ਪਰਿਵਾਰ ਵਾਲਿਆਂ ਨੇ ਹੱਤਿਆ ਦਾ ਦੋਸ਼ ਲਗਾ ਕੇ ਕਬੀਰ ਪਾਰਕ ਚੌਕੀ ਦੇ ਬਾਹਰ ਮੁੱਖ ਮਾਰਗ ’ਤੇ ਲਗਾਇਆ ਧਰਨਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਦੇ ਕੋਟ ਖਾਲਸਾ ਖੇਤਰ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਉਰਫ ਹੈਰੀ ਦੀ ਸ਼ੱਕੀ ਹਾਲਤ ਵਿਚ ਮੌਤ ਤੋਂ ਬਾਅਦ ਇਲਾਕੇ ਵਿਚ
Publish Date: Mon, 21 Sep 2026 07:23 PM (IST)
Updated Date: Mon, 21 Sep 2026 07:26 PM (IST)
ਬੇਟੇ ਨੇ ਖੁਦਕੁਸ਼ੀ ਨਹੀਂ ਕੀਤੀ, ਗੋਲੀ ਮਾਰ ਕੇ ਕੀਤੀ ਗਈ ਹੱਤਿਆ, ਪਰਿਵਾਰ ਵਾਲਿਆਂ ਨੇ ਪੁਲਿਸ ਚੌਕੀ ਕਬੀਰ ਪਾਰਕ ਦੇ ਸਾਹਮਣੇ ਲਾਸ਼ ਰੱਖ ਇਨਸਾਫ਼ ਮੰਗਿਆ ਬਟਾਲਾ ਵਿਚ ਸ਼ੱਕੀ ਹਾਲਾਤ ਵਿਚ ਮਿਲੀ ਸੀ ਹਰਪ੍ਰੀਤ ਉਰਫ ਹੈਰੀ ਦੀ ਲਾਸ਼, ਨੇੜਿਓਂ ਬਰਾਮਦ ਹੋਇਆ ਸੀ ਹਥਿਆਰ ਏਸੀਪੀ ਸੁਰਿੰਦਰ ਸਿੰਘ ਦੇ ਨਿਰਪੱਖ ਜਾਂਚ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ, ਜਾਂਚ ਰਿਪੋਰਟ ਦੇ ਆਧਾਰ ਤੇ ਹੋਵੇਗੀ ਅਗਲੀ ਕਾਰਵਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਦੇ ਕੋਟ ਖਾਲਸਾ ਖੇਤਰ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਉਰਫ ਹੈਰੀ ਦੀ ਸ਼ੱਕੀ ਹਾਲਤ ਵਿਚ ਮੌਤ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਬਣ ਗਿਆ। ਸ਼ਨੀਵਾਰ ਦੇ ਦਿਨ ਹਰਪ੍ਰੀਤ ਦੀ ਲਾਸ਼ ਬਟਾਲਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਖੇਤਰ ਵਿਚ ਇਕ ਆਟੋ-ਰਿਕਸ਼ਾ ਤੋਂ ਬਰਾਮਦ ਕੀਤੀ ਗਈ ਸੀ। ਲਾਸ਼ ਦੇ ਨੇੜਿਓਂ ਇਕ ਹਥਿਆਰ ਵੀ ਬਰਾਮਦ ਹੋਇਆ ਸੀ ਅਤੇ ਨੌਜਵਾਨ ਨੂੰ ਗੋਲੀ ਲੱਗੀ ਹੋਈ ਸੀ। ਬਟਾਲਾ ਪੁਲਿਸ ਨੇ ਕਾਗਜ਼ੀ ਕਾਰਵਾਈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਲਾਸ਼ ਅੰਮ੍ਰਿਤਸਰ ਪਹੁੰਚਦੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਅਤੇ ਸਥਾਨਕ ਲੋਕਾਂ ਵਿਚ ਗਹਿਰਾ ਰੋਸ ਫੈਲ ਗਿਆ। ਪਰਿਵਾਰ ਵਾਲਿਆਂ ਨੇ ਬਟਾਲਾ ਪੁਲਿਸ ਦੀ ਖੁਦਕੁਸ਼ੀ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਇਸ ਨੂੰ ਹੱਤਿਆ ਕਰਾਰ ਦਿੱਤਾ। ਇਨਸਾਫ਼ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੀ ਮਾਂ ਪ੍ਰੀਤੀ ਅਤੇ ਵੱਡੀ ਗਿਣਤੀ ਵਿਚ ਸਥਾਨਕ ਲੋਕਾਂ ਨੇ ਕਬੀਰ ਪਾਰਕ ਪੁਲਿਸ ਚੌਂਕੀ ਦੇ ਸਾਹਮਣੇ ਮੁੱਖ ਮਾਰਗ ਤੇ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ। ਪ੍ਰਦਰਸ਼ਨ ਦੌਰਾਨ ਮ੍ਰਿਤਕ ਦੀ ਮਾਂ ਪ੍ਰੀਤੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਬੇਟਾ ਬਾਰ੍ਹਵੀਂ ਜਮਾਤ ਵਿਚ ਪੜ੍ਹਦਾ ਸੀ। ਮਾਂ ਦਾ ਦੋਸ਼ ਹੈ ਕਿ ਉਸ ਦੇ ਬੇਟੇ ਨੂੰ ਧੋਖੇ ਨਾਲ ਫਸਾਇਆ ਗਿਆ ਅਤੇ ਕਿਸੇ ਹੋਰ ਵੱਲੋਂ ਸਿਰ ਵਿਚ ਗੋਲੀ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰ ਰਹੀ ਸੀ ਅਤੇ ਜਦੋਂ ਤੱਕ ਉਸ ਦੇ ਬੇਟੇ ਦੇ ਕਾਤਲਾਂ ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਉਸ ਨੂੰ ਇਨਸਾਫ਼ ਨਹੀਂ ਮਿਲਦਾ, ਤਦ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਸੜਕ ਜਾਮ ਅਤੇ ਵੱਧਦੇ ਵਿਰੋਧ ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆਇਆ। ਮੌਕੇ ਤੇ ਪਹੁੰਚੇ ਏਸੀਪੀ ਸੁਰਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਅਤੇ ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਸ਼ਾਂਤ ਕਰਵਾਇਆ। ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੀ ਲਾਸ਼ ਬਟਾਲਾ ਵਿਚ ਮਿਲੀ ਸੀ, ਜਿਸ ਸਬੰਧ ਵਿਚ ਬਟਾਲਾ ਪੁਲਿਸ ਪਹਿਲਾਂ ਹੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਤੇ ਇਸਲਾਮਾਬਾਦ ਥਾਣਾ ਖੇਤਰ ਤਹਿਤ ਮੋਹਨੀ ਪਾਰਕ ਦੇ ਨੇੜੇ ਹੋਏ ਸਾਹਿਲਪ੍ਰੀਤ ਸਿੰਘ ਹੱਤਿਆਕਾਂਡ ਵਿਚ ਵੀ ਨਾਮਜ਼ਦਗੀ ਦਰਜ ਸੀ, ਜਿਸ ਵਿਚ ਪਹਿਲਾਂ ਹੀ ਇਕ ਮੁਲਜ਼ਮ ਆਕਾਸ਼ਦੀਪ ਉਰਫ ਅਭੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਏਸੀਪੀ ਸੁਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਪਰਿਵਾਰ ਵਾਲਿਆਂ ਦੀ ਮੰਗ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਮੰਗ-ਪੱਤਰ (ਸ਼ਿਕਾਇਤ ਪੱਤਰ) ਨੂੰ ਅੱਗੇ ਬਟਾਲਾ ਪੁਲਿਸ ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਪਰਿਵਾਰ ਵਾਲਿਆਂ ਨੂੰ ਭਰੋਸਾ ਦਿਵਾਇਆ ਕਿ ਪੋਸਟਮਾਰਟਮ ਰਿਪੋਰਟ ਅਤੇ ਵਿਸਥਾਰਤ ਤਕਨੀਕੀ ਜਾਂਚ ਤੋਂ ਬਾਅਦ ਜੇਕਰ ਇਹ ਸਾਬਤ ਹੁੰਦਾ ਹੈ ਕਿ ਇਹ ਹੱਤਿਆ ਦਾ ਮਾਮਲਾ ਹੈ, ਤਾਂ ਹੱਤਿਆ ਦੀਆਂ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੇ ਇਸ ਠੋਸ ਭਰੋਸੇ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸੜਕ ਤੋਂ ਧਰਨਾ ਖਤਮ ਕਰ ਦਿੱਤਾ ਅਤੇ ਲਾਸ਼ ਨੂੰ ਅੰਤਿਮ ਸਸਕਾਰ ਲਈ ਲੈ ਜਾਇਆ ਗਿਆ।