ਸਪੈਸ਼ਲ ਕੈਡਰ ਦੇ ਅਧਿਆਪਕਾਂ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਿਛਲੇ ਤਿੰਨ ਸਾਲਾਂ ਤੋਂ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ ਕਰ ਰਹੇ ਸਪੈਸ਼ਲ ਕੇਡਰ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ
Publish Date: Wed, 02 Sep 2026 04:41 PM (IST)
Updated Date: Wed, 02 Sep 2026 04:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਿਛਲੇ ਤਿੰਨ ਸਾਲਾਂ ਤੋਂ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ ਕਰ ਰਹੇ ਸਪੈਸ਼ਲ ਕੇਡਰ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਗਟ ਕੀਤਾ। ਸਪੈਸ਼ਲ ਕੇਡਰ ਦੇ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਉਹ 5 ਸਤੰਬਰ ਨੂੰ ਅਧਿਆਪਕ ਦਿਵਸ ਨੂੰ ਕਾਲੇ ਅਧਿਆਪਕ ਦਿਵਸ ਵਜੋਂ ਮਨਾਉਣਗੇ। ਉਨ੍ਹਾਂ ਨੇ 12 ਸਤੰਬਰ ਨੂੰ ਸੰਗਰੂਰ ਵਿਚ ਰਾਜ ਪੱਧਰੀ ਰੈਲੀ ਦਾ ਸੱਦਾ ਦਿੱਤਾ ਹੈ। ਸਪੈਸ਼ਲ ਕੇਡਰ ਟੀਚਰਜ਼ ਯੂਨੀਅਨ ਦੇ ਪ੍ਰਧਾਨ ਅਨੁਭਵ ਗੁਪਤਾ, ਗੁਰਲਾਲ, ਵੀਰਪਾਲ ਕੌਰ, ਦਵਿੰਦਰ ਸਿੰਘ ਸਿੱਧੂ, ਮਨਪ੍ਰੀਤ ਸਿੰਘ, ਰਣਜੀਤ ਸਿੰਘ ਰਾਣਾ ਅਤੇ ਰੁਪਿੰਦਰ ਕੌਰ ਗਿੱਲ ਨੇ ਕਿਹਾ ਕਿ ਪਿਛਲੇ ਵੀਹ ਸਾਲਾਂ ਤੋਂ ਯੂਨੀਅਨ ਮੈਂਬਰ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਮਾਮੂਲੀ ਤਨਖਾਹਾਂ ਤੇ ਅਧਿਆਪਕ ਵਜੋਂ ਕੰਮ ਕਰ ਰਹੇ ਹਨ। ਇਸ ਸਮੇਂ ਦੌਰਾਨ ਅਧਿਆਪਕਾਂ ਨੇ ਟੀਈਟੀ ਪ੍ਰੀਖਿਆ ਵੀ ਪਾਸ ਕੀਤੀ ਹੈ। ਤਿੰਨ ਸਾਲ ਪਹਿਲਾਂ ਸਰਕਾਰ ਨੇ ਉਨ੍ਹਾਂ ਨੂੰ ਸਥਾਈ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਉਹ ਮਾਮੂਲੀ ਤਨਖਾਹਾਂ ਤੇ ਕੰਮ ਕਰ ਰਹੇ ਹਨ। ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ, ਜਿਸ ਕਾਰਨ ਉਨ੍ਹਾਂ ਨੇ 5 ਸਤੰਬਰ ਨੂੰ ਕਾਲੇ ਅਧਿਆਪਕ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। 5 ਸਤੰਬਰ ਨੂੰ ਕੇਡਰ ਪੰਜਾਬ ਭਰ ਦੇ ਸਕੂਲਾਂ ਵਿਚ ਵਿਰੋਧ ਵਿਚ ਕਾਲੇ ਬਿੱਲੇ ਜਾਂ ਕਾਲੀਆਂ ਪੱਟੀਆਂ ਬੰਨ੍ਹਣਗੇ। ਇਸ ਤੋਂ ਬਾਅਦ 12 ਸਤੰਬਰ ਨੂੰ ਸੰਗਰੂਰ ਵਿਚ ਰਾਜ ਪੱਧਰੀ ਰੈਲੀ ਕੀਤੀ ਜਾਵੇਗੀ।