲ ਨਗਰ ਨਿਗਮ ਦੀ ਹੱਦ ਤੋਂ ਬਾਹਰ ਨਹੀਂ ਲੈ ਜਾਂਦੇ ਹਨ, ਤਾਂ ਆਉਣ ਵਾਲੇ ਦਿਨਾਂ ਚ ਅਜਿਹੀਆਂ ਨਜਾਇਜ਼ ਡੇਅਰੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ। ਇਸ ਮੌਕੇ ਕਾਰਪੋਰੇਸ਼ਨ ਸੈਨੀਟੇਸ਼ਨ ਅਫਸਰ ਜੇਪੀ ਬੱਬਰ, ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਰਵਿੰਦਰ ਕੁਮਾਰ, ਚੰਦਨ ਪੁਰੀ, ਰਾਜਨ ਤੇ ਹੋਰ ਮੌਜੂਦ ਸਨ।