ਸਿੱਖ ਬੱਚੇ ਨਾਲ ਹੋਈ ਰੈਗਿੰਗ ਦੀ ਘਟਨਾ ਮੰਦਭਾਗੀ : ਨਿੱਕੂ ਵਡਾਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇਕ ਨਿੱਜੀ ਬੋਰਡਿੰਗ ਸਕੂਲ ਵਿਚ ਸਿੱਖ ਬੱਚੇ ਨਾਲ ਹੋਈ
Publish Date: Wed, 09 Sep 2026 04:11 PM (IST)
Updated Date: Wed, 09 Sep 2026 04:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇਕ ਨਿੱਜੀ ਬੋਰਡਿੰਗ ਸਕੂਲ ਵਿਚ ਸਿੱਖ ਬੱਚੇ ਨਾਲ ਹੋਈ ਰੈਗਿੰਗ ਦੀ ਘਟਨਾ ਬੇਹੱਦ ਨਿੰਦਣਯੋਗ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਕਰਾਈਮ ਗਰੀਵੀਐਂਸ ਐਂਡ ਇੰਟੈਲੀਜੈਂਸ ਕੌਂਸਲ (ਸੀਜੀਆਈਸੀ) ਦੇ ਮੈਂਬਰ ਸਮਾਜ ਸੇਵਕ ਨਿੱਕੂ ਵਡਾਲਾ ਯੂਕੇ ਨੇ ਕੀਤਾ। ਉਨ੍ਹਾਂ ਕਿਹਾ ਸਿਰਫ਼ ਰੈਗਿੰਗ ਕਰਨ ਵਾਲੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਤੈਅ ਕਰਨਾ ਹੀ ਕਾਫ਼ੀ ਨਹੀਂ, ਸਗੋਂ ਇਹ ਵੀ ਜਾਂਚਿਆ ਜਾਣਾ ਚਾਹੀਦਾ ਹੈ ਕਿ ਸਕੂਲ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਲੋੜੀਂਦੇ ਕਦਮ ਕਿਉਂ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਇਸ ਨਾਲ ਹੀ ਸਕੂਲ ਪ੍ਰਿੰਸੀਪਲ ਵਿਰੁੱਧ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ। ਨਿੱਕੂ ਵਡਾਲਾ ਨੇ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਸਕੂਲ ਪ੍ਰਬੰਧਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਨਿੱਕੂ ਵਡਾਲਾ ਯੂਕੇ ਨੇ ਕਿਹਾ ਕਿ ਸਿੱਖਿਆ ਸੰਸਥਾ ਵਿਚ ਕਿਸੇ ਵੀ ਬੱਚੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਬੇਹੱਦ ਮੰਦਭਾਗਾ ਹੈ ਤੇ ਅਜਿਹੀਆਂ ਘਟਨਾਵਾਂ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਭਵਿੱਖ ਉੱਤੇ ਬੁਰਾ ਪ੍ਰਭਾਵ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਲਈ ਸੁਖਾਵਾਂ ਤੇ ਸਨਮਾਨਜਨਕ ਵਾਤਾਵਰਨ ਮੁਹੱਈਆ ਕਰਵਾਉਣਾ ਸਕੂਲ ਪ੍ਰਬੰਧਕਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਰੈਗਿੰਗ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਸਿੱਖਿਆ ਸੰਸਥਾਵਾਂ ਨੂੰ ਇਸ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ।