ਪਟਾਕਿਆਂ ਦੇ ਧੂੰਏਂ ਨਾਲ ਫੇਫੜਿਆਂ ਨੂੰ ਗੰਭੀਰ ਖ਼ਤਰਾ, ਸਾਹ ਦੇ ਮਰੀਜ਼ ਰਹਿਣ ਸੁਚੇਤ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਮੌਕੇ ਚਲਾਏ ਜਾਂਦੇ ਪਟਾਕਿਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਸਿਹਤ ਲਈ ਬੇਹੱਦ ਖਤਰਨਾਕ ਸਾਬਿਤ ਹੋ ਰਿਹਾ ਹੈ। ਇਸ ਸਬੰਧੀ ਛਾਤੀ ਅਤੇ ਸਾਹ ਰੋਗਾਂ ਦੇ ਮਾਹਰ ਡਾ.
Publish Date: Mon, 19 Oct 2026 04:22 PM (IST)
Updated Date: Mon, 19 Oct 2026 04:24 PM (IST)
ਡਾ. ਐੱਨਸੀ ਕਾਜਲ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਮੌਕੇ ਚਲਾਏ ਜਾਂਦੇ ਪਟਾਕਿਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਸਿਹਤ ਲਈ ਬੇਹੱਦ ਖਤਰਨਾਕ ਸਾਬਿਤ ਹੋ ਰਿਹਾ ਹੈ। ਇਸ ਸਬੰਧੀ ਛਾਤੀ ਅਤੇ ਸਾਹ ਰੋਗਾਂ ਦੇ ਮਾਹਰ ਡਾ. ਐਨਸੀ ਕਾਜਲ (ਡਾ. ਨਿਰਮਲ ਕਾਜਲ) ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਡਾ. ਕਾਜਲ ਨੇ ਦੱਸਿਆ ਕਿ ਪਟਾਕਿਆਂ ਵਿੱਚੋਂ ਨਿਕਲਣ ਵਾਲੇ ਧੂੰਏਂ ਵਿਚ ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਅਤੇ ਪੀਐਮ 2.5 ਵਰਗੇ ਬਾਰੀਕ ਕਣ ਹੁੰਦੇ ਹਨ, ਜੋ ਸਿੱਧੇ ਫੇਫੜਿਆਂ ਤੇ ਹਮਲਾ ਕਰਦੇ ਹਨ। *ਪਟਾਕਿਆਂ ਦੇ ਧੂੰਏਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਡਾ. ਕਾਜਲ ਨੇ ਦੱਸਿਆ ਕਿ ਦਮਾ (ਅਸਥਮਾ), ਸੀਓਪੀਡੀ ਅਤੇ ਬ੍ਰੌਨਕਾਈਟਿਸ ਦੇ ਮਰੀਜ਼ਾਂ ਨੂੰ ਦੌਰਾ ਪੈਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਅੱਖਾਂ ਵਿੱਚ ਜਲਨ, ਨੱਕ ਵਗਣਾ, ਗਲਾ ਖਰਾਬ ਹੋਣਾ ਤੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਦਿਲ ਦੇ ਮਰੀਜ਼ਾਂ ਲਈ ਇਹ ਧੂੰਆਂ ਸਭ ਤੋਂ ਵੱਧ ਖਤਰਨਾਕ ਹੈ। ਲਗਾਤਾਰ ਧੂੰਏਂ ਦੇ ਸੰਪਰਕ ਵਿੱਚ ਰਹਿਣ ਨਾਲ ਫੇਫੜਿਆਂ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਭਵਿੱਖ ਵਿੱਚ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ। ਏਕਿਊ ਲੈਵਲ 300 ਤੋਂ ਪਾਰ ਜਾਣ ਨਾਲ ਸਿਹਤਮੰਦ ਵਿਅਕਤੀ ਵੀ ਬਿਮਾਰ ਹੋ ਸਕਦਾ ਹੈ। ਡਾ. ਕਾਜਲ ਵੱਲੋਂ ਦੱਸੀਆਂ ਸਾਵਧਾਨੀਆਂ ਤੇ ਬਚਾਅ ਦੇ ਤਰੀਕੇ ਛਾਤੀ ਅਤੇ ਸਾਹ ਰੋਗਾਂ ਦੇ ਮਾਹਰ ਡਾ. ਐਨਸੀ ਕਾਜਲ ਨੇ ਕਿਹਾ ਕਿ ਦੁਸ਼ਹਿਰਾ ਤੇ ਦੀਵਾਲੀ ਵਾਲੇ ਦਿਨ ਅਤੇ ਉਸ ਤੋਂ 2-3 ਦਿਨ ਬਾਅਦ ਤੱਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲੋ, ਖਾਸ ਕਰਕੇ ਸ਼ਾਮ 6 ਵਜੇ ਤੋਂ ਬਾਅਦ। ਘਰੋਂ ਬਾਹਰ ਨਿਕਲਦੇ ਸਮੇਂ ਐੱਨ-95 ਮਾਸਕ ਜ਼ਰੂਰ ਪਹਿਨੋ। ਦਮਾ ਜਾਂ ਸਾਹ ਦੇ ਮਰੀਜ਼ ਆਪਣਾ ਇਨਹੇਲਰ, ਨੈਬੂਲਾਈਜ਼ਰ ਅਤੇ ਦਵਾਈਆਂ ਹਮੇਸ਼ਾਂ ਕੋਲ ਰੱਖਣ। ਘਰ ਦੇ ਦਰਵਾਜ਼ੇ-ਖਿੜਕੀਆਂ ਬੰਦ ਰੱਖੋ, ਏਅਰ ਪਿਊਰੀਫਾਇਰ ਜਾਂ ਗਿੱਲੇ ਕੱਪੜੇ ਨਾਲ ਖਿੜਕੀਆਂ ਨੂੰ ਢੱਕੋ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਤਾਂ ਜੋ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਸਕਣ। ਪਟਾਕਿਆਂ ਦੀ ਥਾਂ ਦੀਵਿਆਂ ਨਾਲ ਦੀਵਾਲੀ ਮਨਾਓ, ਈਕੋ-ਫਰੈਂਡਲੀ ਤਰੀਕਾ ਅਪਣਾਓ। ਜੇ ਸਾਹ ਫੁੱਲਦਾ ਹੈ, ਛਾਤੀ ਵਿੱਚ ਘਰ-ਘਰ ਦੀ ਆਵਾਜ਼ ਆਉਂਦੀ ਹੈ ਜਾਂ ਖੰਘ ਨਹੀਂ ਰੁਕ ਰਹੀ ਤਾਂ ਤੁਰੰਤ ਛਾਤੀ ਰੋਗਾਂ ਦੇ ਮਾਹਰ ਨਾਲ ਸੰਪਰਕ ਕਰੋ। ਡਾ. ਕਾਜਲ ਨੇ ਕਿਹਾ ਕਿ ਤਿਉਹਾਰ ਖੁਸ਼ੀਆਂ ਦਾ ਪ੍ਰਤੀਕ ਹੈ, ਇਸ ਨੂੰ ਧੂੰਏਂ ਨਾਲ ਨਹੀਂ ਸਗੋਂ ਰੌਸ਼ਨੀ ਨਾਲ ਮਨਾਇਆ ਜਾਵੇ ਤਾਂ ਜੋ ਅਸੀਂ ਵੀ ਤੰਦਰੁਸਤ ਰਹੀਏ ਅਤੇ ਸਾਡਾ ਵਾਤਾਵਰਣ ਵੀ।