ਅੰਮ੍ਰਿਤਸਰ ਦੇ ਇਤਿਹਾਸਕ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਛਠ ਪੂਜਾ ਦਾ ਤਿਉਹਾਰ
ਛੱਠਵ੍ਰਤੀ ਔਰਤਾਂ ਨੇ ਪਵਿੱਤਰ ਸਰੋਵਰ ’ਚ ਖੜ੍ਹੇ ਹੋ ਕੇ ਢਲਦੇ ਸੂਰਜ ਨੂੰ ਮੱਥਾ ਟੇਕਿਆ ਅਤੇ ਹਰ ਤਰ੍ਹਾਂ ਦੇ ਫੱਲ, ਮੇਵਾ, ਗੰਨੇ, ਪਕਵਾਨ ਤੇ ਹਰੀ ਸਬਜ਼ੀਆਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਪਹੁੰਚੀਆਂ ਔਰਤਾਂ ਨੇ ਛੱਠ ਮਾਤਾ ਤੋਂ ਪਰਿਵਾਰ ਦੀ ਖੁਸ਼ਹਾਲੀ ਦੀ ਪ੍ਰਾਥਨਾ ਕੀਤੀ।
Publish Date: Sun, 15 Nov 2026 04:23 PM (IST)
Updated Date: Sun, 15 Nov 2026 04:40 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਦੁਰਗਿਆਣਾ ਤੀਰਥ ’ਚ ਸ਼ਰਧਾਲੂਆਂ ਨੇ ਛਠ ਪੂਜਾ ਬੜੀ ਸ਼ਰਧਾ ਭਾਵਨਾ ਨਾਲ ਮੰਦਰ ਦੇ ਪਵਿੱਤਰ ਸਰੋਵਰ 'ਚ ਕੀਤੀ ਅਤੇ ਵੱਡੀ ਗਿਣਤੀ ’ਚ ਸ਼ਰਧਾਲੂ ਛੱਠ ਪੂਜਾ ’ਚ ਪਹੁੰਚੇ।
ਛੱਠਵ੍ਰਤੀ ਔਰਤਾਂ ਨੇ ਪਵਿੱਤਰ ਸਰੋਵਰ ’ਚ ਖੜ੍ਹੇ ਹੋ ਕੇ ਢਲਦੇ ਸੂਰਜ ਨੂੰ ਮੱਥਾ ਟੇਕਿਆ ਅਤੇ ਹਰ ਤਰ੍ਹਾਂ ਦੇ ਫੱਲ, ਮੇਵਾ, ਗੰਨੇ, ਪਕਵਾਨ ਤੇ ਹਰੀ ਸਬਜ਼ੀਆਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਪਹੁੰਚੀਆਂ ਔਰਤਾਂ ਨੇ ਛੱਠ ਮਾਤਾ ਤੋਂ ਪਰਿਵਾਰ ਦੀ ਖੁਸ਼ਹਾਲੀ ਦੀ ਪ੍ਰਾਥਨਾ ਕੀਤੀ।
ਦੱਸਣਯੋਗ ਹੈ ਕਿ ਛੱਠ ਮਾਤਾ ਦੇ ਵਰਤ ਬਾਰੇ ’ਚ ਮਾਨਤਾ ਹੈ ਕਿ ਸੂਰਜ ਦੇਵ ਦੀ ਭੈਣ ਛੱਠ ਮਾਤਾ ਨੂੰ ਖੁਸ਼ ਕਰਨ ਦੇ ਲਈ ਸ਼ਰਧਾਲੂਆਂ ਵੱਲੋਂ ਇਹ ਮੁਸ਼ਕਿਲ ਵਰਤ ਰੱਖ ਕੇ 36 ਘੰਟੇ ਦਾ (ਵਰਤ) ਕੀਤਾ ਜਾਂਦਾ ਹੈ, ਜਿਸ ਵਿਚ ਪਹਿਲੇ ਦਿਨ ਸ਼ਾਮ ਤੇ ਦੂਸਰੇ ਦਿਨ ਸਵੇਰੇ ਸੂਰਜ ਦੇਵਤਾ ਨੂੰ ਪਾਣੀ ਵਿਚ ਖੜ੍ਹੇ ਹੋ ਕੇ ਨਮਸਕਾਰ ਕੀਤਾ ਜਾਂਦਾ ਹੈ ਅਤੇ ਉਸ ਦੌਰਾਨ ਨਵ-ਵਿਆਹੁਤਾਵਾਂ ਨੂੰ ਪੁੱਤਰ ਪ੍ਰਾਪਤੀ ਲਈ ਪ੍ਰਸ਼ਾਦ ਦਿੱਤਾ ਜਾਂਦਾ ਹੈ, ਜਿਸ ਦੇ ਤਹਿਤ ਹਰ ਸਾਲ ਸ਼ਰਧਾਲੂ ਸ਼੍ਰੀ ਦੁਰਗਿਆਣਾ ਤੀਰਥ ਦੇ ਪਵਿੱਤਰ ਸਰੋਵਰ ’ਚ ਖੜ੍ਹੇ ਹੋ ਕੇ ਛੱਠ ਪੂਜਾ ਕਰਦੇ ਹਨ।
ਛੱਠ ਪੂਜਾ ਦੇ ਚਲਦੇ ਮੰਦਰ ਦੇ ਮੇਨ ਗੇਟ ਦੇ ਅੰਦਰ ਜਗ੍ਹਾ-ਜਗ੍ਹਾ 'ਤੇ ਸੁਸਾਇਟੀਆਂ ਵੱਲੋਂ ਸ਼ਰਧਾਲੂਆਂ ਦੇ ਲਈ ਲੰਗਰ ਲਗਾਏ ਗਏ। ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਅਤੇ ਜਨਰਲ ਸਕੱਤਰ ਅਰੂਣ ਖੰਨਾ ਨੇ ਸ਼ਰਧਾਲੂਆਂ ਨੂੰ ਛੱਠ ਪੂਜਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਹਰ ਸਾਲ ਛੱਠ ਪੂਜਾ ਵਿਚ ਵੱਡੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ। ਆਏ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਲੰਗਰ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸਦੇ ਨਾਲ ਹੀ ਮੰਦਰ ਦੇ ਵਿਚ ਲਾਈਟਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਹਨੇਰਾ ਹੋਣ ’ਤੇ ਸ਼ਰਧਾਲੂਆਂ ਨੂੰ ਪੂਜਾ ਕਰਨ ’ਚ ਕੋਈ ਮੁਸ਼ਕਿਲ ਨਾ ਹੋ ਸਕੇ।
ਸ਼ਰਧਾਲੂ ਸੰਗੀਤਾ ਦੇਵੀ, ਰਾਜੋ ਦੇਵੀ, ਨਿਰਮਲਾ ਦੇਵੀ, ਬਬੀਤਾ ਦੇਵੀ, ਸਰਿਤਾ ਦੇਵੀ ਅਤੇ ਹੋਰ ਸ਼ਰਧਾਲੂਆਂ ਨੇ ਕਿਹਾ ਕਿ ਛਠ ਮਾਤਾ ਦਾ ਵਰਤ ਰੱਖਣ ਵਾਲੀਆਂ ਔਰਤਾਂ ਵਲੋਂ ਮੰਗੀ ਗਈ ਮੰਨਤ ਹਮੇਸ਼ਾ ਪੂਰਨ ਹੁੰਦੀ ਹੈ ਅਤੇ ਤਿੰਨ ਦਿਨ ਚਲਣ ਵਾਲੇ ਇਸ ਵਰਤ ’ਚ ਔਰਤਾਂ ਪੂਰੇ ਨਿਤਨੇਮ ਦੇ ਨਾਲ ਪਰਿਵਾਰ ਦੀ ਸੁਖਸ਼ਾਂਤੀ ਦੀ ਪ੍ਰਾਥਨਾ ਕਰਦੀਆਂ ਹਨ।