ਖੇਡਾਂ ਵਤਨ ਪੰਜਾਬ ਦੀਆਂ-2026 ਦਾ ਚੌਥਾ ਸੀਜ਼ਨ ਸ਼ੁਰੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਦਾ ਆਗਾਜ਼ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 5 ਸਤੰਬਰ ਨੂੰ ਬਠਿੰਡਾ ਵਿਖੇ ਇਨ੍ਹਾਂ ਖੇਡਾਂ ਦਾ
Publish Date: Wed, 09 Sep 2026 06:32 PM (IST)
Updated Date: Wed, 09 Sep 2026 06:34 PM (IST)
ਜੇਤੂ ਖਿਡਾਰੀਆਂ ਨੂੰ 12 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਦੇ ਨਾਲ-ਨਾਲ ਗ੍ਰੇਡੇਸ਼ਨ ਸਰਟੀਫਿਕੇਟ ਵੀ ਦਿੱਤੇ ਜਾਣਗੇ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਦਾ ਆਗਾਜ਼ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 5 ਸਤੰਬਰ ਨੂੰ ਬਠਿੰਡਾ ਵਿਖੇ ਇਨ੍ਹਾਂ ਖੇਡਾਂ ਦਾ ਉਦਘਾਟਨ ਕੀਤਾ ਗਿਆ ਸੀ, ਜਦਕਿ ਸਮਾਪਤੀ ਸਮਾਰੋਹ 29 ਨਵੰਬਰ ਨੂੰ ਪਟਿਆਲਾ ਵਿਖੇ ਹੋਵੇਗਾ। ਇਹ ਜਾਣਕਾਰੀ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ, ਖੇਡ ਸੰਸਥਾਵਾਂ ਅਤੇ ਆਮ ਆਦਮੀ ਪਾਰਟੀ ਦੇ ਸਪੋਰਟਸ ਕੋਆਰਡੀਨੇਟਰਾਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਵਿਧਾਇਕ ਡਾ. ਨਿੱਜਰ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਪਹਿਲਾ ਸੀਜ਼ਨ ਮਾਨ ਸਰਕਾਰ ਵੱਲੋਂ ਸਾਲ 2022 ਵਿੱਚ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਖੇਡਾਂ ਵਿੱਚ ਹੁਣ ਤੱਕ ਪੰਜ ਲੱਖ ਤੱਕ ਖਿਡਾਰੀਆਂ ਦੀ ਸ਼ਮੂਲੀਅਤ ਰਹੀ ਹੈ ਅਤੇ ਇਸ ਸਾਲ 10 ਲੱਖ ਖਿਡਾਰੀਆਂ ਦੀ ਸ਼ਮੂਲੀਅਤ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ 9 ਉਮਰ ਵਰਗਾਂ ਵਿੱਚ 38 ਖੇਡਾਂ, ਇੱਕ ਪ੍ਰਦਰਸ਼ਨੀ ਖੇਡ (ਟੈਨਿਸ ਬਾਲ ਕ੍ਰਿਕਟ) ਅਤੇ 4 ਪੈਰਾ ਖੇਡਾਂ ਦੇ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਮੁੰਡਿਆਂ ਅਤੇ ਕੁੜੀਆਂ ਦੋਵਾਂ ਦੀ ਸ਼ਮੂਲੀਅਤ ਹੋਵੇਗੀ। ਜੇਤੂ ਖਿਡਾਰੀਆਂ ਨੂੰ 12 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਦੇ ਨਾਲ-ਨਾਲ ਗ੍ਰੇਡੇਸ਼ਨ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਅੰਡਰ-14, ਅੰਡਰ-17, ਅੰਡਰ-21, 21-30, 31-40, 41-50, 51-60, 61-70 ਅਤੇ 70 ਸਾਲ ਤੋਂ ਵੱਧ ਉਮਰ ਦੇ ਵਰਗ ਬਣਾਏ ਗਏ ਹਨ। ਡਾ. ਨਿੱਜਰ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿੱਚ 8 ਸਤੰਬਰ ਤੋਂ 18 ਸਤੰਬਰ ਤੱਕ ਬਲਾਕ ਪੱਧਰ ’ਤੇ 7 ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ ਅਥਲੈਟਿਕਸ, ਖੋ-ਖੋ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਫੁੱਟਬਾਲ, ਵਾਲੀਬਾਲ (ਸਮੈਸ਼ਿੰਗ) ਅਤੇ ਵਾਲੀਬਾਲ (ਸ਼ੂਟਿੰਗ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 20 ਸਤੰਬਰ ਤੋਂ 30 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰ ’ਤੇ ਬਲਾਕ ਪੱਧਰ ਦੀਆਂ 7 ਖੇਡਾਂ ਦੇ ਜੇਤੂਆਂ ਤੋਂ ਇਲਾਵਾ 21 ਹੋਰ ਖੇਡਾਂ ਦੇ ਮੁਕਾਬਲੇ ਸਿੱਧੇ ਜ਼ਿਲ੍ਹਾ ਪੱਧਰ ’ਤੇ ਕਰਵਾਏ ਜਾਣਗੇ। ਇਸ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ ਕੁੱਲ 28 ਖੇਡਾਂ ਹੋਣਗੀਆਂ। ਇਨ੍ਹਾਂ 21 ਖੇਡਾਂ ਵਿੱਚ ਹੈਂਡਬਾਲ, ਸਾਫਟਬਾਲ, ਜੂਡੋ, ਗਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰਲਿਫਟਿੰਗ, ਲਾਅਨ ਟੈਨਿਸ, ਰੈਸਲੰਿਗ, ਸਵੀਮਿੰਗ, ਬਾਕਸਿੰਗ, ਟੇਬਲ ਟੈਨਿਸ, ਵੇਟਲਿਫਟਿੰਗ, ਚੈੱਸ, ਸ਼ੂਟਿੰਗ, ਫੈਂਸਿੰਗ, ਰੋਲਰ ਸਕੇਟਿੰਗ ਅਤੇ ਆਰਚਰੀ ਸ਼ਾਮਲ ਹਨ। ਵਿਧਾਇਕ ਡਾ. ਨਿੱਜਰ ਨੇ ਦੱਸਿਆ ਕਿ 10 ਅਕਤੂਬਰ ਤੋਂ 23 ਨਵੰਬਰ ਤੱਕ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਸੂਬਾ ਪੱਧਰ ’ਤੇ ਜ਼ਿਲ੍ਹਾ ਪੱਧਰ ਦੀਆਂ 28 ਖੇਡਾਂ ਦੇ ਜੇਤੂਆਂ ਤੋਂ ਇਲਾਵਾ 10 ਹੋਰ ਖੇਡਾਂ ਸਿੱਧੀਆਂ ਸੂਬਾ ਪੱਧਰ ’ਤੇ ਸ਼ਾਮਲ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਸੂਬਾ ਪੱਧਰ ’ਤੇ ਕੁੱਲ 38 ਖੇਡਾਂ ਦੇ ਮੁਕਾਬਲੇ ਹੋਣਗੇ। ਇਨ੍ਹਾਂ 10 ਖੇਡਾਂ ਵਿੱਚ ਜਿਮਨਾਸਟਿਕ, ਰੋਇੰਗ, ਕੈਕਿੰਗ-ਕੈਨੋਇੰਗ, ਵੁਸ਼ੂ, ਰਗਬੀ, ਸਾਈਕਲੰਿਗ, ਘੁੜਸਵਾਰੀ, ਤਾਇਕਵਾਂਡੋ, ਬੇਸਬਾਲ ਅਤੇ ਕਰਾਟੇ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ 25 ਤੋਂ 28 ਨਵੰਬਰ ਤੱਕ ਚਾਰ ਪੈਰਾ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਵਿੱਚ ਪੈਰਾ ਪਾਵਰਲਿਫਟਿੰਗ, ਪੈਰਾ ਬੈਡਮਿੰਟਨ, ਵ੍ਹੀਲਚੇਅਰ ਬਾਸਕਟਬਾਲ ਅਤੇ ਪੈਰਾ ਅਥਲੈਟਿਕਸ ਸ਼ਾਮਲ ਹਨ। ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡ ਮੁਕਾਬਲਿਆਂ ਲਈ ਆਪਣਾ ਨਾਮ ਰਜਿਸਟਰਡ ਕਰਵਾ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ। ਉਨ੍ਹਾਂ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਨਾਲ ਸਰਟੀਫਿਕੇਟ ਵੀ ਦਿੱਤੇ ਜਾਣਗੇ ਅਤੇ ਪੰਜਾਬ ਸਰਕਾਰ ਦੀ ਨੀਤੀ ਤਹਿਤ ਇਨ੍ਹਾਂ ਖੇਡਾਂ ਦੇ ਜੇਤੂ ਖਿਡਾਰੀਆਂ ਲਈ ਖੇਡ ਕੋਟਾ ਵੀ ਰਾਖਵਾਂ ਹੋਵੇਗਾ। ਇਸ ਤੋਂ ਪਹਿਲਾਂ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਖਿਡਾਰੀਆਂ ਦੀ ਇਨ੍ਹਾਂ ਖੇਡਾਂ ਲਈ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ। ਉਨ੍ਹਾਂ ਖੇਡ ਸੰਸਥਾਵਾਂ ਅਤੇ ਆਮ ਆਦਮੀ ਪਾਰਟੀ ਦੇ ਸਪੋਰਟਸ ਕੋਆਰਡੀਨੇਟਰਾਂ ਨੂੰ ਵੀ ਇਨ੍ਹਾਂ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਹੋਰਨਾਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਕੀਤੀ।