ਅੰਮ੍ਰਿਤਸਰ-ਤਰਨਤਾਰਨ ਬਾਈਪਾਸ ‘ਤੇ ਦਰਦਨਾਕ ਹਾਦਸਾ, ਟਿੱਪਰ ਨਾਲ ਟਕਰਾਉਣ ਮਗਰੋਂ ਸਕਾਰਪੀਓ ਨੂੰ ਲੱਗੀ ਅੱਗ; ਜ਼ਿੰਦਾ ਸੜਿਆ ਨੌਜਵਾਨ ਅੰਮ੍ਰਿਤਸਰ-ਤਰਨਤਾਰਨ ਬਾਈਪਾਸ ’ਤੇ ਮਾਨਾਂਵਾਲਾ ਨੇੜੇ ਸਕਾਰਪੀਓ ਅਤੇ ਲੁੱਕ ਨਾਲ ਭਰੇ ਟਿੱਪਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਸਕਾਰਪੀਓ ਵਿੱਚ ਫਸੇ 25 ਸਾਲਾ ਨੌਜਵਾਨ ਦੀ ਅੱਗ ਵਿੱਚ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਵਾਸੀ ਗੁਰਿੰਦਰ ਸਿੰਘ ਵਜੋਂ ਹੋਈ ਹੈ। ਉਹ ਘਰਾਂ ਵਿੱਚ ਪੀਵੀਸੀ ਫਿਟਿੰਗ ਦਾ ਕੰਮ ਕਰਦਾ ਸੀ ਅਤੇ ਸਮਾਨ ਲੈਣ ਲਈ ਅੰਮ੍ਰਿਤਸਰ ਜਾ ਰਿਹਾ ਸੀ।
Publish Date: Thu, 01 Oct 2026 03:55 PM (IST)
Updated Date: Thu, 01 Oct 2026 03:56 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ - ਅੰਮ੍ਰਿਤਸਰ-ਤਰਨਤਾਰਨ ਬਾਈਪਾਸ ’ਤੇ ਮਾਨਾਂਵਾਲਾ ਨੇੜੇ ਸਕਾਰਪੀਓ ਅਤੇ ਲੁੱਕ ਨਾਲ ਭਰੇ ਟਿੱਪਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਸਕਾਰਪੀਓ ਵਿੱਚ ਫਸੇ 25 ਸਾਲਾ ਨੌਜਵਾਨ ਦੀ ਅੱਗ ਵਿੱਚ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਵਾਸੀ ਗੁਰਿੰਦਰ ਸਿੰਘ ਵਜੋਂ ਹੋਈ ਹੈ। ਉਹ ਘਰਾਂ ਵਿੱਚ ਪੀਵੀਸੀ ਫਿਟਿੰਗ ਦਾ ਕੰਮ ਕਰਦਾ ਸੀ ਅਤੇ ਸਮਾਨ ਲੈਣ ਲਈ ਅੰਮ੍ਰਿਤਸਰ ਜਾ ਰਿਹਾ ਸੀ।
ਸਕਾਰਪੀਓ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਮਾਨਾਂਵਾਲਾ ਨੇੜੇ ਸਕਾਰਪੀਓ ਅੱਗੇ ਜਾ ਰਹੇ ਲੁੱਕ ਨਾਲ ਭਰੇ ਟਿੱਪਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਵਿੱਚ ਦੇਖਦੇ ਹੀ ਦੇਖਦੇ ਅੱਗ ਫੈਲ ਗਈ। ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਜਾਣ ਕਾਰਨ ਗੁਰਿੰਦਰ ਸਿੰਘ ਉਸ ਦੇ ਅੰਦਰ ਹੀ ਫਸ ਗਿਆ। ਅੱਗ ਦੀਆਂ ਤੇਜ਼ ਲਪਟਾਂ ਕਾਰਨ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਅਤੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸਾ ਹੁੰਦੇ ਹੀ ਆਸ-ਪਾਸ ਦੇ ਲੋਕ, ਰਾਹਗੀਰ ਅਤੇ ਢਾਬਾ ਸੰਚਾਲਕ ਮੌਕੇ ’ਤੇ ਪਹੁੰਚ ਗਏ। ਪੁਲਿਸ ਮੁਲਾਜ਼ਮਾਂ ਦੇ ਨਾਲ ਸਥਾਨਕ ਲੋਕਾਂ ਨੇ ਮੋਟਰ, ਪਾਣੀ ਦੀਆਂ ਪਾਈਪਾਂ ਅਤੇ ਕੀਟਨਾਸ਼ਕ ਦਵਾਈ ਛਿੜਕਣ ਵਾਲੀਆਂ ਟੈਂਕੀਆਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਤੇਜ਼ ਲਪਟਾਂ ਕਾਰਨ ਉਹ ਸਫਲ ਨਹੀਂ ਹੋ ਸਕੇ।