ਸੱਤ ਮਹੀਨਿਆਂ ’ਚ ਖਤਮ ਹੋਵੇਗਾ ਝਬਾਲ ਰੋਡ ਤੇ ਨਰਾਇਣਗੜ੍ਹ ਤੋਂ ਕੂੜੇ ਦਾ ਪਹਾੜ, ਇਸੇ ਹਫਤੇ ਵਰਕਆਰਡਰ ਦੀ ਤਿਆਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰ ਦੇ ਦੋ ਮੁੱਖ ਸਥਾਨਾਂ ਤੋਂ ਅਗਲੇ 7 ਮਹੀਨਿਆਂ ਵਿਚ ਕੂੜੇ ਦੇ ਪਹਾੜ ਖਤਮ ਹੋਣ ਦੀ ਉਮੀਦ ਜਾਗੀ ਹੈ। ਇਸ ਵਿਚ ਝੱਬਾਲ ਰੋਡ ਅਤੇ
Publish Date: Mon, 12 Oct 2026 07:07 PM (IST)
Updated Date: Mon, 12 Oct 2026 07:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰ ਦੇ ਦੋ ਮੁੱਖ ਸਥਾਨਾਂ ਤੋਂ ਅਗਲੇ 7 ਮਹੀਨਿਆਂ ਵਿਚ ਕੂੜੇ ਦੇ ਪਹਾੜ ਖਤਮ ਹੋਣ ਦੀ ਉਮੀਦ ਜਾਗੀ ਹੈ। ਇਸ ਵਿਚ ਝੱਬਾਲ ਰੋਡ ਅਤੇ ਨਰਾਇਣਗੜ੍ਹ (ਛੇਹਰਟਾ) ਤੋਂ ਕੂੜਾ ਖਤਮ ਕਰਨ ਲਈ ਲਗਾਏ ਗਏ ਟੈਂਡਰ ਸਿਰੇ ਚੜ੍ਹ ਚੁੱਕੇ ਹਨ। ਉੱਥੇ ਹੀ ਦੋਵੇਂ ਟੈਂਡਰ ਚੰਡੀਗੜ੍ਹ ਤੋਂ ਵੈਟ ਹੋ ਕੇ ਆ ਗਏ ਹਨ। ਇਸ ਵਿਚ ਸਫਲ ਬੋਲੀਦਾਤਾ ਜੈ ਵਛਰਾਜ ਕੰਪਨੀ ਕੋਲ ਦੋਵੇਂ ਡੰਪ ਖਾਲੀ ਕਰਨ ਦਾ ਠੇਕਾ ਗਿਆ ਹੈ। ਝਬਾਲ ਰੋਡ ਤੇ ਜਮ੍ਹਾਂ 1,37,977 ਮੀਟ੍ਰਿਕ ਟਨ ਕੂੜੇ ਦੇ ਨਿਪਟਾਰੇ ਤੇ 4.22 ਕਰੋੜ ਰੁਪਏ ਖਰਚ ਹੋਣਗੇ। ਇਸੇ ਤਰ੍ਹਾਂ ਨਰਾਇਣਗੜ੍ਹ, ਛੇਹਰਟਾ ਵਿੱਚ ਜਮ੍ਹਾਂ 57,274 ਮੀਟ੍ਰਿਕ ਟਨ ਕੂੜੇ ਦੇ ਨਿਪਟਾਰੇ ਤੇ 1.75 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿਚ ਕੰਪਨੀ ਨੇ 306 ਰੁਪਏ ਪ੍ਰਤੀ ਮੀਟ੍ਰਿਕ ਟਨ ਦੇ ਹਿਸਾਬ ਨਾਲ ਬਾਇਓਰੇਮੀਡੀਏਸ਼ਨ ਲਈ ਟੈਂਡਰ ਭਰਿਆ ਸੀ। ਉੱਥੇ ਹੀ ਝਬਾਲ ਰੋਡ ਤੇ ਨਿਗਮ ਨੇ ਕੂੜਾ ਸੁੱਟਣਾ ਫਿਲਹਾਲ ਬੰਦ ਕੀਤਾ ਹੋਇਆ ਸੀ। ਇਸ ਵਿਚ ਆਸ-ਪਾਸ ਦੀਆਂ ਆਬਾਦੀਆਂ ਅਤੇ ਕੁਝ ਸੰਸਥਾਵਾਂ ਨੇ ਕੂੜਾ ਡੰਪ ਬਣਾਏ ਜਾਣ ਦਾ ਵਿਰੋਧ ਕੀਤਾ ਸੀ। ਇਨ੍ਹਾਂ ਥਾਵਾਂ ਤੋਂ ਕੂੜਾ ਡੰਪ ਖਤਮ ਹੋਣ ਤੇ ਵੱਡੀ ਆਬਾਦੀ ਨੂੰ ਸਾਫ ਵਾਤਾਵਰਣ ਮਿਲਣ ਨਾਲ ਬਿਮਾਰੀਆਂ ਤੋਂ ਨਿਜਾਤ ਮਿਲੇਗੀ। ਪੁਰਾਣੇ ਕੂੜੇ ਦੇ ਢੇਰਾਂ ਵਿੱਚ ਅੱਗ ਲੱਗਣ ਅਤੇ ਜ਼ਹਿਰੀਲੇ ਧੂੰਏਂ ਤੋਂ ਹੋਣ ਵਾਲੀ ਪਰੇਸ਼ਾਨੀ ਦਾ ਖਤਰਾ ਵੀ ਖਤਮ ਹੋਵੇਗਾ। ਭਗਤਾਂਵਾਲਾ ਦੇ ਬਾਕੀ ਬਚੇ ਕੂੜੇ ਦੀ ਵਿੱਤੀ ਬੋਲੀ ਖੁੱਲ੍ਹਣੀ ਬਾਕੀ ਨਗਰ ਨਿਗਮ ਵੱਲੋਂ ਇਨ੍ਹਾਂ ਦੋ ਸਾਈਟਾਂ ਤੋਂ ਇਲਾਵਾ ਭਗਤਾਂਵਾਲਾ ਡੰਪ ਤੋਂ 3.67 ਲੱਖ ਮੀਟ੍ਰਿਕ ਟਨ ਕੂੜਾ ਖਤਮ ਕਰਨ ਦਾ ਟੈਂਡਰ ਵੀ ਲਗਾਇਆ ਗਿਆ ਹੈ। ਇਸ ਵਿਚ ਤਕਨੀਕੀ ਬੋਲੀ ਖੁੱਲ੍ਹ ਚੁੱਕੀ ਹੈ ਪਰ ਵਿੱਤੀ ਬੋਲੀ ਖੁੱਲ੍ਹਣੀ ਅਜੇ ਬਾਕੀ ਹੈ। ਉੱਥੇ ਹੀ ਵਰਤਮਾਨ ਵਿਚ ਭਗਤਾਂਵਾਲਾ ਡੰਪ ਤੇ ਈਕੋ ਸਟੈਨ ਕੰਪਨੀ 11 ਲੱਖ ਮੀਟ੍ਰਿਕ ਟਨ ਕੂੜੇ ਵਿੱਚੋਂ ਕਰੀਬ 9 ਲੱਖ ਟਨ ਕੂੜੇ ਦੀ ਬਾਇਓਰੇਮੀਡੀਏਸ਼ਨ ਕਰ ਚੁੱਕੀ ਹੈ, ਬਾਕੀ ਬਚਣ ਵਾਲੇ 3.67 ਲੱਖ ਮੀਟ੍ਰਿਕ ਟਨ ਕੂੜੇ ਲਈ ਵੱਖਰੇ ਤੌਰ ਤੇ ਟੈਂਡਰ ਲਗਾਇਆ ਗਿਆ ਸੀ। ਨਰਾਇਣਗੜ੍ਹ ਵਿਚ 8 ਵਾਰਡਾਂ ਦਾ ਕੂੜਾ ਜਾ ਰਿਹਾ ਸੀ ਨਰਾਇਣਗੜ੍ਹ ਵਿਚ ਬਣੇ ਕੂੜੇ ਦੇ ਡੰਪ ਤੇ 8 ਵਾਰਡਾਂ ਦਾ ਕੂੜਾ ਜਾ ਰਿਹਾ ਸੀ। ਇਸ ਵਿਚ ਵਾਰਡ ਨੰਬਰ 78, 79, 80, 81, 82, 83, 84, 78 ਦਾ ਕੂੜਾ ਸ਼ਾਮਲ ਰਿਹਾ ਹੈ। ਇਸ ਕਾਰਨ ਨਰਾਇਣਗੜ੍ਹ ਵਿੱਚ ਗੰਦਗੀ ਫੈਲ ਰਹੀ ਸੀ, ਉੱਥੇ ਹੀ ਇਸ ਦੇ ਬਿਲਕੁਲ ਨੇੜੇ ਸ਼ਮਸ਼ਾਨਘਾਟ ਵੀ ਹੈ। ਅਜਿਹੇ ਵਿਚ ਉੱਥੋਂ ਲੰਘਣ ਵੇਲੇ ਨੱਕ ਤੇ ਰੁਮਾਲ ਰੱਖਣਾ ਪੈਂਦਾ ਸੀ। ਇੱਥੇ ਕੂੜਾ ਸੁੱਟੇ ਜਾਣ ਦਾ ਗੁਮਾਨਪੁਰਾ, ਬਾਸਰਕੇ ਭੈਣੀ ਅਤੇ ਸ਼ਿਵਪੁਰੀ ਕਮੇਟੀ ਨਰਾਇਣਗੜ੍ਹ ਨੇ ਵੀ ਵਿਰੋਧ ਕੀਤਾ ਸੀ। ਇਸ ਵਿਚ ਸਮਾਂਬੱਧ ਤਰੀਕੇ ਨਾਲ ਬਾਇਓਰੇਮੀਡੀਏਸ਼ਨ ਕਰਵਾ ਕੇ ਕੂੜਾ ਖਤਮ ਹੋਣਾ ਚਾਹੀਦਾ ਹੈ। ਉੱਥੇ ਹੀ ਭਵਿੱਖ ਵਿਚ ਦੁਬਾਰਾ ਕੂੜਾ ਡੰਪ ਨਾ ਬਣਨਾ ਵੀ ਯਕੀਨੀ ਕੀਤਾ ਜਾਣਾ ਚਾਹੀਦਾ ਹੈ। (ਕੌਂਸਲਰ ਰਮਨ ਰੰਮੀ, ਵਾਰਡ ਨੰਬਰ 80) ਝਬਾਲ ਰੋਡ ਡੰਪ ਖਤਮ ਕਰਕੇ ਸੈਰਗਾਹ ਬਣਾਈ ਜਾਵੇ ਝਬਾਲ ਰੋਡ ਤੇ ਕਈ ਦਹਾਕਿਆਂ ਤੋਂ ਕੂੜਾ ਸੁੱਟਿਆ ਜਾ ਰਿਹਾ ਸੀ। ਇਸ ਕਾਰਨ ਡੰਪ ਦੇ ਨਾਲ ਲੱਗਦੇ ਨਰਸਿੰਗ ਕਾਲਜ ਦੇ ਵਿਿਦਆਰਥੀ, ਪ੍ਰਬੰਧਨ ਅਤੇ ਕਈ ਕਲੋਨੀਆਂ ਦੇ ਲੋਕ ਪ੍ਰੇਸ਼ਾਨ ਸਨ। ਇਸ ਡੰਪ ਖਿਲਾਫ ਕਈ ਵਾਰ ਧਰਨੇ ਵੀ ਦਿੱਤੇ ਗਏ, ਉੱਥੇ ਹੀ ਰੋਜ਼ਾਨਾ ਕੂੜੇ ਵਿੱਚ ਅੱਗ ਲੱਗਣ ਕਾਰਨ ਜ਼ਹਿਰੀਲਾ ਧੂੰਆਂ ਕਈ ਕਿਲੋਮੀਟਰ ਤੱਕ ਫੈਲ ਜਾਂਦਾ ਸੀ। ਇੱਥੋਂ ਕੂੜਾ ਖਤਮ ਹੋਣ ਨਾਲ ਅੱਧਾ ਦਰਜਨ ਤੋਂ ਵੱਧ ਆਬਾਦੀਆਂ ਨੂੰ ਫਾਇਦਾ ਮਿਲੇਗਾ। ਇਸ ਥਾਂ ਤੋਂ ਕੂੜਾ ਖਤਮ ਕਰਕੇ ਖੇਡ ਦਾ ਮੈਦਾਨ ਅਤੇ ਸੈਰਗਾਹ ਬਣਨੀ ਚਾਹੀਦੀ ਹੈ। ਜੇਕਰ ਇਸ ਨੂੰ ਖਾਲੀ ਰੱਖਿਆ ਗਿਆ ਤਾਂ ਦੁਬਾਰਾ ਕੂੜਾ ਡੰਪ ਬਣਨ ਦਾ ਖਦਸ਼ਾ ਬਣਿਆ ਰਹੇਗਾ। (ਸਰਬਜੀਤ ਸਿੰਘ ਲਾਟੀ, ਕੌਂਸਲਰ ਪਤੀ, ਵਾਰਡ ਨੰਬਰ 69)