- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਸਰ ਦੇ ਪੰਡੋਰੀ ਇਲਾਕੇ ’ਚ ਇੱਕ ਧਾਰਮਿਕ ਸਥਾਨ ਦੇ ਸੇਵਾਦਾਰ ਸੁਰਜੀਤ ਸਿੰਘ ਨੂੰ ਦੋ ਨਕਾਬਪੋਸ਼ਾਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ ਲੋਪੋਕੇ ਅਧੀਨ ਪੈਂਦੇ ਪੰਡੋਰੀ ਇਲਾਕੇ ਵਿਚ ਧਾਰਮਿਕ ਸਥਾਨ ਗੁਲਾਮ ਸ਼ਾਹ ਤੇ ਕੁਝ ਲੋਕਾਂ ਨੇ ਗੋਲੀ ਮਾਰ ਕੇ ਉੱਥੇ ਸੇਵਾ ਕਰ ਰਹੇ ਸੁਰਜੀਤ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪਤਾ ਲੱਗਾ ਹੈ ਕਿ ਗੋਲੀ ਪੱਟ ਤੇ ਲੱਗੀ ਅਤੇ ਚਾਰ ਥਾਵਾਂ ਤੇ ਛੂੰਹਦੀ ਹੋਈ ਆਰ-ਪਾਰ ਹੋ ਗਈ।
ਘਟਨਾ ਬਾਰੇ ਪਤਾ ਲੱਗਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਸੁਰਜੀਤ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਏਐਸਆਈ ਕਿਸ਼ਨ ਸਿੰਘ ਨੇ ਦੱਸਿਆ ਕਿ ਸੀਸੀ ਕੈਮਰੇ ਖੰਗਾਲੇ ਜਾ ਰਹੇ ਹਨ। ਗੋਲੀ ਚਲਾਉਣ ਵਾਲਿਆਂ ਦੀ ਪਛਾਣ ਕਰਵਾਈ ਜਾ ਰਹੀ ਹੈ।
ਪੰਡੋਰੀ ਪਿੰਡ ਵਾਸੀ ਸੁਰਜੀਤ ਸਿੰਘ ਨੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦੱਸਿਆ ਕਿ ਉਹ ਗੁਲਾਮ ਸ਼ਾਹ ਦੇ ਸਥਾਨ ਤੇ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਹੈ। ਉਕਤ ਸਥਾਨ ਤੇ ਪਹਿਲਾਂ ਚੋਰੀਆਂ ਹੋ ਚੁੱਕੀਆਂ ਹਨ। ਕਦੇ ਅਣਪਛਾਤੇ ਚੋਰ ਉੱਥੋਂ ਪੱਖੇ ਲਾਹ ਕੇ ਲੈ ਜਾਂਦੇ ਹਨ ਤਾਂ ਕਦੇ ਗੋਲਕ ਵਿੱਚੋਂ ਪੈਸੇ। ਸ਼ੁੱਕਰਵਾਰ ਸਵੇਰੇ ਜਦੋਂ ਉਹ ਉਕਤ ਸਥਾਨ ਤੇ ਸੇਵਾ ਕਰ ਰਿਹਾ ਸੀ ਤਾਂ ਉੱਥੇ ਕੰਧ ਤੇ ਦੋ ਨਕਾਬਪੋਸ਼ ਬੈਠੇ ਸਨ।
ਸੁਰਜੀਤ ਨੇ ਦੱਸਿਆ ਕਿ ਜਦੋਂ ਉਸ ਨੇ ਨਕਾਬਪੋਸ਼ਾਂ ਤੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਉਹ ਗਾਲ੍ਹਾਂ ਕੱਢਣ ਲੱਗੇ। ਜਦੋਂ ਉਸ ਨੇ ਉਨ੍ਹਾਂ ਨੂੰ ਭਜਾਉਣ ਲਈ ਸੋਟੀ ਚੁੱਕੀ ਤਾਂ ਇੱਕ ਨਕਾਬਪੋਸ਼ ਨੇ ਪਿਸਟਲ ਕੱਢ ਕੇ ਉਸ ਤੇ ਗੋਲੀ ਚਲਾ ਦਿੱਤੀ। ਗੋਲੀ ਉਸ ਦੇ ਪੱਟ ਤੇ ਲੱਗੀ ਅਤੇ ਚਾਰ ਥਾਵਾਂ ਤੇ ਛੂੰਹਦੀ ਹੋਈ ਆਰ-ਪਾਰ ਹੋ ਗਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਮੁਲਜ਼ਮ ਉੱਥੋਂ ਭੱਜ ਗਏ।