ਲਾਪਤਾ ਸਰਪੰਚ ਕੁਲਜੀਤ ਸਿੰਘ ਦੀ ਲਾਸ਼ ਮਿਲਣ ’ਤੇ ਸੁੱਖ ਔਜਲਾ ਨੇ ਪੁਲਿਸ ਕਾਰਵਾਈ ’ਤੇ ਚੁੱਕੇ ਸਵਾਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਲਾਪਤਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਕਾਂਗਰਸ ਆਗੂ ਅਤੇ ਸੰਸਦ ਮੈਂਬਰ
Publish Date: Wed, 23 Sep 2026 04:55 PM (IST)
Updated Date: Wed, 23 Sep 2026 04:57 PM (IST)
14 ਘੰਟੇ ਤੱਕ ਮੋਬਾਈਲ ਚਾਲੂ ਰਹਿਣ ਦੇ ਬਾਵਜੂਦ ਟਰੇਸ ਨਾ ਕਰਨ ਦਾ ਦੋਸ਼, ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਦੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਲਾਪਤਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਕਾਂਗਰਸ ਆਗੂ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਪੁਲਿਸ ਦੀ ਕਾਰਵਾਈ ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਇਕ ਸਰਪੰਚ ਅਤੇ ਸਾਬਕਾ ਫੌਜੀ ਦੀ ਮੌਤ ਦਾ ਨਹੀਂ, ਸਗੋਂ ਕਾਨੂੰਨ-ਵਿਵਸਥਾ ਅਤੇ ਪੂਰੇ ਸਿਸਟਮ ਦੀ ਕਾਰਜਪ੍ਰਣਾਲੀ ਤੇ ਸਵਾਲ ਖੜ੍ਹੇ ਕਰਦਾ ਹੈ। ਸੁੱਖ ਔਜਲਾ ਨੇ ਕਿਹਾ ਕਿ ਕੁਲਜੀਤ ਸਿੰਘ ਦਾ ਮੋਬਾਈਲ ਕਰੀਬ 14 ਘੰਟੇ ਤੱਕ ਚਾਲੂ ਸੀ। ਇਸ ਦੌਰਾਨ ਉਨ੍ਹਾਂ ਦੀ ਲੋਕੇਸ਼ਨ ਵੱਖ-ਵੱਖ ਥਾਵਾਂ ਤੇ ਮਿਲਦੀ ਰਹੀ, ਪਰ ਇਸ ਦੇ ਬਾਵਜੂਦ ਉਸ ਨੂੰ ਸਮੇਂ ਸਿਰ ਟਰੇਸ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਦਾਅਵਾ ਕੀਤਾ ਕਿ ਮੋਬਾਈਲ ਦੀ ਲੋਕੇਸ਼ਨ ਕਦੇ ਕਮਾਲਪੁਰ, ਕਦੇ ਪੰਡੋਰੀ ਅਤੇ ਕਦੇ ਕੋਟ ਰਈਜ਼ਾਦਾ ਖੇਤਰ ਵਿਚ ਦੱਸੀ ਜਾ ਰਹੀ ਸੀ। ਸੁੱਖ ਔਜਲਾ ਨੇ ਕੁਲਜੀਤ ਸਿੰਘ ਦੀ ਮੌਤ ਨੂੰ ਕਤਲ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਵਿਚ 100 ਫ਼ੀਸਦੀ ਕਤਲ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ, ਉਸ ਤੋਂ ਇਹ ਸ਼ੰਕਾ ਵੀ ਹੈ ਕਿ ਕਤਲ ਦੀ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ। ਲਾਸ਼ ਮਿਲਣ ਤੋਂ ਬਾਅਦ ਉਸ ਦੀ ਸਥਿਤੀ ਨੂੰ ਲੈ ਕੇ ਵੀ ਸੁੱਖ ਔਜਲਾ ਨੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਜੇਕਰ ਕੁਲਜੀਤ ਸਿੰਘ ਕਈ ਦਿਨਾਂ ਤੋਂ ਲਾਪਤਾ ਸੀ ਤਾਂ ਇੰਨੇ ਸਮੇਂ ਤੱਕ ਉਸ ਦੀ ਲਾਸ਼ ਪੁਲਿਸ ਅਤੇ ਭਾਲ ਕਰ ਰਹੇ ਲੋਕਾਂ ਦੀ ਨਜ਼ਰ ਵਿਚ ਕਿਉਂ ਨਹੀਂ ਆਈ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਦੋ ਦਿਨਾਂ ਤੋਂ ਲਾਸ਼ ਇੱਥੇ ਪਈ ਸੀ ਤਾਂ ਕਿਸੇ ਦੀ ਨਜ਼ਰ ਕਿਉਂ ਨਹੀਂ ਪਈ, ਨਾ ਹੀ ਕਿਸੇ ਜਾਨਵਰ ਨੇ ਹਮਲਾ ਕੀਤਾ। ਉਨ੍ਹਾਂ ਨੇ ਇਸ ਪਹਿਲੂ ਨੂੰ ਲੈ ਕੇ ਵੀ ਵਿਿਗਆਨਕ ਤਰੀਕੇ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ। ਸੁੱਖ ਔਜਲਾ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੁਲਜੀਤ ਸਿੰਘ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਤੋਂ ਕਰਵਾਇਆ ਜਾਵੇ, ਤਾਂ ਜੋ ਮੌਤ ਦਾ ਸਹੀ ਕਾਰਨ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਹਰ ਹਾਲ ਵਿਚ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਹ ਪਰਿਵਾਰ ਦੇ ਨਾਲ ਖੜ੍ਹੇ ਰਹਿਣਗੇ।