Threat Call : ਪਾਕਿਸਤਾਨੀ ਡਾਨ ਭੱਟੀ ਦੀ ਅੰਮ੍ਰਿਤਸਰ 'ਚ ਦਸਤਕ, ਵ੍ਹਟਸਐਪ ਕਾਲ ਰਾਹੀਂ ਕਾਰੋਬਾਰੀ ਤੋਂ ਮੰਗੀ ਫਿਰੌਤੀ
ਪਾਕਿਸਤਾਨ ਦੇ ਖ਼ਤਰਨਾਕ ਡਾਨ ਸ਼ਹਿਜ਼ਾਦ ਭੱਟੀ ਨੇ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਝੰਡੇਰ ਖੇਤਰ ਵਿਚ ਦਸਤਕ ਦਿੱਤੀ ਹੈ। ਦੋਸ਼ੀ ਨੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਵ੍ਹਟਸਐਪ ਕਾਲ ਕੀਤੀ। ਉਸ ਨੇ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਹੈ।
Publish Date: Sun, 22 Feb 2026 07:13 PM (IST)
Updated Date: Sun, 22 Feb 2026 07:17 PM (IST)
ਪੱਤਰ ਪ੍ਰੇਰਕ, ਅੰਮ੍ਰਿਤਸਰ : ਪਾਕਿਸਤਾਨ ਦੇ ਖ਼ਤਰਨਾਕ ਡਾਨ ਸ਼ਹਿਜ਼ਾਦ ਭੱਟੀ ਨੇ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਝੰਡੇਰ ਖੇਤਰ ਵਿਚ ਦਸਤਕ ਦਿੱਤੀ ਹੈ। ਦੋਸ਼ੀ ਨੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਵ੍ਹਟਸਐਪ ਕਾਲ ਕੀਤੀ। ਉਸ ਨੇ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਹੈ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਖੌਫ ਵਿਚ ਹੈ। ਸ਼ਨਿਚਰਵਾਰ ਨੂੰ ਝੰਡੇਰ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ।
ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਤਿਹਗੜ੍ਹ ਚੂੜੀਆ ਰੋਡ ’ਤੇ ਚਾਂਦ ਐਵੀਨਿਊ ਦੇ ਰਹਿਣ ਵਾਲੇ ਕੰਵਲਦੀਪ ਸਿੰਘ ਨੇ ਝੰਡੇਰ ਪੁਲਿਸ ਥਾਣੇ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਰਹੱਦੀ ਪਿੰਡ ਵਿਛੋਆ ਵਿਚ ਪਰਫੈਕਟ ਪੋਲਟਰੀ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਨਾਂ ਤੋਂ ਰਜਿਸਟਰਡ ਕੰਪਨੀ ਦਾ ਮਾਲਕ ਹੈ। ਉਹ ਆਪਣੇ ਭਾਈਵਾਲ ਰਮਨਜੀਤ ਸਿੰਘ ਨਾਲ ਮਿਲ ਕੇ ਇਹ ਕੰਪਨੀ ਚਲਾਉਂਦਾ ਹੈ।
ਪਿਛਲੇ ਚਾਰ ਦਿਨਾਂ ਤੋਂ ਉਸ ਦੇ ਭਾਈਵਾਲ ਦੇ ਮੋਬਾਈਲ ਫੋਨ ’ਤੇ ਅਣਜਾਣ ਵਿਦੇਸ਼ੀ ਨੰਬਰਾਂ ਤੋਂ ਵ੍ਹਟਸਐਪ ਕਾਲਾਂ ਆ ਰਹੀਆਂ ਹਨ। ਦੋਸ਼ੀ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਸੰਦੇਸ਼ ਭੇਜ ਰਿਹਾ ਹੈ। ਕਾਲ ਕਰਨ ਵਾਲਾ ਆਪਣੀ ਪਛਾਣ ਸ਼ਹਿਜ਼ਾਦ ਭੱਟੀ ਵਜੋਂ ਦੱਸ ਰਿਹਾ ਹੈ, ਜੋ ਕਿ ਇਕ ਖਤਰਨਾਕ ਪਾਕਿਸਤਾਨੀ ਡਾਨ ਅਤੇ ਗੈਂਗਸਟਰ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਆਪਣੇ ਨਜ਼ਦੀਕੀ ਦੋਸਤਾਂ ਨਾਲ ਇਸ ਮਾਮਲੇ 'ਤੇ ਗੱਲ ਕੀਤੀ ਹੈ ਅਤੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।