ਜਨਗਣਨਾ 2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸੰਪੰਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਜਨਗਣਨਾ 2027 ਦੇ ਦੂਜੇ ਪੜਾਅ (ਫੇਜ਼-2-ਜਨਸੰਖਿਆ ਗਣਨਾ) ਤਹਿਤ ਫੀਲਡ ਟ੍ਰੇਨਰਾਂ ਲਈ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ ਵਿਖੇ 21 ਤੋਂ 23 ਸਤੰਬਰ 2026 ਤੱਕ ਕਰਵਾਈ ਗਈ ਤਿੰਨ ਰੋਜ਼ਾ ਟ੍ਰੇਨਿੰਗ ਅੱਜ
Publish Date: Thu, 24 Sep 2026 04:10 PM (IST)
Updated Date: Thu, 24 Sep 2026 04:12 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਜਨਗਣਨਾ 2027 ਦੇ ਦੂਜੇ ਪੜਾਅ (ਫੇਜ਼-2—ਜਨਸੰਖਿਆ ਗਣਨਾ) ਤਹਿਤ ਫੀਲਡ ਟ੍ਰੇਨਰਾਂ ਲਈ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ ਵਿਖੇ 21 ਤੋਂ 23 ਸਤੰਬਰ 2026 ਤੱਕ ਕਰਵਾਈ ਗਈ ਤਿੰਨ ਰੋਜ਼ਾ ਟ੍ਰੇਨਿੰਗ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ। ਇਹ ਟ੍ਰੇਨਿੰਗ ਪ੍ਰੋਗਰਾਮ ਜਨਗਣਨਾ ਕਾਰਜ ਡਾਇਰੈਕਟੋਰੇਟ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਦੇ ਜਨਗਣਨਾ ਅਧਿਕਾਰੀਆਂ ਵੱਲੋਂ ਕਰਵਾਇਆ ਗਿਆ। ਟ੍ਰੇਨਿੰਗ ਦੌਰਾਨ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸ਼ਾਕਿਆ ਅਤੇ ਮਾਸਟਰ ਟ੍ਰੇਨਰ ਰਾਜਵਿੰਦਰ ਸਿੰਘ, ਅਮ੍ਰਿਤਪਾਲ ਸਿੰਘ ਅਤੇ ਚਰਨਜੀਤ ਸਿੰਘ ਵੱਲੋਂ ਫੀਲਡ ਟ੍ਰੇਨਰਾਂ ਨੂੰ ਜਨਗਣਨਾ 2027 ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਤੇ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਸਰਕਾਰੀ ਕਾਲਜਾਂ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ, ਲੈਕਚਰਾਰਾਂ ਅਤੇ ਪ੍ਰੋਫੈਸਰਾਂ ਸਮੇਤ ਕੁੱਲ 60 ਫੀਲਡ ਟ੍ਰੇਨਰਾਂ ਨੇ ਭਾਗ ਲਿਆ। ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਫੀਲਡ ਟ੍ਰੇਨਰ ਅੱਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਗਣਕਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ। ਇਹ ਪ੍ਰਗਣਕ ਅਤੇ ਸੁਪਰਵਾਈਜ਼ਰ ਨਿਰਧਾਰਤ ਪ੍ਰਕਿਿਰਆ ਅਨੁਸਾਰ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਇਕੱਤਰ ਕਰਨਗੇ ਅਤੇ ਜਨਸੰਖਿਆ ਗਣਨਾ ਦਾ ਕੰਮ ਮੁਕੰਮਲ ਕਰਨਗੇ। ਟ੍ਰੇਨਿੰਗ ਦੌਰਾਨ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਸਮੇਂ ਪੁੱਛੇ ਜਾਣ ਵਾਲੇ 40 ਸਵਾਲਾਂ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਪੁੱਛਣ ਦੀ ਪ੍ਰਕਿਿਰਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪੀਈ ਐਪ ਚਲਾਉਣ ਸਬੰਧੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਭਾਗੀਦਾਰਾਂ ਨੂੰ ਗਣਨਾ ਬਲਾਕ ਦਾ ਨਕਸ਼ਾ ਤਿਆਰ ਕਰਨ, ਮੈਪਿੰਗ ਨਾਲ ਸਬੰਧਤ ਸੰਭਾਵਿਤ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵੀ ਵਿਹਾਰਕ ਸੈਸ਼ਨਾਂ ਰਾਹੀਂ ਜਾਣਕਾਰੀ ਦਿੱਤੀ ਗਈ। ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸ਼ਾਕਿਆ ਨੇ ਦੱਸਿਆ ਕਿ ਸੈਲਫ ਇਊਮੇਰੇਸ਼ਨ ਦਾ ਕੰਮ 16 ਨਵੰਬਰ ਤੋਂ 30 ਨਵੰਬਰ 2026 ਤੱਕ ਕਰਵਾਇਆ ਜਾਵੇਗਾ, ਜਦਕਿ ਅਸਲ ਜਨਸੰਖਿਆ ਗਣਨਾ ਦਾ ਕੰਮ 1 ਦਸੰਬਰ 2026 ਤੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਬੇਘਰ ਵਿਅਕਤੀ, ਜਿਨ੍ਹਾਂ ਦਾ ਕੋਈ ਸਥਾਈ ਠਿਕਾਣਾ ਨਹੀਂ ਹੈ, ਉਨ੍ਹਾਂ ਦੀ ਜਨਸੰਖਿਆ ਗਣਨਾ ਦਾ ਕੰਮ ਬਾਅਦ ਵਿੱਚ 4 ਜਨਵਰੀ 2027 ਤੋਂ ਟੀਮਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀਈ ਐਪ ਰਾਹੀਂ ਆਨਲਾਈਨ ਕੰਮ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਕੀਤਾ ਜਾ ਸਕੇਗਾ। ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਪ੍ਰਗਣਕਾਂ ਵੱਲੋਂ ਐਪ ਵਿੱਚ ਕੋਈ ਆਨਲਾਈਨ ਅਪਡੇਟ ਨਹੀਂ ਕੀਤਾ ਜਾ ਸਕੇਗਾ। ਇਸ ਮੌਕੇ ਡਿਪਟੀ ਈਐੱਸਏ (ਅੰਮ੍ਰਿਤਸਰ) ਐੱਸ. ਜਗਪਾਲ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਫੀਲਡ ਟ੍ਰੇਨਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ, ਸਹੀਪਣ, ਅਨੁਸ਼ਾਸਨ ਅਤੇ ਟੀਮ ਭਾਵਨਾ ਨਾਲ ਨਿਭਾਉਣ ਦੀ ਅਪੀਲ ਕੀਤੀ ਅਤੇ ਜਨਗਣਨਾ ਦੇ ਕੰਮ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ 15 ਅਤੇ 16 ਸਤੰਬਰ 2026 ਨੂੰ ਚਾਰਜ ਅਧਿਕਾਰੀਆਂ ਅਤੇ ਹੋਰ ਸਬੰਧਤ ਅਧਿਕਾਰੀਆਂ ਲਈ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ ਸੀ। ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਜਨਗਣਨਾ 2027 ਦੇ ਦੂਜੇ ਪੜਾਅ ਸਬੰਧੀ ਦਿਸ਼ਾ-ਨਿਰਦੇਸ਼ਾਂ ਵਾਲੇ ਮੋਡੀਊਲ ਦੀਆਂ ਪ੍ਰਿੰਟ ਕਾਪੀਆਂ ਅਤੇ ਹੋਰ ਲੋੜੀਂਦੀ ਟ੍ਰੇਨਿੰਗ ਸਮੱਗਰੀ ਦੀਆਂ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ।