ਪਿੰਡ ਨੰਗਲ ਪੰਨੂਆਂ ਵਿਖੇ ਛੇਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ’ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਯਾਦ ਵਿਚ
Publish Date: Tue, 17 Nov 2026 05:10 PM (IST)
Updated Date: Tue, 17 Nov 2026 05:12 PM (IST)
ਬੁੱਢਾ ਥੇਹ ਕਲੱਬ ਦੀ ਕਬੱਡੀ ਟੀਮ ਜੇਤੂ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ’ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਯਾਦ ਵਿਚ ਬੰਦੀ ਛੋੜ ਦਿਵਸ ਦੀ ਖੁਸ਼ੀ ਨੂੰ ਸਮਰਪਿਤ ਪਿੰਡ ਨੰਗਲ ਪੰਨੂਆਂ ਵਿਖੇ ਛੇਵਾਂ ਕਬੱਡੀ ਖੇਡ ਟੂਰਨਾਮੈਂਟ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਨੂੰ ਦੇਖਣ ਲਈ ਇਲਾਕੇ ਭਰ ਦੇ ਖੇਡ ਪ੍ਰੇਮੀਆਂ ਦਾ ਵੱਡਾ ਇਕੱਠ ਹੋਇਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੰਜਾਬ ਦੀਆਂ ਦੋ ਨਾਮਵਰ ਟੀਮਾਂ ਬੁੱਢਾ ਥੇਹ ਕਬੱਡੀ ਕਲੱਬ ਅਤੇ ਧਨੌਲਾ ਕਬੱਡੀ ਕਲੱਬ ਵਿਚਕਾਰ ਖੇਡਿਆ ਗਿਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸੁਰੂ ਤੋਂ ਹੀ ਦਮਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਰੇਡਰਾਂ ਦੇ ਸ਼ਾਨਦਾਰ ਦਾਅ-ਪੇਚ ਅਤੇ ਜਾਫੀਆਂ ਦੇ ਮਜ਼ਬੂਤ ਧਾਵਿਆਂ ਨੇ ਦਰਸ਼ਕਾਂ ਨੂੰ ਖੂਬ ਮਨੋਰੰਜਨ ਦਿੱਤਾ। ਅੰਤ ਵਿਚ ਬੁੱਢਾ ਥੇਹ ਕਬੱਡੀ ਕਲੱਬ ਦੀ ਟੀਮ ਨੇ ਪੰਜ ਅੰਕਾਂ ਦੇ ਫਰਕ ਨਾਲ ਧਨੌਲਾ ਕਬੱਡੀ ਕਲੱਬ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਨਗਦ ਇਨਾਮਾਂ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਪਹਿਲੇ ਸਥਾਨ ਤੇ ਆਈ ਬੁੱਢਾ ਥੇਹ ਕਬੱਡੀ ਕਲੱਬ ਦੀ ਟੀਮ ਨੂੰ 25 ਹਜ਼ਾਰ ਰੁਪਏ ਨਗਦ ਰਾਸ਼ੀ ਅਤੇ ਦਿਲਕਸ਼ਵਾਂ ਸੀਲਡ ਕੱਪ ਦਿੱਤਾ ਗਿਆ, ਜਦੋਂ ਕਿ ਦੂਜੇ ਸਥਾਨ ਤੇ ਰਹੀ ਧਨੌਲਾ ਕਬੱਡੀ ਕਲੱਬ ਦੀ ਟੀਮ ਨੂੰ 20 ਹਜ਼ਾਰ ਰੁਪਏ ਨਗਦ ਰਾਸ਼ੀ ਅਤੇ ਸ਼ੀਲਡ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਅਵਤਾਰ ਸਿੰਘ ਵਿਧੀ ਚੰਦ ਛਾਉਣੀ ਸੂਰ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਵੱਲੋਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਇਹ ਖੇਡ ਟੂਰਨਾਮੈਂਟ ਗੁਰਮੀਤ ਸਿੰਘ ਬਿੱਟੂ ਗੁਰੂ ਨਾਨਕ ਡੇਅਰੀ ਵਾਲਿਆਂ ਵੱਲੋਂ ਕਰਵਾਇਆ ਗਿਆ। ਇਸ ਮੌਕੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਇਸ ਤਰ੍ਹਾਂ ਦੇ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਬੱਡੀ ਪੰਜਾਬ ਦੀ ਮਾਂ ਖੇਡ ਹੈ ਅਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੇ ਟੂਰਨਾਮੈਂਟ ਕਰਵਾਉਦੇ ਰਹਿਣਗੇ। ਟੂਰਨਾਮੈਂਟ ਦੌਰਾਨ ਕੋਚ ਦੌਲਤ ਸਿੰਘ, ਨਵਤੇਜ ਸਿੰਘ ਏਕਲਗੱਡਾ ਅਤੇ ਬਲਕਾਰ ਸਿੰਘ ਕਾਲਾ ਅਫਗਾਨਾ ਨੇ ਰੈਫਰੀ ਦੀ ਭੂਮਿਕਾ ਨਿਭਾਈ, ਜਦੋਂ ਕਿ ਹਰਜੀਤ ਸਿੰਘ ਵਡਾਲਾ ਨੇ ਕਮੈਂਟਰੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਬਾਬਾ ਜਸਵਿੰਦਰ ਸਿੰਘ ਛਾਉਣੀ ਬਿਧੀ ਚੰਦ, ਗੁਰਮੀਤ ਸਿੰਘ ਗੁਰੂ ਨਾਨਕ ਡੇਅਰੀ ਵਾਲੇ, ਅਨਮੋਲ ਸਿੰਘ ਨੰਗਲ ਪੰਨੂਆਂ, ਹਰਬੰਸ ਸਿੰਘ ਮੱਲੀ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ, ਪਹਿਲਵਾਨ ਅਜੀਤ ਸਿੰਘ ਨਾਗ ਨਵੇਂ, ਦਿਲਾਵਰ ਸਿੰਘ, ਗੁਰਜੰਟ ਸਿੰਘ, ਹਰਜਿੰਦਰ ਸਿੰਘ, ਲਖਬੀਰ ਸਿੰਘ, ਹਰਪਾਲ ਸਿੰਘ ਪੰਨੂ, ਕਿਸਾਨ ਆਗੂ ਗੁਰਮੇਲ ਸਿੰਘ ਤੋਂ ਇਲਾਵਾ ਪਿੰਡ ਦੇ ਮੋਹਤਬਰ, ਇਲਾਕਾ ਨਿਵਾਸੀ ਤੇ ਪ੍ਰਬੰਧਕ ਹਾਜ਼ਰ ਸਨ।