ਦੇਵੀਦਾਸਪੁਰਾ ਰੇਲਵੇ ਟਰੈਕ ’ਤੇ ਛੇ ਘੰਟੇ ਰੇਲ ਰੋਕੋ ਅੰਦੋਲਨ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ’ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਦੇ ਪੰਜ ਥਾਵਾਂ ’ਤੇ ਦੁਪਹਿਰ 12 ਵਜੇ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ
Publish Date: Thu, 17 Sep 2026 07:38 PM (IST)
Updated Date: Thu, 17 Sep 2026 07:41 PM (IST)
24 ਸਤੰਬਰ ਨੂੰ ਖੇਤੀਬਾੜੀ ਮੰਤਰੀ ਨਾਲ ਮੀਟਿੰਗ ’ਤੇ ਬਣੀ ਸਹਿਮਤੀ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ’ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਦੇ ਪੰਜ ਥਾਵਾਂ ’ਤੇ ਦੁਪਹਿਰ 12 ਵਜੇ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ, ਜੋ ਲਗਭਗ ਛੇ ਘੰਟੇ ਚੱਲਣ ਤੋਂ ਬਾਅਦ ਸ਼ਾਮ 6 ਵਜੇ ਸਮਾਪਤ ਹੋ ਗਿਆ। ਇਹ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਦੇ ਦੇਵੀਦਾਸਪੁਰਾ ਰੇਲਵੇ ਟਰੈਕ ਤੇ ਕੀਤਾ ਗਿਆ। ਰੇਲ ਰੋਕੋ ਦੇ ਐਲਾਨ ਤੋਂ ਬਾਅਦ ਸਰਕਾਰ ਵੱਲੋਂ ਗੱਲਬਾਤ ਦੀ ਪਹਿਲ ਕੀਤੀ ਗਈ। ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰਾ ਨੇੜੇ ਪਿੰਡ ਵਡਾਲਾ ਵਿਖੇ ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰ ਸਿੰਘ, ਐੱਸਐੱਸਪੀ ਅੰਮ੍ਰਿਤਸਰ ਕਵਲਜੀਤ ਸਿੰਘ, ਏਆਈਜੀ ਹਰਪਾਲ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਬਾਬਾ ਗੁਰਬਚਨ ਸਿੰਘ ਚੱਬਾ ਅਤੇ ਸਤਨਾਮ ਸਿੰਘ ਮਾਨੋਚਾਲ ਸਮੇਤ ਕਿਸਾਨ ਆਗੂਆਂ ਦੇ ਵਫ਼ਦ ਦੀ ਲਗਭਗ ਤਿੰਨ ਘੰਟੇ ਮੀਟਿੰਗ ਹੋਈ। ਮੀਟਿੰਗ ਦੌਰਾਨ 24 ਸਤੰਬਰ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਖੇਤੀਬਾੜੀ ਮੰਤਰੀ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਕਰਵਾਉਣ ’ਤੇ ਸਹਿਮਤੀ ਬਣੀ। ਇਸ ਤੋਂ ਇਲਾਵਾ ਕਰਜ਼ੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 3 ਲੱਖ ਰੁਪਏ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਇਕ ਮਹੀਨੇ ਅੰਦਰ ਦੇਣ ਦਾ ਭਰੋਸਾ ਦਿੱਤਾ ਗਿਆ। ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਹਿੰਦੀਆਂ ਨੌਕਰੀਆਂ ਅਤੇ ਮੁਆਵਜ਼ਾ ਵੀ ਇੱਕ ਮਹੀਨੇ ਅੰਦਰ ਦੇਣ ਦਾ ਭਰੋਸਾ ਦਿੱਤਾ ਗਿਆ। ਪਰਾਲੀ, ਪੁਲਿਸ ਅਤੇ ਰੇਲਵੇ ਨਾਲ ਸਬੰਧਤ ਕੇਸਾਂ ਦੇ ਨਿਪਟਾਰੇ ਬਾਰੇ ਵੀ ਸਹਿਮਤੀ ਬਣੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਖ਼ੁਦ ਸਟੇਜ ’ਤੇ ਪਹੁੰਚੇ ਅਤੇ ਕਿਸਾਨਾਂ ਨੂੰ ਸਰਕਾਰ ਵੱਲੋਂ ਕੀਤੇ ਫ਼ੈਸਲਿਆਂ ਅਤੇ ਦਿੱਤੇ ਭਰੋਸਿਆਂ ਬਾਰੇ ਜਾਣਕਾਰੀ ਦਿੱਤੀ। ਉਪਰੰਤ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਜ਼ੂਮ ਮੀਟਿੰਗ ਕਰਕੇ ਪੰਜਾਬ ਭਰ ਵਿੱਚ ਚੱਲ ਰਹੇ ਸੰਘਰਸ਼ ਦੀ ਸਮੀਖਿਆ ਕੀਤੀ ਅਤੇ ਪੰਜਾਂ ਥਾਵਾਂ ’ਤੇ ਚੱਲ ਰਿਹਾ ਰੇਲ ਰੋਕੋ ਅੰਦੋਲਨ ਅਤੇ ਮੰਤਰੀਆਂ ਦੇ ਘਰਾਂ ਅੱਗੇ ਲੱਗੇ ਮੋਰਚੇ ਸਮਾਪਤ ਕਰਨ ਦਾ ਫ਼ੈਸਲਾ ਕੀਤਾ।ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜ ਫ਼ਸਲਾਂ ਦੀ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਲੈਂਡ ਪੂਲੰਿਗ ਨੀਤੀ ਵਾਪਸ ਲੈਣ, ਸ਼ੰਭੂ-ਖਨੌਰੀ ਮੋਰਚੇ ਨਾਲ ਸਬੰਧਤ ਮਸਲਿਆਂ ਦੇ ਹੱਲ ਸਮੇਤ ਲਗਭਗ 23 ਸੂਤਰੀ ਮੰਗਾਂ ਉਠਾਈਆਂ ਜਾ ਰਹੀਆਂ ਹਨ। ਇਨ੍ਹਾਂ ਮੰਗਾਂ ’ਤੇ 24 ਸਤੰਬਰ ਦੀ ਮੀਟਿੰਗ ਵਿੱਚ ਵਿਚਾਰ-ਚਰਚਾ ਕੀਤੀ ਜਾਵੇਗੀ ਅਤੇ ਮੀਟਿੰਗ ਦੇ ਨਤੀਜਿਆਂ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਦੇਵੀਦਾਸਪੁਰਾ ਰੇਲਵੇ ਟਰੈਕ ਤੇ ਮੋਰਚੇ ਦੀ ਅਗਵਾਈ ਹਰਜਿੰਦਰ ਸਿੰਘ ਛੱਕਰੀ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਕੀਤੀ। ਸੁਨਾਮ ਵਿਖੇ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਦਿਲਬਾਗ ਸਿੰਘ ਹਰੀਗੜ੍ਹ, ਮੱਲਾਂਵਾਲਾ ਵਿਖੇ ਸੁਖਵਿੰਦਰ ਸਿੰਘ ਸਭਰਾ, ਡਗਰੂ ਵਿਖੇ ਬਲਦੇਵ ਸਿੰਘ ਜੀਰਾ, ਬਲਵੰਤ ਸਿੰਘ ਬਹਿਰਾਮਕੇ ਅਤੇ ਮਲਕੀਤ ਸਿੰਘ ਗੁਲਾਮੀ ਵਾਲਾ ਅਤੇ ਚਾਖੂ ਲਾੜੀ ਵਿਖੇ ਸਵਿੰਦਰ ਸਿੰਘ ਚੌਤਾਲਾ ਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਅਗਵਾਈ ਕੀਤੀ। ਕਿਸਾਨ ਮਜ਼ਦੂਰ ਮੋਰਚਾ ਨੇ ਕਿਹਾ ਕਿ ਸਰਕਾਰ ਨਾਲ ਹੋਈ ਗੱਲਬਾਤ ਅਤੇ 24 ਸਤੰਬਰ ਦੀ ਮੀਟਿੰਗ ਲਈ ਬਣੀ ਸਹਿਮਤੀ ਦੇ ਮੱਦੇਨਜ਼ਰ ਅੱਜ ਸਾਰੇ ਮੋਰਚੇ ਸਮਾਪਤ ਕੀਤੇ ਗਏ ਹਨ।