ਰੇਲਵੇ ਸਟੇਸ਼ਨ : ਰਿਜ਼ਰਵੇਸ਼ਨ ਕੇਂਦਰ ਦੇ ਬਾਹਰ ਬੈਂਚ ਤਾਂ ਲੱਗੇ, ਪਰ ਛੱਤ ’ਤੇ ਪੱਖੇ ਨਹੀਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਅਤੇ ਕੇਂਦਰ ਸਰਕਾਰ ਤੋਂ ਕਰੋੜਾਂ ਰੁਪਏ ਮਨਜ਼ੂਰ ਕਰਵਾਉਣ ਦੇ ਅਕਸਰ
Publish Date: Mon, 05 Oct 2026 07:31 PM (IST)
Updated Date: Mon, 05 Oct 2026 07:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਅਤੇ ਕੇਂਦਰ ਸਰਕਾਰ ਤੋਂ ਕਰੋੜਾਂ ਰੁਪਏ ਮਨਜ਼ੂਰ ਕਰਵਾਉਣ ਦੇ ਅਕਸਰ ਦਾਅਵੇ ਕੀਤੇ ਜਾਂਦੇ ਰਹੇ ਹਨ। ਗੋਲਬਾਗ ਸਾਈਡ ਸਥਿਤ ਰਿਜ਼ਰਵੇਸ਼ਨ ਕੇਂਦਰ ਦੇ ਬਾਹਰ ਦੀ ਤਸਵੀਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੀ ਨਜ਼ਰ ਆ ਰਹੀ ਹੈ। ਇੱਥੇ ਯਾਤਰੀਆਂ ਦੇ ਬੈਠਣ ਲਈ ਬੈਂਚ ਤਾਂ ਲਗਾਏ ਗਏ ਹਨ, ਪਰ ਛੱਤ ਤੇ ਪੱਖੇ ਨਹੀਂ ਹਨ। ਇਸ ਨਾਲ ਟਿਕਟ ਬੁਕਿੰਗ ਕਰਵਾਉਣ ਆਉਂਦੇ ਜਾਂ ਟ੍ਰੇਨਾਂ ਦਾ ਇੰਤਜ਼ਾਰ ਕਰਨ ਲਈ ਉਥੇ ਬੈਠਦੇ ਯਾਤਰੀ ਗਰਮੀ ਚ ਬੇਹਾਲ ਹੋ ਰਹੇ ਹਨ। ਉਹ ਰੁਮਾਲ, ਗਮਛੇ ਜਾਂ ਚੁੰਨੀ ਨਾਲ ਜੁਗਾੜੀ ਪੱਖੀ ਬਣਾ ਕੇ ਖੁਦ ਨੂੰ ਹਵਾ ਮਾਰਨ ਲਈ ਮਜਬੂਰ ਹਨ। ਸਟੇਸ਼ਨ ਦੇ ਪਿਛਲੇ ਪਾਸੇ ਗੋਲਬਾਗ ਪ੍ਰਵੇਸ਼ ਦੁਆਰ ਤੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਤੀਰਥ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਅੰਦਰੂਨ ਸ਼ਹਿਰ ਨੇੜੇ ਪੈਣ ਅਤੇ ਮੁੱਖ ਰਸਤੇ ਦੇ ਮੁਕਾਬਲੇ ਟ੍ਰੈਫਿਕ ਦਾ ਦਬਾਅ ਘੱਟ ਹੋਣ ਕਾਰਨ ਰੋਜ਼ਾਨਾ ਔਸਤਨ 30 ਹਜ਼ਾਰ ਸੈਲਾਨੀ, ਸ਼ਰਧਾਲੂ, ਕਾਰੋਬਾਰੀ, ਵਪਾਰੀ ਅਤੇ ਆਮ ਯਾਤਰੀ ਇਸੇ ਰਸਤੇ ਤੋਂ ਸਟੇਸ਼ਨ ਆਉਂਦੇ-ਜਾਂਦੇ ਹਨ। ਇਸ ਦੇ ਬਾਵਜੂਦ ਗੋਲਬਾਗ ਸਾਈਡ ਤੇ ਯਾਤਰੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪੱਖਿਆਂ ਵਰਗੀ ਬੁਨਿਆਦੀ ਸਹੂਲਤ ਦਾ ਘਾਟ ਸਵਾਲ ਖੜ੍ਹੇ ਕਰਦਾ ਹੈ। ਰਿਜ਼ਰਵੇਸ਼ਨ ਕੇਂਦਰ ਦੇ ਬਾਹਰ ਬੈਂਚ ਲਗਾਏ ਜਾਣ ਨਾਲ ਯਾਤਰੀਆਂ ਨੂੰ ਬੈਠਣ ਦੀ ਸਹੂਲਤ ਜ਼ਰੂਰ ਮਿਲੀ ਹੈ, ਪਰ ਗਰਮੀ ਚ ਬਿਨਾਂ ਪੱਖੇ ਤੋਂ ਇਨ੍ਹਾਂ ਬੈਂਚਾਂ ਤੇ ਬੈਠਣਾ ਮੁਸ਼ਕਲ ਹੋ ਰਿਹਾ ਹੈ। ਖਾਸ ਕਰਕੇ ਬਜ਼ੁਰਗ, ਔਰਤਾਂ, ਬੱਚੇ ਅਤੇ ਟ੍ਰੇਨ ਦਾ ਇੰਤਜ਼ਾਰ ਕਰਨ ਵਾਲੇ ਯਾਤਰੀ ਪਰੇਸ਼ਾਨ ਹੁੰਦੇ ਦਿਖ ਰਹੇ ਹਨ। ਇਸ ਪ੍ਰੇਸ਼ਾਨੀ ਚੋਂ ਗੁਜ਼ਰਨ ਵਾਲੇ ਯਾਤਰੀ- ਰੇਣੂਕਾ ਵਿਜ, ਗੁਰਸੇਵਕ ਸਿੰਘ, ਨਰਿੰਦਰ ਕੰਨੌਜੀਆ, ਸਾਹਿਲ ਕੁਮਾਰ ਆਦਿ ਯਾਤਰੀਆਂ ਨੇ ਇਸ ਨੂੰ ਰੇਲਵੇ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਦੱਸਦਿਆਂ ਕਿਹਾ ਕਿ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ਵਿਚਾਲੇ ਬੈਠਣ ਲਈ ਬੈਂਚ ਅਤੇ ਹਵਾ ਲਈ ਪੱਖੇ ਵਰਗੀਆਂ ਮੁੱਢਲੀਆਂ ਸਹੂਲਤਾਂ ਇਕੱਠੀਆਂ ਉਪਲਬਧ ਕਰਵਾਉਣਾ ਰੇਲਵੇ ਦੀ ਪਹਿਲ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ ਫਿਰੋਜ਼ਪੁਰ ਮੰਡਲ ਦਾ ਅਹਿਮ ਅਤੇ ਇਤਿਹਾਸਕ ਸਟੇਸ਼ਨ ਹੈ। ਇੱਥੇ ਰੋਜ਼ਾਨਾ ਔਸਤਨ ਇੱਕ ਲੱਖ ਤੋਂ ਵੱਧ ਯਾਤਰੀ ਆਉਂਦੇ-ਜਾਂਦੇ ਹਨ। ਫਿਰੋਜ਼ਪੁਰ ਮੰਡਲ ਨੂੰ ਕੇਵਲ ਇੱਥੇ ਹੀ ਨਹੀਂ, ਹਰੇਕ ਸਟੇਸ਼ਨ ਚ ਮੁੱਢਲੀਆਂ ਸਹੂਲਤਾਂ ਦੀ ਉਪਲਬਧਤਾ ਯਕੀਨੀ ਬਣਾਉਣੀ ਚਾਹੀਦੀ ਹੈ। ਮੇਰਾ ਖੁਦ ਦਾ ਯਤਨ ਰਹੇਗਾ ਕਿ ਇਸ ਗੰਭੀਰ ਮਸਲੇ ਤੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ਤੋਂ ਛੁਟਕਾਰਾ ਦਿਵਾਇਆ ਜਾਵੇ। (ਸੁਰੇਸ਼ ਕੁਮਾਰ ਗੋਇਲ, ਮੈਂਬਰ ਮੰਡਲ ਰੇਲ ਉਪਭੋਗਤਾ ਸਲਾਹਕਾਰ ਕਮੇਟੀ) ਫਿਰੋਜ਼ਪੁਰ ਮੰਡਲ ਯਾਤਰੀਆਂ ਨੂੰ ਮੁੱਢਲੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਇੱਕ ਹਫਤੇ ਦੇ ਅੰਦਰ ਰਿਜ਼ਰਵੇਸ਼ਨ ਕੇਂਦਰ ਦੇ ਬਾਹਰ ਲੋੜੀਂਦੀ ਮਾਤਰਾ ਚ ਪੱਖੇ ਲਗਾ ਦਿੱਤੇ ਜਾਣਗੇ। ਯਾਤਰੀਆਂ ਨੂੰ ਦੁਬਾਰਾ ਅਜਿਹੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। (ਸੀਨੀਅਰ ਡੀਸੀਐਮ ਬਸੰਤ ਕੁਮਾਰ, ਫਿਰੋਜ਼ਪੁਰ ਮੰਡਲ)