ਜਨਗਣਨਾ 2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਅੰਮ੍ਰਿਤਸਰ ਵਿਖੇ ਸ਼ੁਰੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜਨਗਣਨਾ 2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ ਹੋਈ। ਇਹ ਸਿਖਲਾਈ ਪ੍ਰੋਗਰਾਮ ਡਾਇਰੈਕਟੋਰੇਟ ਆਫ਼ ਸੈਂਸਸ ਆਪਰੇਸ਼ਨਜ਼ ਪੰਜਾਬ ਚੰਡੀਗੜ੍ਹ ਦੇ ਅਧੀਨ
Publish Date: Fri, 25 Sep 2026 04:21 PM (IST)
Updated Date: Fri, 25 Sep 2026 04:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜਨਗਣਨਾ 2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ ਹੋਈ। ਇਹ ਸਿਖਲਾਈ ਪ੍ਰੋਗਰਾਮ ਡਾਇਰੈਕਟੋਰੇਟ ਆਫ਼ ਸੈਂਸਸ ਆਪਰੇਸ਼ਨਜ਼ ਪੰਜਾਬ ਚੰਡੀਗੜ੍ਹ ਦੇ ਅਧੀਨ ਸੈਂਸਸ ਆਪਰੇਸ਼ਨਜ਼ ਅਥਾਰਟੀਜ਼ ਅੰਮ੍ਰਿਤਸਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ ਵਿਚ ਕੁੱਲ 40 ਫੀਲਡ ਟ੍ਰੇਨਰ ਭਾਗ ਲੈ ਰਹੇ ਹਨ। ਸਿਖਲਾਈ ਮੁਕੰਮਲ ਕਰਨ ਉਪਰੰਤ ਇਹ ਫੀਲਡ ਟ੍ਰੇਨਰ ਅੰਮ੍ਰਿਤਸਰ ਨਗਰ ਨਿਗਮ ਖੇਤਰ ਦੇ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ, ਜੋ ਆਬਾਦੀ ਦੀ ਗਣਨਾ ਦੇ ਜ਼ਮੀਨੀ ਪੱਧਰ ਦੇ ਕੰਮ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋਣਗੇ। 24 ਤੋਂ 26 ਸਤੰਬਰ 2026 ਤੱਕ ਚੱਲਣ ਵਾਲੇ ਇਸ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਆਬਾਦੀ ਗਣਨਾ ਨਾਲ ਸਬੰਧਤ ਸਾਰੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਗਣਨਾ ਸਮੇਂ ਪੁੱਛੇ ਜਾਣ ਵਾਲੇ 40 ਸਵਾਲਾਂ, ਉਨ੍ਹਾਂ ਨੂੰ ਪੁੱਛਣ ਦੇ ਸਹੀ ਢੰਗ ਅਤੇ ਸਟੀਕ ਤੇ ਭਰੋਸੇਯੋਗ ਜਨਗਣਨਾ ਅੰਕੜੇ ਇਕੱਠੇ ਕਰਨ ਲਈ ਇਨ੍ਹਾਂ ਸਵਾਲਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਪ ਚਲਾਉਣ ਅਤੇ ਵਰਤਣ ਸਬੰਧੀ ਵਿਹਾਰਕ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗਣਨਾ ਬਲਾਕਾਂ ਦੇ ਨਕਸ਼ੇ ਤਿਆਰ ਕਰਨ ਦੀ ਪ੍ਰਕਿਿਰਆ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ, ਤਾਂ ਜੋ ਖੇਤਰੀ ਪੱਧਰ ’ਤੇ ਗਣਨਾ ਦਾ ਕੰਮ ਸੁਚਾਰੂ ਅਤੇ ਵਿਵਸਥਿਤ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸ਼ਾਕਿਆ ਅਤੇ ਮਾਸਟਰ ਟ੍ਰੇਨਰ ਰਾਜਵਿੰਦਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਵੱਲੋਂ ਫੀਲਡ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਅਤੇ ਲਵਲੀਨ ਸ਼ਰਮਾ ਨੇ ਵੀ ਸਿਖਲਾਈ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਨੇ ਫੀਲਡ ਟ੍ਰੇਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ, ਸਟੀਕਤਾ ਅਤੇ ਆਪਸੀ ਤਾਲਮੇਲ ਨਾਲ ਨਿਭਾਉਣ, ਤਾਂ ਜੋ ਜਨਗਣਨਾ 2027 ਦੇ ਦੂਜੇ ਪੜਾਅ ਦਾ ਕੰਮ ਸੁਚਾਰੂ, ਵਿਵਸਥਿਤ ਅਤੇ ਸਹੀ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ। ਮੌਜੂਦਾ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ 26 ਸਤੰਬਰ ਨੂੰ ਸਮਾਪਤ ਹੋਵੇਗਾ।