ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਤੇਜ਼, ਅੱਜ ਭਾਰਤ-ਪਾਕਿ ਸਰਹੱਦ 'ਤੇ ਸਿੱਖ ਸੰਗਤ ਵਲੋਂ ਜ਼ੀਰੋ ਲਾਈਨ ’ਤੇ ਹੋਵੇਗੀ ਅਰਦਾਸ
ਪਾਕਿਸਤਾਨ ਲਹਿੰਦੇ ਪੰਜਾਬ ਵਾਲੇ ਪਾਸਿਓਂ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇਹ ਨਗਰ ਕੀਰਤਨ ਸਜਾ ਰਹੀਆਂ ਹਨ। ਉਨ੍ਹਾਂ ਵੱਲੋਂ ਆਪਣੇ ਵਾਲੇ ਪਾਸੇ ਜ਼ੀਰੋ ਲਾਈਨ ਪੁੱਜਣ ਉੱਤੇ ਸੰਧਿਆ ਵੇਲੇ ਰਹਿਰਾਸ ਸਾਹਿਬ ਦੇ ਪਾਠ, ਗੁਰਬਾਣੀ ਕੀਰਤਨ ਅਤੇ ਆਰਤੀ ਉਪਰੰਤ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਜਾਵੇਗੀ ਕਿ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੁੱਲ੍ਹੇ।
Publish Date: Mon, 21 Sep 2026 12:20 PM (IST)
Updated Date: Mon, 21 Sep 2026 12:24 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਅੱਜ 21 ਸਤੰਬਰ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ ਵੇਲੇ 5:30 ਵਜੇ ਨਗਰ ਕੀਰਤਨ ਲੈ ਕੇ ਆਇਆ ਜਾ ਰਿਹਾ ਹੈ।
ਪਾਕਿਸਤਾਨ ਲਹਿੰਦੇ ਪੰਜਾਬ ਵਾਲੇ ਪਾਸਿਓਂ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇਹ ਨਗਰ ਕੀਰਤਨ ਸਜਾ ਰਹੀਆਂ ਹਨ। ਉਨ੍ਹਾਂ ਵੱਲੋਂ ਆਪਣੇ ਵਾਲੇ ਪਾਸੇ ਜ਼ੀਰੋ ਲਾਈਨ ਪੁੱਜਣ ਉੱਤੇ ਸੰਧਿਆ ਵੇਲੇ ਰਹਿਰਾਸ ਸਾਹਿਬ ਦੇ ਪਾਠ, ਗੁਰਬਾਣੀ ਕੀਰਤਨ ਅਤੇ ਆਰਤੀ ਉਪਰੰਤ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਜਾਵੇਗੀ ਕਿ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੁੱਲ੍ਹੇ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ਉੱਤੇ ਪੁੱਜਣਗੇ। ਪਾਕਿਸਤਾਨ ਅਤੇ ਭਾਰਤ ਦੀਆਂ ਸਿੱਖ ਸੰਗਤਾਂ ਆਪੋ-ਆਪਣੇ ਪਾਸੇ ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ, ਆਰਤੀ ਅਤੇ ਸ਼ਬਦ ਕੀਰਤਨ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੁੱਲ੍ਹਣ ਲਈ ਅਰਦਾਸ ਕਰਨਗੀਆਂ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੇਰਾ ਬਾਬਾ ਨਾਨਕ ਅਤੇ ਬਾਰਡਰ ਦੇ ਇਲਾਕੇ ਦੀ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਅੱਜ ਸੰਧਿਆ ਵੇਲੇ ਭਾਰਤੀ ਸਮੇਂ ਅਨੁਸਾਰ 5:30 ਵਜੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੇੜੇ ਜ਼ੀਰੋ ਲਾਈਨ ਉੱਤੇ ਪੁੱਜ ਕੇ ਸਮਾਗਮ ਅਤੇ ਅਰਦਾਸ ’ਚ ਵੱਧ ਤੋਂ ਵੱਧ ਸ਼ਮੂਲੀਅਤ ਜ਼ਰੂਰ ਕਰਨ ਤਾਂ ਜੋ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਜਾ ਸਕੇ ਕਿ ਲਾਂਘਾ ਜਲਦ ਖੁੱਲ੍ਹੇ ਅਤੇ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਪਹਿਲਾਂ ਦੀ ਤਰ੍ਹਾਂ ਦਰਸ਼ਨ ਦੀਦਾਰ ਕਰ ਸਕੇ।