ਪੰਜਾਬ ਦੀ ਧਰਤੀ ਹਮੇਸ਼ਾ ਭਾਈਚਾਰਕ ਸਾਂਝ ਦਾ ਪ੍ਰਤੀਕ ਰਹੀ : ਬਰਾੜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਪੂਰਬੀ ਦੇ ਵਾਰਡ ਨੰਬਰ 34 ਫੋਕਲ ਪੁਆਇੰਟ ਵਿਖੇ ਭਗਵਾਨ ਵਿਸ਼ਵਕਰਮਾ ਦਿਵਸ ਅਤੇ ਗੋਵਰਧਨ ਪੂਜਾ ਦੇ ਸ਼ੁਭ ਮੌਕੇ ’ਤੇ ਰਾਸ਼ਟਰੀ ਬਿਹਾਰ ਵਿਕਾਸ ਮੰਚ (ਰਜਿ.) ਪੰਜਾਬ ਵੱਲੋਂ ਵਿਸ਼ੇਸ਼ ਧਾਰਮਿਕ ਸਮਾਗਮ
Publish Date: Wed, 11 Nov 2026 04:17 PM (IST)
Updated Date: Wed, 11 Nov 2026 04:18 PM (IST)
ਪਨਸਪ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਕੀਤੀ ਸ਼ਿਰਕਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਪੂਰਬੀ ਦੇ ਵਾਰਡ ਨੰਬਰ 34 ਫੋਕਲ ਪੁਆਇੰਟ ਵਿਖੇ ਭਗਵਾਨ ਵਿਸ਼ਵਕਰਮਾ ਦਿਵਸ ਅਤੇ ਗੋਵਰਧਨ ਪੂਜਾ ਦੇ ਸ਼ੁਭ ਮੌਕੇ ’ਤੇ ਰਾਸ਼ਟਰੀ ਬਿਹਾਰ ਵਿਕਾਸ ਮੰਚ (ਰਜਿ.) ਪੰਜਾਬ ਵੱਲੋਂ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪਨਸਪ ਦੇ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦੌਰਾਨ ਬਿਹਾਰ ਵਿਕਾਸ ਮੰਚ ਦੇ ਪ੍ਰਮੁੱਖ ਪ੍ਰਬੰਧਕ ਡਾ. ਮਹੀਪਾਲ ਅਤੇ ਸਾਰੀ ਕਮੇਟੀ ਵੱਲੋਂ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਮਾਣ-ਸਨਮਾਨ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਮੰਚ ਦੇ ਅਹੁਦੇਦਾਰ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਵਿਚ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ-ਅਰਚਨਾ ਅਤੇ ਗੋਵਰਧਨ ਪੂਜਾ ਵਿਧੀ-ਵਿਧਾਨ ਨਾਲ ਕੀਤੀ ਗਈ। ਸ਼ਰਧਾਲੂਆਂ ਨੇ ਭਗਵਾਨ ਅੱਗੇ ਮੱਥਾ ਟੇਕ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਕਾਰੋਬਾਰ ਵਿੱਚ ਤਰੱਕੀ ਲਈ ਅਰਦਾਸ ਕੀਤੀ। ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਸਮੂਹ ਸੰਗਤ ਨੂੰ ਭਗਵਾਨ ਵਿਸ਼ਵਕਰਮਾ ਦਿਵਸ ਅਤੇ ਗੋਵਰਧਨ ਪੂਜਾ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਸਿਰਜਣਾ, ਮਿਹਨਤ ਅਤੇ ਕਾਰੀਗਰੀ ਦੇ ਪ੍ਰਤੀਕ ਹਨ। ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਕਾਰੀਗਰ, ਮਜ਼ਦੂਰ ਅਤੇ ਉਦਯੋਗ ਜਗਤ ਤਰੱਕੀ ਕਰਦਾ ਹੈ। ਉਨ੍ਹਾਂ ਕਿਹਾ ਕਿ ਗੋਵਰਧਨ ਪੂਜਾ ਸਾਨੂੰ ਕੁਦਰਤ, ਵਾਤਾਵਰਣ, ਗਊ ਸੇਵਾ ਅਤੇ ਜੀਵ-ਜੰਤੂਆਂ ਪ੍ਰਤੀ ਸਤਿਕਾਰ ਦਾ ਸੰਦੇਸ਼ ਦਿੰਦੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਗੋਵਰਧਨ ਪਰਬਤ ਚੁੱਕ ਕੇ ਇਹ ਸਿਖਾਇਆ ਸੀ ਕਿ ਕੁਦਰਤ ਦੀ ਰੱਖਿਆ ਹੀ ਮਨੁੱਖਤਾ ਦੀ ਰੱਖਿਆ ਹੈ। ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਭਾਈਚਾਰਕ ਸਾਂਝ, ਸਦਭਾਵਨਾ ਅਤੇ ਸਰਬੱਤ ਦੇ ਭਲੇ ਦੀ ਧਰਤੀ ਰਹੀ ਹੈ। ਬਿਹਾਰ ਵਿਕਾਸ ਮੰਚ ਵੱਲੋਂ ਕਰਵਾਇਆ ਜਾ ਰਿਹਾ ਇਹ ਸਮਾਗਮ ਆਪਸੀ ਪਿਆਰ, ਏਕਤਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰੇਗਾ। ਪੰਜਾਬ ਵਿੱਚ ਰਹਿ ਰਹੇ ਹਰ ਵਰਗ, ਹਰ ਪ੍ਰਾਂਤ ਦੇ ਲੋਕ ਸਾਡੇ ਆਪਣੇ ਹਨ ਅਤੇ ਉਨ੍ਹਾਂ ਦੀ ਸੇਵਾ ਤੇ ਸਨਮਾਨ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਹਨਤਕਸ਼ ਵਰਗ, ਕਾਰੀਗਰਾਂ ਅਤੇ ਛੋਟੇ ਉਦਯੋਗਾਂ ਦੀ ਤਰੱਕੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਫੋਕਲ ਪੁਆਇੰਟ ਇੰਡਸਟਰੀਅਲ ਖੇਤਰ ਦੇ ਵਿਕਾਸ, ਸਫ਼ਾਈ, ਸੜਕਾਂ ਅਤੇ ਬੁਨਿਆਦੀ ਸਹੂਲਤਾਂ ਲਈ ਵੀ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਅੰਤ ਵਿੱਚ ਉਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ ਭਗਵਾਨ ਵਿਸ਼ਵਕਰਮਾ ਜੀ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਸਭ ’ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਹਰ ਘਰ ਵਿੱਚ ਸੁੱਖ, ਸ਼ਾਂਤੀ, ਸਿਹਤ ਅਤੇ ਖੁਸ਼ਹਾਲੀ ਆਵੇ।