ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਦੋ ਘਰਾਂ ਨੂੰ ਲੁੱਟਣ ਦੀ ਕੋਸ਼ਿਸ਼ ਨਾਕਾਮ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਇਥੋਂ ਨਜ਼ਦੀਕੀ ਪਿੰਡ ਪੱਡੇ ਵਿਖੇ ਦਿਨ-ਦਿਹਾੜੇ ਬੇਖੌਫ ਲੁਟੇਰਿਆਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ, ਪਰ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ
Publish Date: Wed, 09 Sep 2026 04:42 PM (IST)
Updated Date: Wed, 09 Sep 2026 04:43 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਇਥੋਂ ਨਜ਼ਦੀਕੀ ਪਿੰਡ ਪੱਡੇ ਵਿਖੇ ਦਿਨ-ਦਿਹਾੜੇ ਬੇਖੌਫ ਲੁਟੇਰਿਆਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ, ਪਰ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਦਿਨੇ 12.22 ’ਤੇ ਦੋ ਲੁਟੇਰੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਾਲੀ ਗਲੀ ਵਿਚ ਸਥਿਤ ਹਰਜੀਪ੍ਰੀਤ ਸਿੰਘ ਦੇ ਘਰ ਮੂਹਰੇ ਆਏ। ਉਸ ਸਮੇਂ ਉਨ੍ਹਾਂ ਦੀ ਪਤਨੀ ਘਰ ਵਿਚ ਇਕੱਲੀ ਸੀ। ਇਕ ਨੌਜਵਾਨ ਜਿਸ ਨੇ ਆਪਣੇ ਮੋਢਿਆਂ ਤੇ ਕਿਟ ਪਾਈ ਹੋਈ ਸੀ, ਉਹ ਪਿੱਛੇ ਹੀ ਖੜਾ ਹੋ ਗਿਆ, ਜਦਕਿ ਦੂਜਾ ਘਰ ਦੇ ਗੇਟ ਮੂਹਰੇ ਪਹੁੰਚਿਆ ਤੇ ਗੇਟ ਦਾ ਬਾਹਰਲਾ ਕੁੰਡਾ ਖੋਲ੍ਹ ਕੇ ਜਦ ਅੰਦਰ ਦਾਖਲ ਹੋਣ ਲੱਗਾ ਤਾਂ ਖੁਸ਼ਕਿਸਮਤੀ ਵਜੋਂ ਉਨ੍ਹਾਂ ਦਾ ਪਾਲਤੂ ਵਿਦੇਸ਼ੀ ਨਸਲ ਦਾ ਕੁੱਤਾ ਘਰ ਦੇ ਵਿਹੜੇ ਵਿਚ ਬੈਠਾ ਹੋਇਆ ਸੀ ਤੇ ਅੰਦਰੋਂ ਉਕਤ ਲੁਟੇਰੇ ਨੂੰ ਪੈ ਗਿਆ। ਇਸ ਤੋਂ ਡਰਦੇ ਹੋਏ ਇਹ ਲੁਟੇਰੇ ਵਾਰਦਾਤ ਨੂੰ ਬਿਨਾਂ ਅੰਜਾਮ ਦਿੱਤੇ ਵਾਪਸ ਨਿਕਲ ਗਏ ਤੇ ਉਨ੍ਹਾਂ ਦਾ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਜੇ ਇਹ ਲੁਟੇਰੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਤਾਂ ਘਰ ਵਿਚ ਇਕੱਲੀ ਉਨ੍ਹਾਂ ਦੀ ਪਤਨੀ ਨੂੰ ਜਾਨੀ ਨੁਕਸਾਨ ਵੀ ਪਹੁੰਚਾ ਸਕਦੇ ਸਨ। ਇਸੇ ਹੀ ਸਮੇਂ ਇਥੋਂ ਕੁਝ ਹੀ ਕਦਮ ਦੂਰ ਜੀਤ ਸਿੰਘ ਦੀ ਲੜਕੀ ਘਰ ਦੇ ਅੰਦਰ ਵਾਲੇ ਕਮਰੇ ਨੂੰ ਤਾਲਾ ਲਾ ਕੇ ਤੇ ਬਾਹਰ ਵਾਲੇ ਗੇਟ ਨੂੰ ਬਿਨਾਂ ਤਾਲਾ ਲਾਏ ਨੇੜੇ ਹੀ ਕਿਸੇ ਕੰਮ ਗਈ ਹੋਈ ਸੀ ਤਾਂ ਲੁਟੇਰੇ ਇਨ੍ਹਾਂ ਦੇ ਘਰ ਦਾਖਲ ਹੋਏ ਤੇ ਕਮਰੇ ਤਾਲਾ ਤੋੜ ਕੇ ਅੰਦਰ ਫੋਲਾ-ਫਰਾਲੀ ਕਰਦੇ ਰਹੇ, ਪਰ ਕੁਝ ਵੀ ਲਿਜਾਣ ਵਿਚ ਅਸਫਲ ਰਹੇ। ਇਹ ਸਾਫ ਨਹੀਂ ਹੋ ਸਕਿਆ ਕਿ ਇਹ ਦੋਵੇ ਵਾਰਦਾਤਾਂ ਇਕ ਹੀ ਗਰੁੱਪ ਵਲੋਂ ਕੀਤੀਆਂ ਗਈਆਂ ਹਨ ਜਾਂ ਇਨ੍ਹਾਂ ਦੇ ਨਾਲ ਕੋਈ ਹੋਰ ਵੀ ਸੀ। ਇਸ ਦੀ ਇਤਲਾਹ ਪੁਲਿਸ ਚੌਕੀ ਰਈਆ ਨੂੰ ਦੇ ਦਿੱਤੀ ਗਈ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਵਿਚ ਪਿਛਲੇ ਲੰਬੇ ਸਮੇਂ ਤੋਂ ਵੱਡੇ ਪੱਧਰ ਤੇ ਨਸ਼ਾ ਵਿਕਦਾ ਹੈ। ਕਈ ਸਰਕਾਰਾਂ ਬਦਲ ਗਈਆਂ, ਪਰ ਇਥੇ ਨਸ਼ੇ ਨੂੰ ਠੱਲ੍ਹ ਨਹੀਂ ਪਈ।