- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰ ਵਿਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ ਨਹੀਂ ਰਹੀ, ਸਗੋਂ ਸਾਲ ਭਰ ਲੋਕਾਂ ਦੀ ਸਿਹਤ ਲਈ ਗੰਭੀਰ ਚਿੰਤਾ ਬਣਦਾ ਜਾ ਰਿਹਾ

ਹਵਾ ਪ੍ਰਦੂਸ਼ਣ ਸਿਹਤ ਲਈ ਵਧਦਾ ਖ਼ਤਰਾ, ਆਈਐਮਏ ਨੇ ਜਾਰੀ ਕੀਤੀ ਹੈਲਥ ਅਡਵਾਈਜ਼ਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਸ਼ਹਿਰ ਵਿਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ ਨਹੀਂ ਰਹੀ, ਸਗੋਂ ਸਾਲ ਭਰ ਲੋਕਾਂ ਦੀ ਸਿਹਤ ਲਈ ਗੰਭੀਰ ਚਿੰਤਾ ਬਣਦਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ), ਅੰਮ੍ਰਿਤਸਰ ਚੈਪਟਰ ਅਤੇ ਕਲੀਨ ਏਅਰ ਪੰਜਾਬ ਵੱਲੋਂ ਲੋਕਾਂ ਲਈ ਸਿਹਤ ਸਲਾਹ ਜਾਰੀ ਕੀਤੀ ਗਈ ਹੈ। ਇਸ ਵਿੱਚ ਬੱਚਿਆਂ, ਬਜ਼ੁਰਗਾਂ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ, ਗਰਭਵਤੀ ਔਰਤਾਂ ਅਤੇ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਅੰਮ੍ਰਿਤਸਰ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਕੀਤੇ ਗਏ ਭਾਈਚਾਰਕ ਅਤੇ ਮੈਡੀਕਲ ਅਧਿਐਨ ’ਤੇ ਆਧਾਰਿਤ ਹੈ। ਇਸ ਵਿੱਚ 300 ਤੋਂ ਵੱਧ ਲੋਕਾਂ ਦੇ ਸਰਵੇਖਣ ਅਤੇ ਜੁਲਾਈ ਵਿੱਚ ਆਈਐਮਏ ਅੰਮ੍ਰਿਤਸਰ ਨਾਲ ਹੋਈ ਮੀਟਿੰਗ ਦੌਰਾਨ 50 ਤੋਂ ਵੱਧ ਡਾਕਟਰਾਂ ਦੀ ਰਾਏ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਨਤੀਜਿਆਂ ਦੀ ਤੁਲਨਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹਵਾ ਗੁਣਵੱਤਾ ਸਬੰਧੀ ਅੰਕੜਿਆਂ ਨਾਲ ਵੀ ਕੀਤੀ ਗਈ। ਸਰਵੇਖਣ ਵਿਚ 44 ਫੀਸਦੀ ਲੋਕਾਂ ਨੇ ਪ੍ਰਦੂਸ਼ਣ ਵਧਣ ਦੌਰਾਨ ਸਿਹਤ ਸਬੰਧੀ ਲੱਛਣਾਂ ਵਿੱਚ ਵਾਧਾ ਹੋਣ ਦੀ ਗੱਲ ਕਹੀ। ਇਸੇ ਤਰ੍ਹਾਂ 95 ਫੀਸਦੀ ਸਿਹਤ ਮਾਹਿਰਾਂ ਨੇ ਖਰਾਬ ਹਵਾ ਗੁਣਵੱਤਾ ਦੌਰਾਨ ਮਰੀਜ਼ਾਂ ਦੀ ਗਿਣਤੀ ਵਧਣ ਦੀ ਜਾਣਕਾਰੀ ਦਿੱਤੀ। 75 ਫੀਸਦੀ ਤੋਂ ਵੱਧ ਡਾਕਟਰਾਂ ਨੇ ਗੰਭੀਰ ਪ੍ਰਦੂਸ਼ਣ ਦੌਰਾਨ ਐਮਰਜੈਂਸੀ ਮਾਮਲਿਆਂ ਵਿੱਚ ਵੀ ਵਾਧਾ ਦਰਜ ਕੀਤਾ। ਆਈਐਮਏ ਅੰਮ੍ਰਿਤਸਰ ਦੀ ਪ੍ਰਧਾਨ ਡਾ. ਅੰਮ੍ਰਿਤਾ ਰਾਣਾ ਨੇ ਕਿਹਾ ਕਿ ਇਸ ਸਿਹਤ ਸਲਾਹ ਦਾ ਮਕਸਦ ਲੋਕਾਂ ਨੂੰ ਸਧਾਰਨ ਅਤੇ ਅਮਲੀ ਜਾਣਕਾਰੀ ਦੇਣਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਪ੍ਰਦੂਸ਼ਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹਨ। ਅਸਰ ਸੋਸ਼ਲ ਇੰਪੈਕਟ ਐਡਵਾਈਜ਼ਰਜ਼ ਦੀ ਡਾਇਰੈਕਟਰ (ਕਲਾਈਮੇਟ ਐਕਸ਼ਨ) ਸਨਮ ਸੁਤੀਰਥ ਵਜ਼ੀਰ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਸਿਰਫ਼ ਵਾਤਾਵਰਣ ਜਾਂ ਸਰਦੀਆਂ ਨਾਲ ਜੁੜੀ ਸਮੱਸਿਆ ਨਹੀਂ, ਸਗੋਂ ਇੱਕ ਗੰਭੀਰ ਜਨਤਕ ਸਿਹਤ ਚੁਣੌਤੀ ਹੈ। ਸਲਾਹ ਵਿੱਚ ਕਸਰਤ ਜਾਂ ਲੰਬੇ ਸਮੇਂ ਲਈ ਬਾਹਰ ਜਾਣ ਤੋਂ ਪਹਿਲਾਂ ਏਕਿਊਆਈ ਦੀ ਜਾਂਚ, ਧੂੰਏਂ, ਖੁੱਲ੍ਹੇ ਵਿੱਚ ਕੂੜਾ ਸਾੜਨ, ਜ਼ਿਆਦਾ ਟ੍ਰੈਫਿਕ ਵਾਲੇ ਇਲਾਕਿਆਂ ਅਤੇ ਉਸਾਰੀ ਕਾਰਜਾਂ ਤੋਂ ਉੱਡਣ ਵਾਲੀ ਧੂੜ ਤੋਂ ਬਚਣ ਅਤੇ ਘਰ ਅੰਦਰ ਸਿਗਰਟਨੋਸ਼ੀ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਕਲੀਨ ਏਅਰ ਪੰਜਾਬ ਦੀ ਸਟੇਟ ਹੈੱਡ ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਸਲਾਹ ਦਾ ਮਕਸਦ ਪ੍ਰਦੂਸ਼ਣ ਵਧਣ ’ਤੇ ਲੋਕਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਦੇਣਾ ਹੈ। ਹਾਲਾਂਕਿ, ਇਹ ਪ੍ਰਦੂਸ਼ਣ ਦੇ ਸਰੋਤਾਂ ਨੂੰ ਕੰਟਰੋਲ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਦਾ ਬਦਲ ਨਹੀਂ ਹੋ ਸਕਦੀ। ਡਾਕਟਰਾਂ ਅਨੁਸਾਰ ਪ੍ਰਦੂਸ਼ਣ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਵਿੱਚ 10 ਤੋਂ 25 ਫੀਸਦੀ ਤੱਕ ਵਾਧਾ ਦੇਖਿਆ ਗਿਆ ਹੈ। ਇਸ ਦੌਰਾਨ ਨੇਬੁਲਾਈਜ਼ੇਸ਼ਨ, ਇਨਹੇਲਰ ਅਤੇ ਆਕਸੀਜਨ ਸਹਾਇਤਾ ਦੀ ਮੰਗ ਵੀ ਵਧ ਜਾਂਦੀ ਹੈ। ਕਈ ਮਰੀਜ਼ ਪ੍ਰਦੂਸ਼ਣ ਦਾ ਅਸਰ ਹੋਣ ਤੋਂ ਕੁਝ ਦਿਨ ਬਾਅਦ, ਲੱਛਣ ਗੰਭੀਰ ਹੋਣ ’ਤੇ ਇਲਾਜ ਲਈ ਪਹੁੰਚਦੇ ਹਨ।