ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਤੇ ਗਰਮ ਕੱਪੜੇ ਵੰਡੇ
ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਅਤੇ ਗਰਮ ਕੱਪੜੇ ਵੰਡੇ
Publish Date: Sat, 17 Jan 2026 05:09 PM (IST)
Updated Date: Sun, 18 Jan 2026 04:07 AM (IST)

ਹਰ ਮਹੀਨੇ 125 ਪਰਿਵਾਰਾਂ ਨੂੰ ਵੰਡਿਆ ਜਾਂਦੈ ਰਾਸ਼ਨ : ਬਾਬਾ ਮਲਕੀਤ ਸਿੰਘ ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ, ਟਾਂਗਰਾ : ਨੈਸ਼ਨਲ ਹਾਈਵੇ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸੰਤ ਬਾਬਾ ਗੁਰਬਖਸ਼ ਸਿੰਘ ਜੀ ਖਾਲਸਾ ਅਕੈਡਮੀ, ਜੱਬੋਵਾਲ ਵੱਲੋਂ ਐਨਆਰ ਆਈ ਵੀਰਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਯੂਆਰ ਸੇਵਾ ਚੈਰਿਟੀ ਵੱਲੋਂ ਬੜੇ ਹੀ ਨੇਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਇਸ ਅਕੈਡਮੀ ਵੱਲੋਂ ਲੋੜਵੰਦ ਬੱਚਿਆਂ ਅਤੇ ਗਰੀਬ ਪਰਿਵਾਰਾਂ ਦੀ ਬਾਂਹ ਫੜੀ ਜਾ ਰਹੀ ਹੈ। ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਅਕੈਡਮੀ ਵੱਲੋਂ ਗਰੀਬ ਪਰਿਵਾਰਾਂ, ਲੋੜਵੰਦ ਪਰਿਵਾਰਾਂ ਅਤੇ ਜਿਨਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ ਹੈ, ਉਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਅਕੈਡਮੀ ਦੇ ਮੁੱਖ ਸੇਵਾਦਾਰ ਬਾਬਾ ਮਲਕੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪਹਿਲ ਕਦਮੀ ਅਤੇ ਸੇਵਾ ਦੀ ਆਰੰਭਤਾ 2013 ਤੋਂ ਸ਼ੁਰੂ ਕੀਤੀ ਅਤੇ 2014 ਨੂੰ ਰਾਸ਼ਨ ਅਸੀਂ ਪਹਿਲਾਂ ਪੰਜ ਪਰਿਵਾਰਾਂ ਵਿਚ ਵੰਡਿਆ, ਇਹ ਉਹ ਪਰਿਵਾਰ ਸਨ ਜਿਨਾਂ ਦੇ ਕਮਰੇ ਵੀ ਕੱਚੇ ਸਨ। ਸਰਕਾਰ ਵੱਲੋਂ ਉਨ੍ਹਾਂ ਪਰਿਵਾਰਾਂ ਦੇ ਰਾਸ਼ਨ ਕਾਰਡ ਵੀ ਕੱਟੇ ਹੋਏ ਸਨ। ਇਸ ਮੌਕੇ ਤੇ ਬਾਬਾ ਮਲਕੀਤ ਸਿੰਘ ਨੇ ਦੱਸਿਆ ਕਿ ਅਸੀਂ ਰਾਸ਼ਨ ਦੇ ਨਾਲ ਨਾਲ ਫਿਰ ਇਹ ਵੀ ਸੋਚਿਆ ਕਿ ਇਨ੍ਹਾਂ ਦੇ ਬੱਚਿਆਂ ਨੂੰ ਅਕੈਡਮੀ ਵਿਚ ਹੀ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਗੁਰਮਤਿ ਨਾਲ ਵੀ ਜੋੜਿਆ ਜਾਵੇ, ਤਾਂ ਜੋ ਬੱਚੇ ਪੜ ਲਿਖ ਸਕਣ ਅਤੇ ਗੁਰਬਾਣੀ ਨਾਲ ਜੁੜਨ ਅਤੇ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਣ। ਬਾਬਾ ਮਲਕੀਤ ਸਿੰਘ ਨੇ ਦੱਸਿਆ ਕਿ 2014 ਤੋਂ ਲੈ ਕੇ 2025 ਤੱਕ ਹੁਣ ਲਗਭਗ 125 ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਰਾਸਨ ਵੰਡਣ ਤੋਂ ਪਹਿਲਾਂ ਸੰਗਤ ਨੂੰ ਦੋ ਘੰਟੇ 9 ਤੋਂ 11 ਵਜੇ ਤੱਕ ਨਾਮ ਜਪਾਇਆ ਜਾਂਦਾ ਹੈ। ਇਸ ਵਾਰ ਰਾਸ਼ਨ ਦੇ ਨਾਲ-ਨਾਲ ਸਰਦ ਰੁੱਤ ਨੂੰ ਵੇਖਦਿਆਂ ਹੋਇਆਂ ਲੋੜਵੰਦ ਪਰਿਵਾਰਾਂ ਨੂੰ ਅਤੇ ਗਰੀਬ ਬੱਚਿਆਂ ਅਤੇ ਬੇਸਹਾਰਾ ਲੋਕਾਂ ਨੂੰ ਗਰਮ ਕੱਪੜੇ ਬੱਚਿਆਂ ਦੇ ਕੱਪੜੇ ਗਰਮ ਸ਼ਾਲ, ਕੋਟੀਆਂ, ਸਵੈਟਰ, ਜੈਕਟਾ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਐਨਆਰਆਈ ਵੀਰਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਸੁਸਾਇਟੀ ਨਾਲ ਜੁੜੋ ਤਾਂ ਕਿ ਗਰੀਬ, ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜੀ ਜਾ ਸਕੇ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਮਲਕੀਤ ਸਿੰਘ, ਭਾਈ ਸੁਖਚੈਨ ਸਿੰਘ, ਗਿਆਨੀ ਤੇਜਬੀਰ ਸਿੰਘ, ਪ੍ਰਿੰਸੀਪਲ ਸੁਰਿੰਦਰਜੀਤ ਸਿੰਘ, ਜਸਪਾਲ ਸਿੰਘ ਟੋਮਾ, ਸੁਖਦੇਵ ਸਿੰਘ, ਗੁਰਬਾਜ ਸਿੰਘ ਬਾਜ, ਗੁਰਪਿੰਦਰ ਸਿੰਘ ਆਦਿ ਸੇਵਾਦਾਰ ਹਾਜਰ ਸਨ।