ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ: ਪਤਨੀ ਦੀ ਭੂਆ ਦੀ ਧੀ ਨਾਲ ਜਬਰ-ਜਨਾਹ ਦੀ ਕੋਸ਼ਿਸ਼, ਜੀਜੇ ਖ਼ਿਲਾਫ਼ ਕੇਸ ਦਰਜ
ਏ.ਐੱਸ.ਆਈ. ਨਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਅਕਸਰ ਆਪਣੀ ਭੂਆ ਦੇ ਘਰ ਜਾਂਦੀ ਰਹਿੰਦੀ ਹੈ। ਉਸ ਦੀ ਭੂਆ ਦੀ ਧੀ ਦਾ ਨੌਂ ਮਹੀਨੇ ਪਹਿਲਾਂ ਮੁਲਜ਼ਮ ਗੁਰਦੀਪ ਸਿੰਘ ਨਾਲ ਵਿਆਹ ਹੋਇਆ ਸੀ।
Publish Date: Sun, 06 Sep 2026 11:40 AM (IST)
Updated Date: Sun, 06 Sep 2026 11:42 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ। ਭਿੰਡੀਸੈਦਾਂ ਥਾਣੇ ਦੀ ਪੁਲਿਸ ਨੇ ਹਰਗੋਬਿੰਦਪੁਰ ਜ਼ਿਲ੍ਹੇ ਦੇ ਵਿਠੂਆ ਪਿੰਡ ਦੇ ਵਸਨੀਕ ਗੁਰਦੀਪ ਸਿੰਘ ਵਿਰੁੱਧ ਆਪਣੀ ਪਤਨੀ ਦੀ ਭੂਆ ਦੀ ਧੀ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਘਟਨਾ ਵਾਲੇ ਦਿਨ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਮਾਫ਼ੀ ਮੰਗਣ ਦੇ ਬਾਵਜੂਦ ਉਹ ਫ਼ੋਨ ਤੇ ਉਸ ਨੂੰ ਤੰਗ ਕਰਨ ਲੱਗ ਗਿਆ।
ਏ.ਐੱਸ.ਆਈ. ਨਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਅਕਸਰ ਆਪਣੀ ਭੂਆ ਦੇ ਘਰ ਜਾਂਦੀ ਰਹਿੰਦੀ ਹੈ। ਉਸ ਦੀ ਭੂਆ ਦੀ ਧੀ ਦਾ ਨੌਂ ਮਹੀਨੇ ਪਹਿਲਾਂ ਮੁਲਜ਼ਮ ਗੁਰਦੀਪ ਸਿੰਘ ਨਾਲ ਵਿਆਹ ਹੋਇਆ ਸੀ।
ਉਸ ਦੀ ਪਤਨੀ ਦੇ ਵਿਦੇਸ਼ ਚਲੇ ਜਾਣ ਤੋਂ ਬਾਅਦ ਗੁਰਦੀਪ ਅਕਸਰ ਆਪਣੇ ਸਹੁਰੇ ਘਰ ਆਉਂਦਾ ਸੀ। ਉਥੇ ਉਸ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ। ਮੌਕਾ ਮਿਲਦੇ ਹੀ ਮੁਲਜ਼ਮ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਪੀੜਤਾ ਨੇ ਦੱਸਿਆ ਕਿ ਇਕ ਦਿਨ ਉਸ ਨੂੰ ਫਸਾਉਣ ਦੀ ਕੋਸ਼ਿਸ਼ ’ਚ ਗੁਰਦੀਪ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਉਹ ਉਸ ਦੀ ਭੂਆ ਦੀ ਧੀ ਨਾਲ ਵਿਆਹ ਕਰਵਾ ਬੈਠਾ। ਪੀੜਤਾ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਪੀੜਤਾ ਨੇ ਦੱਸਿਆ ਕਿ 12 ਅਪ੍ਰੈਲ ਦੀ ਸ਼ਾਮ ਨੂੰ ਉਹ ਭੂਆ ਦੇ ਘਰ ਸੀ ਅਤੇ ਭੂਆ ਕਿਸੇ ਕੰਮ ਲਈ ਬਾਹਰ ਗਈ ਸੀ।
ਮੌਕਾ ਮਿਲਣ ਤੇ ਮੁਲਜ਼ਮ ਨੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਭੂਆ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੇ ਮਾਫੀ ਮੰਗ ਕੇ ਜਾਨ ਛੁਡਾਈ। ਰਿਸ਼ਤੇਦਾਰਾਂ ਤੇ ਸਮਾਜ ਦੇ ਡਰ ਕਾਰਨ ਉਨ੍ਹਾਂ ਘਟਨਾ ਦੀ ਰਿਪੋਰਟ ਪੁਲਿਸ ਨੂੰ ਨਹੀਂ ਦਿੱਤੀ ਪਰ ਹੁਣ ਮੁਲਜ਼ਮ ਗੁਰਦੀਪ ਨੇ ਉਸ ਨੂੰ ਦੁਬਾਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ।