ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਮਿਲਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਗੁਰਸਿੱਖ ਨੌਜਵਾਨ ਨਾਲ ਸ਼੍ਰੋਮਣੀ ਕਮੇਟੀ ਦੇ ਵਫਦ ਨੇ ਮੁਲਾਕਾਤ ਕਰਕੇ ਉਸ ਦੀ ਸਿਹਤ
Publish Date: Fri, 04 Sep 2026 04:20 PM (IST)
Updated Date: Fri, 04 Sep 2026 04:22 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਗੁਰਸਿੱਖ ਨੌਜਵਾਨ ਨਾਲ ਸ਼੍ਰੋਮਣੀ ਕਮੇਟੀ ਦੇ ਵਫਦ ਨੇ ਮੁਲਾਕਾਤ ਕਰਕੇ ਉਸ ਦੀ ਸਿਹਤ ਦਾ ਹਾਲ ਜਾਣਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਫਦ ਵਿਚ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਸ਼ਾਮਲ ਸਨ। ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਫੇਰੀ ਦੌਰਾਨ ਨਸ਼ਿਆਂ ਖਿਲਾਫ ਅਵਾਜ਼ ਉਠਾਉਣ ਵਾਲੇ ਨੌਜੁਆਨ ਮੋਹਨਜੀਤ ਸਿੰਘ ਨੂੰ ਸਰਕਾਰ ਦੀ ਸ਼ਹਿ ’ਤੇ ਪੁਲਿਸ ਅਧਿਕਾਰੀਆਂ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਨੌਜੁਆਨ ਦੇ ਕੇਸਾਂ ਤੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਹੈ। ਇਹ ਬੇਹੱਦ ਗੰਭੀਰ ਮਾਮਲਾ ਹੈ ਜਿਸ ਦੀ ਜਵਾਬਦੇਹੀ ਤਹਿ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ ਅਨੁਸਾਰ ਅੱਜ ਪੀੜਤ ਨੌਜੁਆਨ ਨੂੰ ਮਿਲ ਕੇ ਸ਼੍ਰੋਮਣੀ ਵੱਲੋਂ ਹਰ ਤਰ੍ਹਾਂ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਨੌਜੁਆਨ ਦਾ ਇਲਾਜ ਵੀ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ ਅਤੇ ਲੋੜ ਅਨੁਸਾਰ ਮਾਲੀ ਮੱਦਦ ਵੀ ਕੀਤੀ ਜਾਵੇਗੀ। ਮੰਨਣ ਨੇ ਦੱਸਿਆ ਕਿ ਵਫਦ ਨੂੰ ਮਿਲਣ ਮੌਕੇ ਮੋਹਨਜੀਤ ਸਿੰਘ ਨੇ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਵੀ ਕੀਤੀ।