- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ/ਬੰਡਾਲਾ : ਅੰਮ੍ਰਿਤਸਰ-ਤਰਨਤਾਰਨ ਬਾਈਪਾਸ 'ਤੇ ਮਾਨਾਂਵਾਲਾ ਨੇੜੇ ਵੀਰਵਾਰ ਨੂੰ ਹੋਏ ਦਰਦਨਾਕ ਹਾਦਸੇ ਵਿਚ ਸਕਾਰਪੀਓ ਅਤੇ ਲੁੱਕ ਨਾਲ ਭਰੇ ਟਿੱਪਰ

* ਮਾਨਾਂਵਾਲਾ ਨੇੜੇ ਵਾਪਰਿਆ ਹਾਦਸਾ, ਵਾਹਨ ’ਚ ਫਸਿਆ ਰਿਹਾ ਗੁਰਿੰਦਰ
* ਪੀਵੀਸੀ ਫਿਟਿੰਗ ਦਾ ਕੰਮ ਕਰਦਾ ਸੀ, ਸਾਮਾਨ ਲੈਣ ਅੰਮ੍ਰਿਤਸਰ ਜਾ ਰਿਹਾ ਸੀ
* ਟੱਕਰ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਲੱਗੀ ਅੱਗ, ਟਿੱਪਰ ਚਾਲਕ ਮੌਕੇ ਤੋਂ ਫ਼ਰਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ/ਬੰਡਾਲਾ : ਅੰਮ੍ਰਿਤਸਰ-ਤਰਨਤਾਰਨ ਬਾਈਪਾਸ 'ਤੇ ਮਾਨਾਂਵਾਲਾ ਨੇੜੇ ਵੀਰਵਾਰ ਨੂੰ ਹੋਏ ਦਰਦਨਾਕ ਹਾਦਸੇ ’ਚ ਸਕਾਰਪੀਓ ਤੇ ਲੁੱਕ ਨਾਲ ਭਰੇ ਟਿੱਪਰ ਵਿਚਾਲੇ ਜ਼ੋਰਦਾਰ ਟੱਕਰ ਮਗਰੋਂ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਹਾਦਸੇ ’ਚ ਸਕਾਰਪੀਓ ਸਵਾਰ ਗੁਰਿੰਦਰ ਸਿੰਘ (25) ਵਾਸੀ ਗੋਇੰਦਵਾਲ ਸਾਹਿਬ, ਤਰਨਤਾਰਨ ਜਿਊਂਦਾ ਹੀ ਸੜ ਗਿਆ। ਟੱਕਰ ਤੋਂ ਬਾਅਦ ਗੁਰਿੰਦਰ ਸਕਾਰਪੀਓ ’ਚ ਫਸ ਗਿਆ ਅਤੇ ਅੱਗ ਦੀਆਂ ਲਪਟਾਂ ਵਿਚੋਂ ਬਾਹਰ ਨਹੀਂ ਨਿਕਲ ਸਕਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੱਡੀ ਦੇ ਸੈਂਸਰ ਖ਼ਰਾਬ ਹੋ ਗਏ ਅਤੇ ਗੱਡੀ ਲਾਕ ਹੋ ਗਈ। ਮਦਦ ਲਈ ਪਹੁੰਚੇ ਲੋਕਾਂ ਨੇ ਅੱਗ ਬੁਝਾਉਣ ਤੇ ਨੌਜਵਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਅੱਗ ਕਾਰਨ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਗੁਰਿੰਦਰ ਸਿੰਘ ਘਰਾਂ ’ਚ ਪੀਵੀਸੀ ਫਿਟਿੰਗ ਦਾ ਕੰਮ ਕਰਦਾ ਸੀ। ਉਹ ਰੋਜ਼ ਵਾਂਗ ਆਪਣੇ ਕੰਮ ਨਾਲ ਸਬੰਧਤ ਸਾਮਾਨ ਲੈਣ ਲਈ ਅੰਮ੍ਰਿਤਸਰ ਜਾ ਰਿਹਾ ਸੀ। ਸਕਾਰਪੀਓ ਤਰਨਤਾਰਨ ਵੱਲੋਂ ਅੰਮ੍ਰਿਤਸਰ ਵੱਲ ਆ ਰਹੀ ਸੀ। ਮਾਨਾਂਵਾਲਾ ਨੇੜੇ ਪੁੱਜਣ 'ਤੇ ਸਕਾਰਪੀਓ ਅੱਗੇ ਜਾ ਰਹੇ ਲੁੱਕ ਨਾਲ ਭਰੇ ਟਿੱਪਰ ਨਾਲ ਟਕਰਾ ਗਈ। ਇਸ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਕੁਝ ਹੀ ਪਲਾਂ ’ਚ ਵਾਹਨਾਂ ਵਿਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਸਕਾਰਪੀਓ ਨੁਕਸਾਨੀ ਜਾਣ ਕਾਰਨ ਗੁਰਿੰਦਰ ਉਸ ਅੰਦਰ ਫਸ ਗਿਆ। ਨੇੜੇ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਲਗਾਤਾਰ ਤੇਜ਼ ਹੁੰਦੀ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਨੇ ਉਪਲਬਧ ਸਾਧਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਮੋਟਰ, ਪਾਣੀ ਦੀਆਂ ਪਾਈਪਾਂ ਤੇ ਕੀਟਨਾਸ਼ਕ ਦਵਾਈ ਛਿੜਕਣ ਵਾਲੀਆਂ ਟੈਂਕੀਆਂ ਤੱਕ ਦਾ ਇਸਤੇਮਾਲ ਕੀਤਾ ਗਿਆ, ਪਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਦੇਖਦੇ ਹੀ ਦੇਖਦੇ ਸਕਾਰਪੀਓ ਅੱਗ ਦੇ ਗੋਲੇ ’ਚ ਬਦਲ ਗਈ। ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਗੁਰਿੰਦਰ ਦੀ ਮੌਤ ਹੋ ਚੁੱਕੀ ਸੀ।
ਟਿੱਪਰ ਚਾਲਕ ਮੌਕੇ ਤੋਂ ਫ਼ਰਾਰ
ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਫ਼ਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ। ਘਟਨਾ ਸਥਾਨ ਦੇ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।