ਸਕਾਰਪੀਓ-ਟਿੱਪਰ ਦੀ ਟੱਕਰ, ਜਿਉੂਂਦਾ ਸੜਿਆ ਸਵਾਰ ਨੌਜਵਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ/ਬੰਡਾਲਾ : ਅੰਮ੍ਰਿਤਸਰ-ਤਰਨਤਾਰਨ ਬਾਈਪਾਸ 'ਤੇ ਮਾਨਾਂਵਾਲਾ ਨੇੜੇ ਵੀਰਵਾਰ ਨੂੰ ਹੋਏ ਦਰਦਨਾਕ ਹਾਦਸੇ ਵਿਚ ਸਕਾਰਪੀਓ ਅਤੇ ਲੁੱਕ ਨਾਲ ਭਰੇ ਟਿੱਪਰ
Publish Date: Thu, 01 Oct 2026 07:02 PM (IST)
Updated Date: Thu, 01 Oct 2026 07:03 PM (IST)
ਅੰਮ੍ਰਿਤਸਰ-ਤਰਨਤਾਰਨ ਬਾਈਪਾਸ ’ਤੇ ਮਾਨਾਂਵਾਲਾ ਨੇੜੇ ਦਰਦਨਾਕ ਹਾਦਸਾ, ਵਾਹਨ ’ਚ ਫਸਿਆ ਰਿਹਾ ਗੁਰਿੰਦਰ ਪੀਵੀਸੀ ਫਿਟਿੰਗ ਦਾ ਕੰਮ ਕਰਦਾ ਸੀ, ਸਾਮਾਨ ਲੈਣ ਅੰਮ੍ਰਿਤਸਰ ਜਾ ਰਿਹਾ ਸੀ ਟੱਕਰ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਲੱਗੀ ਅੱਗ, ਟਿੱਪਰ ਚਾਲਕ ਮੌਕੇ ਤੋਂ ਫਰਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ/ਬੰਡਾਲਾ : ਅੰਮ੍ਰਿਤਸਰ-ਤਰਨਤਾਰਨ ਬਾਈਪਾਸ ਤੇ ਮਾਨਾਂਵਾਲਾ ਨੇੜੇ ਵੀਰਵਾਰ ਨੂੰ ਹੋਏ ਦਰਦਨਾਕ ਹਾਦਸੇ ਵਿਚ ਸਕਾਰਪੀਓ ਅਤੇ ਲੁੱਕ ਨਾਲ ਭਰੇ ਟਿੱਪਰ ਵਿਚਾਲੇ ਜ਼ੋਰਦਾਰ ਟੱਕਰ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਹਾਦਸੇ ਵਿਚ ਸਕਾਰਪੀਓ ਸਵਾਰ 25 ਸਾਲਾ ਗੁਰਿੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ, ਤਰਨਤਾਰਨ ਜਿਊਂਦਾ ਹੀ ਸੜ ਗਿਆ। ਟੱਕਰ ਤੋਂ ਬਾਅਦ ਗੁਰਿੰਦਰ ਸਕਾਰਪੀਓ ਵਿਚ ਫਸ ਗਿਆ ਅਤੇ ਅੱਗ ਦੀਆਂ ਲਪਟਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੱਡੀ ਦੇ ਸੈਂਸਰ ਖਰਾਬ ਹੋ ਗਏ ਅਤੇ ਗੱਡੀ ਲੌਕ ਹੋ ਗਈ। ਮਦਦ ਲਈ ਪਹੁੰਚੇ ਲੋਕਾਂ ਨੇ ਅੱਗ ਬੁਝਾਉਣ ਅਤੇ ਨੌਜਵਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਅੱਗ ਕਾਰਨ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਗੁਰਿੰਦਰ ਸਿੰਘ ਘਰਾਂ ਵਿਚ ਪੀਵੀਸੀ ਫਿਿਟੰਗ ਦਾ ਕੰਮ ਕਰਦਾ ਸੀ। ਉਹ ਰੋਜ਼ਾਨਾ ਵਾਂਗ ਆਪਣੇ ਕੰਮ ਨਾਲ ਸਬੰਧਤ ਸਮਾਨ ਲੈਣ ਲਈ ਅੰਮ੍ਰਿਤਸਰ ਜਾ ਰਿਹਾ ਸੀ। ਸਕਾਰਪੀਓ ਤਰਨਤਾਰਨ ਵੱਲੋਂ ਅੰਮ੍ਰਿਤਸਰ ਵੱਲ ਆ ਰਹੀ ਸੀ। ਮਾਨਾਂਵਾਲਾ ਨੇੜੇ ਪਹੁੰਚਣ ਤੇ ਸਕਾਰਪੀਓ ਅੱਗੇ ਜਾ ਰਹੇ ਲੁੱਕ ਨਾਲ ਭਰੇ ਟਿੱਪਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਕੁਝ ਹੀ ਪਲਾਂ ਵਿਚ ਵਾਹਨਾਂ ਵਿਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਸਕਾਰਪੀਓ ਨੁਕਸਾਨੀ ਜਾਣ ਕਾਰਨ ਗੁਰਿੰਦਰ ਉਸ ਦੇ ਅੰਦਰ ਫਸ ਗਿਆ। ਆਸਪਾਸ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਲਗਾਤਾਰ ਤੇਜ਼ ਹੁੰਦੀ ਗਈ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਉਪਲਬਧ ਸਾਧਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਮੋਟਰ, ਪਾਣੀ ਦੀਆਂ ਪਾਈਪਾਂ ਅਤੇ ਕੀਟਨਾਸ਼ਕ ਦਵਾਈ ਛਿੜਕਣ ਵਾਲੀਆਂ ਟੈਂਕੀਆਂ ਤੱਕ ਦਾ ਇਸਤੇਮਾਲ ਕੀਤਾ ਗਿਆ, ਪਰ ਅੱਗ ਇੰਨੀ ਤੇਜ਼ ਸੀ ਕਿ ਕੋਸ਼ਿਸ਼ਾਂ ਕੰਮ ਨਾ ਆਈਆਂ। ਹਾਦਸੇ ਦਾ ਮੰਜ਼ਰ ਦੇਖ ਕੇ ਮੌਕੇ ਤੇ ਮੌਜੂਦ ਲੋਕ ਵੀ ਸਹਿਮ ਗਏ। ਦੇਖਦਿਆਂ ਹੀ ਦੇਖਦਿਆਂ ਸਕਾਰਪੀਓ ਅੱਗ ਦੇ ਗੋਲੇ ਵਿਚ ਬਦਲ ਗਈ। ਲੋਕ ਦੂਰ ਖੜ੍ਹੇ ਹੋ ਕੇ ਅੱਗ ਬੁੱਝਣ ਅਤੇ ਨੌਜਵਾਨ ਨੂੰ ਬਾਹਰ ਕੱਢੇ ਜਾਣ ਦੀ ਉਮੀਦ ਕਰਦੇ ਰਹੇ, ਪਰ ਅੱਗ ਦੀਆਂ ਲਪਟਾਂ ਕਾਰਨ ਬਚਾਅ ਕਾਰਜ ਵਿੱਚ ਲਗਾਤਾਰ ਮੁਸ਼ਕਲ ਆਉਂਦੀ ਰਹੀ। ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਗੁਰਿੰਦਰ ਦੀ ਮੌਤ ਹੋ ਚੁੱਕੀ ਸੀ। ਕੰਮ ਲਈ ਨਿਕਲਿਆ ਸੀ, ਵਾਪਸ ਨਹੀਂ ਪਰਤਿਆ ਗੁਰਿੰਦਰ ਸਿੰਘ ਘਰੋਂ ਕੰਮ ਦੇ ਸਿਲਸਿਲੇ ਵਿਚ ਨਿਕਲਿਆ ਸੀ। ਉਸ ਨੂੰ ਅੰਮ੍ਰਿਤਸਰ ਜਾ ਕੇ ਸਮਾਨ ਲੈਣਾ ਸੀ, ਪਰ ਮਾਨਾਂਵਾਲਾ ਵਿਚ ਹੋਏ ਹਾਦਸੇ ਨੇ ਉਸ ਦੀ ਜ਼ਿੰਦਗੀ ਖੋਹ ਲਈ। 25 ਸਾਲ ਦੀ ਉਮਰ ਵਿੱਚ ਪਰਿਵਾਰ ਲਈ ਕਮਾਉਣ ਅਤੇ ਆਪਣੇ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਗੁਰਿੰਦਰ ਦੀ ਇਸ ਤਰ੍ਹਾਂ ਮੌਤ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜਿਸ ਰਸਤੇ ਤੋਂ ਉਹ ਕੁਝ ਸਮਾਂ ਪਹਿਲਾਂ ਉਮੀਦ ਲੈ ਕੇ ਨਿਕਲਿਆ ਸੀ, ਉਸੇ ਰਸਤੇ ਤੇ ਉਸ ਦੀ ਜ਼ਿੰਦਗੀ ਖਤਮ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਆਸਪਾਸ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ। ਘਟਨਾ ਸਥਾਨ ਦੇ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।