ਸਿਆਸੀ ਕਾਨਫਰੰਸਾਂ ਦੇ ਰੰਗ ’ਚ ਰੰਗਿਆ ‘ਬਾਬਾ ਬਕਾਲਾ ਸਾਹਿਬ’ ਦਾ ਰੱਖੜ ਪੁੰਨਿਆ ਦਾ ਮੇਲਾ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ/ ਬਾਬਾ ਬਕਾਲਾ ਸਾਹਿਬ : ਰੱਖੜ ਪੁੰਨਿਆ ਦਾ ਮੇਲਾ ਬਾਬਾ ਬਕਾਲਾ ਸਾਹਿਬ ਵਿਖੇ 28 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਧਾਰਮਿਕ ਸਮਾਗਮ ਹੋਣਗੇ, ਜਿਸ ਵਿਚ ਦੇਸ਼
Publish Date: Wed, 26 Aug 2026 06:46 PM (IST)
Updated Date: Wed, 26 Aug 2026 06:49 PM (IST)
ਪੁਨਰ ਸੁਰਜੀਤ ਕਾਨਫਰੰਸਾਂ ਦੀ ਦੌੜ ’ਚੋਂ ਬਾਹਰ, ਆਪ, ਅਕਾਲੀ, ਕਾਂਗਰਸ, ਭਾਜਪਾ ਸਮੇਤ ਵੱਖ-ਵੱਖ ਪਾਰਟੀਆਂ ਦੀਆਂ ਹੋਣਗੀਆਂ ਕਾਨਫਰੰਸਾਂ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ/ ਬਾਬਾ ਬਕਾਲਾ ਸਾਹਿਬ : ਰੱਖੜ ਪੁੰਨਿਆ ਦਾ ਮੇਲਾ ਬਾਬਾ ਬਕਾਲਾ ਸਾਹਿਬ ਵਿਖੇ 28 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਧਾਰਮਿਕ ਸਮਾਗਮ ਹੋਣਗੇ, ਜਿਸ ਵਿਚ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਰਿਵਾਰਾਂ ਸਮੇਤ ਸ਼ਾਮਲ ਹੋਣਗੀਆਂ। ਰੱਖਣ ਪੁੰਨਿਆ ਦੇ ਧਾਰਮਿਕ ਮੇਲੇ ਵਿਚ ਸਿਆਸੀ ਕਾਨਫਰੰਸਾਂ ਦੇ ਰੰਗ ’ਚ ‘ਬਾਬਾ ਬਕਾਲਾ ਸਾਹਿਬ’ ਰੰਗਿਆ ਨਜ਼ਰ ਆਵੇਗਾ। ਜਿਥੇ ਸੰਗਤਾਂ ਨੂੰ ਇਸ ਦਿਨ ਦੀਆਂ ਵਧਾਈਆਂ ਦੇ ਇਸ਼ਤਿਹਾਰ ਬੋਰਡ ਲਗਾਏ ਗਏ ਹਨ, ਉਥੇ ਹੀ ਵੱਖ-ਵੱਖ ਪਾਰਟੀਆਂ ਵੱਲੋਂ ਵੀ ਆਪਣੀਆਂ ਕੀਤੀਆਂ ਜਾ ਰਹੀਆਂ ਸਿਆਸੀ ਕਾਨਫਰੰਸਾਂ ਦੇ ਮੱਦੇਨਜ਼ਰ ਇਸ਼ਤਿਹਾਰ ਬੋਰਡ ਅਤੇ ਪਾਰਟੀਆਂ ਦੇ ਝੰਡੇ ਲਗਾਏ ਗਏ ਹਨ। ਵੱਖ- ਵੱਖ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਲਈ ਆਪਣੇ-ਆਪਣੇ ਪੰਡਾਲ ਵੀ ਸਜਾਏ ਗਏ ਹਨ। ਜਿਸ ਵਿਚ ਆਮ ਆਦਮੀ ਪਾਰਟੀ ਵੱਲੋਂ ਰਈਆ ਦਾਣਾ ਮੰਡੀ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਦੇਖ-ਰੇਖ ਵਿਚ ਇਸ ਕਾਂਨਫਰੰਸ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਕੈਬਨਿਟ ਮੰਤਰੀ, ਵਿਧਾਇਕ ਤੇ ਹੋਰ ਆਗੂ ਪਹੁੰਚ ਕੇ ਸੰਬੋਧਨ ਕਰਨਗੇ। ਇਸੇ ਤਰ੍ਹਾਂ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਵੀ ਕਾਂਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੀ ਰੰਧਾਵਾ ਸਮੇਤ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚ ਕੇ ਸੰਬੋਧਨ ਕਰੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿਚ ਸਾਬਕਾ ਉਪ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਪਹੁੰਚ ਕੇ ਆਪਣੇ ਵਿਚਾਰ ਰੱਖੇਗੀ। ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਸਾਬਕਾ ਚੀਫ ਪਾਰਲੀਮੈਂਟ ਸਕੱਤਰ ਤੇ ਭਾਜਪਾ ਸੂਬਾ ਸਕੱਤਰ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਵਿਖੇ ਕਾਂਨਫਰੰਸ ਕਰਵਾਈ ਜਾ ਰਹੀ ਜਿਸ ਵਿਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋ, ਸਾਬਕਾ ਪ੍ਰਧਾਨ ਸੁਨੀਲ ਜਾਖੜ ਸਮੇਤ ਕੇਂਦਰ ਤੇ ਪੰਜਾਬ ਤੋਂ ਸੀਨੀਅਰ ਲੀਡਰਸਿਪ ਪਹੁੰਚ ਕੇ ਸੰਬੋਧਨ ਕਰੇਗੀ। ਇੱਥੇ ਵਰਨਣਯੋਗ ਹੈ ਕਿ ਭਾਜਪਾ ਵੱਲੋਂ ਪਹਿਲੀ ਵਾਰ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਨੂੰ ਲੈ ਕੇ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਵਿਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਕਾਲੀ- ਭਾਜਪਾ ਗਠਜੋੜ ਸਮੇਂ ਕਾਨਫਰੰਸ ਅਕਾਲੀ ਦਲ ਵੱਲੋਂ ਕਰਵਾਈ ਜਾਂਦੀ ਸੀ। ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਵੀ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਕਰਵਾਈ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਵਿਚ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ ਆਦਿ ਆਗੂ ਪਹੁੰਚ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਇਸ ਕਾਨਫਰੰਸ ਦੀ ਦੋੜ ’ਚੋਂ ਬਾਹਰ ਹੈ। ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਵਿਚ ਵਰਕਰਾਂ ਨੂੰ ਲਿਆਉਂਣ ਲਈ ਪਾਰਟੀ ਦੇ ਆਗੂ ਤੇ ਵਰਕਰ ਪਿਛਲੇ ਕਈ ਦਿਨਾਂ ਤੋਂ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਕਾਨਫਰੰਸਾਂ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇਕ ਦੂਸਰੇ ਉਪਰ ਇਲਜਾਮ ਬਾਜ਼ੀ ਦੇ ਬਿਆਨਾਂ ਰਾਹੀਂ ਨਿਸ਼ਾਨੇ ਸਾਧੇ ਜਾਣਗੇ ਅਤੇ ਆਉਂਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਵੀ ਸਾਂਝਾ ਕੀਤਾ ਜਾਵੇਗਾ।