- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਹਾਂਨਗਰ ਨੂੰ ਸਾਫ਼-ਸੁਥਰਾ ਰੱਖਣ ਦੇ ਨਾਂ ’ਤੇ ਨਗਰ ਨਿਗਮ ਵੱਲੋਂ ਨਿੱਜੀ ਕੰਪਨੀਆਂ ਨੂੰ ਦਿੱਤੇ ਗਏ ਕਰੀਬ 163 ਕਰੋੜ ਰੁਪਏ ਦੇ ਸਫਾਈ ਠੇਕਿਆਂ ’ਤੇ ਸਵਾਲ ਉੱਠਣ ਲੱਗੇ ਹਨ।

ਸ਼ਹਿਰ ’ਚ ਕੂੜਾ ਬਰਕਰਾਰ, ਕੰਪਨੀਆਂ ਨੂੰ ਭੁਗਤਾਨ ਜਾਰੀ
ਕੂੜਾ ਲਿਫਟਿੰਗ ਤੇ ਸੜਕਾਂ ਦੀ ਸਫਾਈ ਜਸ ਦੀ ਤਸ, ਨਿੱਜੀ ਕੰਪਨੀਆਂ ਨੂੰ ਬਿਨਾਂ ਲਾਗ ਬੁੱਕ ਚੈੱਕ ਕੀਤੇ ਹੋ ਰਿਹਾ ਭੁਗਤਾਨ : ਡਾ. ਰਾਜੂ
ਕਿਹਾ : ਦੋ ਕੰਪਨੀਆਂ ਨੂੰ ਇੱਕੋ ਪੈਨ ਨੰਬਰ ਅਤੇ ਪਤੇ ’ਤੇ ਕਾਂਟਰੈਕਟ ਦਿੱਤਾ ਗਿਆ, ਸਰਕਾਰੀ ਪੈਸਾ ਬਰਬਾਦ ਹੋਣ ਦਾ ਸ਼ੱਕ; ਇਸ ਦੀ ਜਾਂਚ ਹੋਣੀ ਚਾਹੀਦੀ ਹੈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਮਹਾਂਨਗਰ ਨੂੰ ਸਾਫ਼-ਸੁਥਰਾ ਰੱਖਣ ਦੇ ਨਾਂ ’ਤੇ ਨਗਰ ਨਿਗਮ ਵੱਲੋਂ ਨਿੱਜੀ ਕੰਪਨੀਆਂ ਨੂੰ ਦਿੱਤੇ ਗਏ ਕਰੀਬ 163 ਕਰੋੜ ਰੁਪਏ ਦੇ ਸਫਾਈ ਠੇਕਿਆਂ ’ਤੇ ਸਵਾਲ ਉੱਠਣ ਲੱਗੇ ਹਨ। ਦੋਸ਼ ਹੈ ਕਿ ਕਰੋੜਾਂ ਰੁਪਏ ਦੇ ਠੇਕੇ ਦੇਣ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕਿਆਂ ’ਚ ਘਰਾਂ ਤੋਂ ਕੂੜਾ ਚੁੱਕਣ, ਸੜਕਾਂ ਦੀ ਸਫਾਈ ਅਤੇ ਕੂੜੇ ਦੇ ਨਿਪਟਾਰੇ ਦਾ ਕੰਮ ਨਿਯਮਿਤ ਤੌਰ ’ਤੇ ਨਹੀਂ ਹੋ ਰਿਹਾ। ਇਸ ਦੇ ਬਾਵਜੂਦ ਕੰਪਨੀਆਂ ਨੂੰ ਲਗਾਤਾਰ ਭੁਗਤਾਨ ਕੀਤਾ ਜਾ ਰਿਹਾ ਹੈ। ਟੈਂਡਰ ਦੀਆਂ ਸ਼ਰਤਾਂ, ਕੰਪਨੀਆਂ ਦੀ ਚੋਣ ਅਤੇ ਕੰਮ ਦੀ ਨਿਗਰਾਨੀ ਨੂੰ ਲੈ ਕੇ ਵੀ ਗੰਭੀਰ ਅਨਿਯਮਤਾਵਾਂ ਦੇ ਦੋਸ਼ ਲਗਾਏ ਗਏ ਹਨ।
ਭਾਜਪਾ ਦੇ ਅੰਮ੍ਰਿਤਸਰ ਪੂਰਬੀ ਤੋਂ ਹਲਕਾ ਇੰਚਾਰਜ ਡਾ. ਜਗਮੋਹਨ ਸਿੰਘ ਰਾਜੂ (ਸੇਵਾਮੁਕਤ ਆਈਏਐੱਸ ਅਧਿਕਾਰੀ) ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਕਤੂਬਰ 2025 ’ਚ ਨਗਰ ਨਿਗਮ ਨੇ 85 ਵਾਰਡਾਂ ’ਚ ਘਰ-ਘਰ ਤੋਂ ਕੂੜਾ ਚੁੱਕਣ, ਉਸ ਨੂੰ ਡੰਪਿੰਗ ਸਾਈਟ ਤੱਕ ਪਹੁੰਚਾਉਣ, ਪ੍ਰੋਸੈਸਿੰਗ ਅਤੇ ਨਿਪਟਾਰੇ ਲਈ ਇੱਕ ਕੰਪਨੀ ਨੂੰ ਕਰੀਬ 98 ਕਰੋੜ ਰੁਪਏ ਦਾ ਠੇਕਾ ਦਿੱਤਾ ਸੀ। ਇਸ ’ਚ ਪ੍ਰਤੀ ਟਨ ਕੂੜੇ ਦੀ ਦਰ 1600 ਰੁਪਏ ਨਿਰਧਾਰਤ ਕੀਤੀ ਗਈ ਸੀ। ਕੰਪਨੀ ਨੂੰ ਕੂੜੇ ਦੀ ਪ੍ਰੋਸੈਸਿੰਗ ਲਈ ਸਹੂਲਤਾਂ ਵਿਕਸਿਤ ਕਰਨ ਅਤੇ ਮਸ਼ੀਨਾਂ ਲਗਾਉਣ ਦੀ ਸ਼ਰਤ ਵੀ ਰੱਖੀ ਗਈ ਸੀ। ਨਿਗਮ ਵੱਲੋਂ ਪ੍ਰਤੀ ਮਹੀਨਾ ਕਰੀਬ 700 ਟਨ ਕੂੜਾ ਇਕੱਠਾ ਹੋਣ ਦਾ ਅਨੁਮਾਨ ਦੱਸਿਆ ਗਿਆ ਸੀ। ਇਸ ਤਰ੍ਹਾਂ ਨਿਗਮ ਵੱਲੋਂ ਸਬੰਧਿਤ ਕੰਪਨੀ ਨੂੰ ਤਿੰਨ ਤੋਂ ਚਾਰ ਕਰੋੜ ਰੁਪਏ ਮਾਸਿਕ ਭੁਗਤਾਨ ਕੀਤਾ ਜਾ ਰਿਹਾ ਹੈ। ਦੋਸ਼ ਹੈ ਕਿ ਠੇਕਾ ਮਿਲਣ ਦੇ ਕਰੀਬ 10 ਮਹੀਨੇ ਬਾਅਦ ਵੀ ਪ੍ਰੋਸੈਸਿੰਗ ਦੀ ਵਿਵਸਥਾ ਧਰਾਤਲ ’ਤੇ ਸਿੱਧੇ ਰੂਪ ਨਾਲ ਨਜ਼ਰ ਨਹੀਂ ਆ ਰਹੀ, ਜਦਕਿ ਬਿਨਾਂ ਲਾਗ ਬੁੱਕ ਚੈੱਕ ਕੀਤੇ ਨਿਗਮ ਪ੍ਰਸ਼ਾਸਨ ਵੱਲੋਂ ਭੁਗਤਾਨ ਨਿਰੰਤਰ ਜਾਰੀ ਹੈ। ਡਾ. ਰਾਜੂ ਨੇ ਕਿਹਾ ਕਿ ਅਸਲ ਹਾਲਾਤਾਂ ਦਾ ਜ਼ਿਕਰ ਕਰੀਏ ਤਾਂ ਸ਼ਹਿਰ ’ਚ ਕੂੜੇ ਦੀ ਸਮੱਸਿਆ ਜਸ ਦੀ ਤਸ ਬਣੀ ਹੋਈ ਹੈ। ਉਹ ਪਿਛਲੇ ਦਿਨਾਂ ’ਚ ਅੰਮ੍ਰਿਤਸਰ ਪੂਰਬੀ ਸਹਿਤ ਸ਼ਹਿਰ ਦੇ ਵੱਖ-ਵੱਖ 20 ਤੋਂ 25 ਵਾਰਡਾਂ ’ਚ ਗਏ, ਤਾਂ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਘਰਾਂ ਤੋਂ ਨਿਯਮਿਤ ਕੂੜਾ ਨਹੀਂ ਚੁੱਕਿਆ ਜਾ ਰਿਹਾ। ਕਈ ਥਾਵਾਂ ’ਤੇ ਕੂੜਾ ਘਰਾਂ ਦੇ ਆਸ-ਪਾਸ ਅਤੇ ਗਲੀਆਂ ’ਚ ਜਮ੍ਹਾਂ ਰਹਿੰਦਾ ਹੈ। ਉਨ੍ਹਾਂ ਨੇ ਇਨ੍ਹਾਂ ਠੇਕਿਆਂ ਨਾਲ ਸਬੰਧਿਤ ਟੈਂਡਰ ਦਸਤਾਵੇਜ਼, ਲੈਟਰ ਆਫ ਅਲਾਟਮੈਂਟ ਅਤੇ ਹੋਰ ਰਿਕਾਰਡ ਦੇ ਦਸਤਾਵੇਜ਼ ਅਟੈਚ ਕਰਕੇ ਚੀਫ ਵਿਜੀਲੈਂਸ ਕਮਿਸ਼ਨਰ (ਭਾਰਤ ਸਰਕਾਰ), ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ਚੀਫ ਵਿਜੀਲੈਂਸ ਅਧਿਕਾਰੀ ਅਤੇ ਪੰਜਾਬ ਸਰਕਾਰ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸ਼ਿਕਾਇਤ ਭੇਜੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ 163 ਕਰੋੜ ਰੁਪਏ ਦੇ ਸਫਾਈ ਠੇਕਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਕੰਪਨੀਆਂ ਦੇ ਕੰਮ ਦਾ ਭੌਤਿਕ ਸਤਿਆਪਨ, ਭੁਗਤਾਨ ਰਿਕਾਰਡ ਦੀ ਪੜਤਾਲ ਅਤੇ ਟੈਂਡਰ ਪ੍ਰਕਿਿਰਆ ਦੀ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। ਨਾਲ ਹੀ, ਉਨ੍ਹਾਂ ਨੇ ਮੇਅਰ ਤੋਂ ਵੀ ਇਸ ਮਾਮਲੇ ’ਚ ਆਪਣਾ ਪੱਖ ਸਪੱਸ਼ਟ ਕਰਨ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਦੀ ਅਸਲ ਸਥਿਤੀ ਦੱਸਣ ਦੀ ਅਪੀਲ ਕੀਤੀ ਹੈ।
ਸੜਕਾਂ ਦੀ ਸਫਾਈ ਲਈ 29 ਕਰੋੜ ਦਾ ਠੇਕਾ, ਫਿਰ ਵੀ ਗੰਦਗੀ
ਡਾ. ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਗਲੀਆਂ ਦੀ ਸਫਾਈ ਲਈ ਦੋ ਕੰਪਨੀਆਂ ਨੂੰ ਕਰੀਬ 29 ਕਰੋੜ ਰੁਪਏ ਦੇ ਠੇਕੇ ਦਿੱਤੇ ਗਏ ਸਨ। ਇਸ ਦੇ ਬਾਵਜੂਦ ਵੱਖ-ਵੱਖ ਇਲਾਕਿਆਂ ’ਚ ਗੰਦਗੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕੋਲ ਬਾਕਾਇਦਾ, ਇਸ ਸਬੰਧ ’ਚ ਤਸਵੀਰਾਂ ਅਤੇ ਸਥਾਨਕ ਲੋਕਾਂ ਦੇ ਬਿਆਨ ਬਤੌਰ ਦਸਤਾਵੇਜ਼ੀ ਸਬੂਤ ਹਨ।
ਜੁਲਾਈ 2026 ਦੇ ਟੈਂਡਰ ’ਚ ਕਾਰਜਖੇਤਰ ਸਪੱਸ਼ਟ ਨਹੀਂ ਕੀਤੇ, 1600 ਰੁਪਏ ਤੋਂ ਵਧ ਕੇ 2957 ਰੁਪਏ ਪ੍ਰਤੀ ਟਨ ਹੋਈ ਦਰ
ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਜੁਲਾਈ 2026 ’ਚ ਨਿਗਮ ਨੇ ਸਫਾਈ ਵਿਵਸਥਾ ਲਈ ਦੁਬਾਰਾ ਟੈਂਡਰ ਜਾਰੀ ਕਰਕੇ ਕਰੀਬ 40 ਕਰੋੜ ਰੁਪਏ ਦਾ ਠੇਕਾ ਦੋ ਕੰਪਨੀਆਂ ਨੂੰ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਟੈਂਡਰ ਦਸਤਾਵੇਜ਼ਾਂ ’ਚ ਸਪੱਸ਼ਟ ਨਹੀਂ ਕੀਤਾ ਗਿਆ ਕਿ 85 ਵਾਰਡਾਂ ’ਚੋਂ ਕਿਹੜੇ ਇਲਾਕਿਆਂ ਨੂੰ ਇਸ ਠੇਕੇ ਤਹਿਤ ਸ਼ਾਮਲ ਕੀਤਾ ਗਿਆ ਹੈ। 24 ਅਗਸਤ 2026 ਨੂੰ ਜਾਰੀ ਇੱਕ ਪੱਤਰ ’ਚ ਕੰਪਨੀ ਨੂੰ ਵਾਰਡ ਨੰਬਰ 3 ਤੋਂ 17 ਅਤੇ ਵਾਰਡ ਨੰਬਰ 61 ਅਤੇ 62 ’ਚ ਕੰਮ ਸੌਂਪਣ ਦਾ ਜ਼ਿਕਰ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਇਹ ਸਾਰੇ ਵਾਰਡ ਪਹਿਲੇ ਵਾਲੇ ਠੇਕੇ ’ਚ ਵੀ ਸ਼ਾਮਲ ਸਨ। ਮਾਮਲਾ ਅਦਾਲਤ ’ਚ ਪਹੁੰਚਣ ਤੋਂ ਬਾਅਦ ਉਕਤ ਪੱਤਰ ਰੱਦ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਕਰੀਬ 39.9 ਕਰੋੜ ਰੁਪਏ ਦਾ ਠੇਕਾ ਕਾਰਜਖੇਤਰ ਸਪੱਸ਼ਟ ਕੀਤੇ ਬਿਨਾਂ ਜਾਰੀ ਰਹਿਣ ’ਤੇ ਸਵਾਲ ਉੱਠ ਰਹੇ ਹਨ। ਇਸ ਦੇ ਨਾਲ ਹੀ ਪਹਿਲੇ ਟੈਂਡਰ ’ਚ 1600 ਰੁਪਏ ਪ੍ਰਤੀ ਟਨ ਦਰ ਨਿਰਧਾਰਤ ਸੀ, ਜਦਕਿ ਜੁਲਾਈ 2026 ਦੇ ਟੈਂਡਰ ’ਚ ਇਹ ਦਰ 85 ਪ੍ਰਤੀਸ਼ਤ ਵਧ ਕੇ 2957 ਰੁਪਏ ਪ੍ਰਤੀ ਟਨ ਹੋ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਨਵੇਂ ਟੈਂਡਰ ’ਚ ਇੱਕ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਸ਼ਰਤਾਂ ਤਿਆਰ ਕੀਤੀਆਂ ਗਈਆਂ। ਉਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਚੁਣੀਆਂ ਗਈਆਂ ਦੋ ਕੰਪਨੀਆਂ ਦੇ ਪੈਨ ਨੰਬਰ ਅਤੇ ਪਤੇ ਇਕੋ ਜਿਹੇ ਹਨ। ਟੈਂਡਰ ’ਚ 10 ਲੱਖ ਆਬਾਦੀ ਵਾਲੇ ਖੇਤਰ ’ਚ ਕੰਮ ਕਰਨ ਦਾ ਤਜਰਬਾ ਮੰਗਿਆ ਗਿਆ ਸੀ, ਜਦਕਿ ਕੰਪਨੀ ਵੱਲੋਂ ਕਾਨਪੁਰ ਦੇ ਕੈਂਟੋਨਮੈਂਟ ਖੇਤਰ ’ਚ ਕੰਮ ਦਾ ਤਜਰਬਾ ਪੇਸ਼ ਕਰਕੇ ਠੇਕਾ ਹਾਸਲ ਕਰ ਲਿਆ ਗਿਆ।
ਸਾਢੇ ਚਾਰ ਸਾਲ ਡਾ. ਜਗਮੋਹਨ ਰਾਜੂ ਕਿਤੇ ਦਿਖਾਈ ਨਹੀਂ ਦਿੱਤੇ : ਮੇਅਰ
ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਪਹਿਲੇ ਸਾਢੇ ਚਾਰ ਸਾਲ ਡਾ. ਜਗਮੋਹਨ ਰਾਜੂ ਕਿਤੇ ਦਿਖਾਈ ਨਹੀਂ ਦਿੱਤੇ। ਹੁਣ ਜਦੋਂ ਵਿਧਾਨ ਸਭਾ ਚੋਣ ਸਿਰ ’ਤੇ ਹੈ ਤਾਂ ਘਰੋਂ ਨਿਕਲ ਕੇ ਇਨ੍ਹਾਂ ਬੇਬੁਨਿਆਦ ਦੋਸ਼ਾਂ ਰਾਹੀਂ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰਨ ਲੱਗ ਗਏ ਹਨ। ਪਿਛਲੀਆਂ ਚੋਣਾਂ ’ਚ ਵੀ ਉਨ੍ਹਾਂ ਦੀ ਜ਼ਮਾਨਤ ਰੱਦ ਹੋ ਗਈ ਸੀ। ਇਸ ਵਾਰ ਵੀ ਜੇਕਰ ਟਿਕਟ ਮਿਲਦੀ ਹੈ ਤਾਂ ਇਹੀ ਹਾਲ ਰਹਿਣ ਵਾਲਾ ਹੈ। ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦਾ ਹਾਂ ਕਿ ਪਹਿਲੀ ਕੰਪਨੀ ਨੂੰ ਕੂੜਾ ਲਿਫਟਿੰਗ ਸਹੀ ਤਰੀਕੇ ਨਾਲ ਨਾ ਕਰਨ ਦੇ ਚੱਲਦਿਆਂ ਕਰੀਬ 15 ਤੋਂ 20 ਕਰੋੜ ਰੁਪਏ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਸ਼ਹਿਰ ’ਚ ਕੂੜੇ ਦੀ ਮਾਤਰਾ 550 ਟਨ ਤੋਂ ਵਧ ਕੇ 750 ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਲਈ ਦੂਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਫਿਰ ਵੀ ਜੇਕਰ ਮਹਾਨਗਰ ’ਚ ਸਫਾਈ ਵਿਵਸਥਾ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਸ਼ੰਕਾ ਹੈ ਤਾਂ ਆਰਟੀਆਈ ਪਾ ਲੈਣ, ਅਸੀਂ ਜਵਾਬ ਦੇਵਾਂਗੇ।