ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਕਵੀ ਦਰਬਾਰ ਕਰਵਾਇਆ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬੀ ਸਾਹਿਤਕ ਖੇਤਰ ਵਿੱਚ ਆਪਣੀਆਂ ਨਿਰੰਤਰ
Publish Date: Mon, 02 Nov 2026 04:38 PM (IST)
Updated Date: Mon, 02 Nov 2026 04:41 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬੀ ਸਾਹਿਤਕ ਖੇਤਰ ਵਿੱਚ ਆਪਣੀਆਂ ਨਿਰੰਤਰ ਸਰਗਰਮੀਆਂ ਤੇ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਪੰਜਾਬੀ ਸਾਹਿਤ ਸਭਾ ਚੋਗਾਵਾਂ ਅੰਮ੍ਰਿਤਸਰ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਹਿਯੋਗ ਨਾਲ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ, ਰਾਮਤੀਰਥ ਰੋਡ ਵਿਖੇ 37ਵਾਂ ਸਾਲਾਨਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ। ਸਾਹਿਤਕ ਰੰਗ ਵਿਚ ਰੰਗੇ ਇਸ ਸਮਾਗਮ ਦੌਰਾਨ ਜਿੱਥੇ ਸਾਹਿਤ, ਕਲਾ ਤੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਵਿਚਾਰ ਚਰਚਾ ਹੋਈ, ਉਥੇ ਵੱਖ-ਵੱਖ ਸਾਹਿਤਕ ਤੇ ਕਲਾਤਮਕ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਪੰਜ ਸ਼ਖ਼ਸੀਅਤਾਂ ਨੂੰ ਵੱਕਾਰੀ ਸਨਮਾਨਾਂ ਨਾਲ ਨਿਵਾਜਿਆ ਗਿਆ। ਸਮਾਗਮ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਮੁੱਖ ਮਹਿਮਾਨ ਅਤੇ ਪ੍ਰਮੁੱਖ ਸ਼ਾਇਰ ਹਰਮੀਤ ਵਿਦਿਆਰਥੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਕਰਨੈਲ ਸ਼ੇਰਗਿੱਲ ਯੂਕੇ ਸੰਪਾਦਕ ਅੱਖਰ ਮੈਗਜ਼ੀਨ, ਰਮੇਸ਼ ਯਾਦਵ, ਸੁੱਚਾ ਸਿੰਘ ਰੰਧਾਵਾ, ਸਕੂਲ ਦੇ ਐੱਮਡੀ ਡਾ. ਮੰਗਲ ਸਿੰਘ ਕਿਸ਼ਨਪੁਰੀ, ਹਰਭਜਨ ਸਿੰਘ ਭਗਰਥ, ਮਾਸਟਰ ਅਵਤਾਰ ਸਿੰਘ ਗੋਇੰਦਵਾਲੀਆ, ਮਝੈਲਾਂ ਦੀ ਸੱਥ ਦੇ ਪ੍ਰਧਾਨ ਡਾ. ਗਗਨਦੀਪ ਸਿੰਘ ਖਾਲਸਾ, ਪ੍ਰਗਤੀਸ਼ੀਲ ਲੇਖਕ ਸੰਘ ਦੀ ਤਰਨ ਤਾਰਨ ਇਕਾਈ ਦੇ ਪ੍ਰਧਾਨ ਹਰਦਰਸ਼ਨ ਸਿੰਘ ਕਮਲ ਅਤੇ ਮਜੀਠਾ ਇਕਾਈ ਦੇ ਪ੍ਰਧਾਨ ਸੁਖਬੀਰ ਸਿੰਘ ਭੁੱਲਰ ਨੇ ਸਾਂਝੇ ਤੌਰ ਤੇ ਕੀਤੀ। ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦਿਆਂ ਸਮੁੱਚੇ ਸਮਾਗਮ ਨੂੰ ਲੜੀਬੱਧ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਤੋਰਿਆ। ਸਮਾਗਮ ਦੇ ਆਰੰਭ ਵਿੱਚ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਆਏ ਹੋਏ ਸਾਹਿਤਕਾਰਾਂ, ਕਲਮਕਾਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਭਾ ਦੇ ਜਨਰਲ ਸਕੱਤਰ ਗੁਰਬਾਜ ਸਿੰਘ ਛੀਨਾ ਨੇ ਸਭਾ ਦੀਆਂ ਸਾਹਿਤਕ ਸਰਗਰਮੀਆਂ, ਪ੍ਰਾਪਤੀਆਂ ਅਤੇ ਮਾਂ-ਬੋਲੀ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਅੱਖਰ ਮੈਗਜ਼ੀਨ ਦੇ ਸਰਪ੍ਰਸਤ ਡਾ. ਵਿਕਰਮਜੀਤ ਦੀ ਕਾਵਿ ਪੁਸਤਕ ਸੁਪਨਾ ਸ਼ੀਸ਼ਾ ਲਹਿਰ ਦਾ ਦੂਜਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ। ਇਸ ਤਰ੍ਹਾਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਦਾ 37ਵਾਂ ਸਾਲਾਨਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਾਹਿਤਕ ਸਾਂਝ, ਸਿਰਜਣਾਤਮਕ ਸੰਵਾਦ ਅਤੇ ਪੰਜਾਬੀ ਮਾਂ-ਬੋਲੀ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਸਮਰਪਿਤ ਯਾਦਗਾਰੀ ਸਮਾਗਮ ਹੋ ਨਿੱਬੜਿਆ।