ਵਾਤਾਵਰਣ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੈਸਰਜ਼ ਅਮਰ ਕਲਰ ਕੈਮ ਇੰਡੀਆ ਦੀ ਸਮੁੱਚੀ ਉਦਯੋਗਿਕ ਇਕਾਈ ਸੀਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਵਾਤਾਵਰਣ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਦੇ ਮਾਮਲੇ ਵਿੱਚ ਮੈਸਰਜ਼ ਅਮਰ ਕਲਰ ਕੈਮ
Publish Date: Fri, 20 Nov 2026 06:10 PM (IST)
Updated Date: Fri, 20 Nov 2026 06:13 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਵਾਤਾਵਰਣ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਦੇ ਮਾਮਲੇ ਵਿੱਚ ਮੈਸਰਜ਼ ਅਮਰ ਕਲਰ ਕੈਮ ਇੰਡੀਆ, ਪਲਾਟ ਨੰਬਰ 26, ਓਲਡ ਫੋਕਲ ਪੁਆਇੰਟ, ਮਹਿਤਾ ਰੋਡ, ਅੰਮ੍ਰਿਤਸਰ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਇਸ ਦੀ ਸਮੁੱਚੀ ਫੈਕਟਰੀ ਅਤੇ ਮਸ਼ੀਨਰੀ, ਜਿਸ ਵਿੱਚ ਹਿਲਾਏ ਜਾ ਸਕਣ ਵਾਲੇ ਪੁਰਜ਼ੇ, ਡੀਜੀ ਸੈੱਟ ਅਤੇ ਉਦਯੋਗਿਕ ਇਕਾਈ ਦੇ ਮੁੱਖ ਗੇਟ ਨੂੰ ਸੀਲ ਕਰ ਦਿੱਤਾ ਗਿਆ ਹੈ, ਤਾਂ ਜੋ ਇੱਥੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਉਦਯੋਗਿਕ ਗਤੀਵਿਧੀ ਨੂੰ ਰੋਕਿਆ ਜਾ ਸਕੇ। ਉਕਤ ਉਦਯੋਗਿਕ ਇਕਾਈ ਵਿੱਚ ਬੇਸਿਕ ਡਾਈਜ਼ ਅਤੇ ਇੰਟਰਮੀਡੀਏਟਸ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਇਕਾਈ ਵਿਰੁੱਧ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੋਂ ਨਿਕਲਣ ਵਾਲੀਆਂ ਤੇਜ਼ ਬਦਬੂਦਾਰ ਗੈਸਾਂ ਕਾਰਨ ਆਸ-ਪਾਸ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਫੋਕਲ ਪੁਆਇੰਟ ਇਲਾਕੇ ਦੀ ਮੁੱਖ ਸੀਵਰੇਜ ਲਾਈਨ ਵਿੱਚ ਰੰਗਦਾਰ ਅਤੇ ਪ੍ਰਦੂਸ਼ਿਤ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ। ਬੋਰਡ ਵੱਲੋਂ ਨਿੱਜੀ ਸੁਣਵਾਈਆਂ ਸਮੇਤ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਉਦਯੋਗ ਵੱਲੋਂ ਵਾਤਾਵਰਣ ਨਿਯਮਾਂ ਦੀ ਪਾਲਣਾ ਕਰਨ ਲਈ ਕੋਈ ਠੋਸ ਸੁਧਾਰਾਤਮਕ ਕਦਮ ਨਹੀਂ ਚੁੱਕੇ ਗਏ। ਇਸ ਦੇ ਮੱਦੇਨਜ਼ਰ ਬੋਰਡ ਵੱਲੋਂ ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਦੀ ਧਾਰਾ 33-ਏ ਅਤੇ ਹਵਾ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1981 ਦੀ ਧਾਰਾ 31-ਏ ਤਹਿਤ ਉਦਯੋਗ ਨੂੰ ਬੰਦ ਕਰਨ, ਬਿਜਲੀ ਸਪਲਾਈ ਕੱਟਣ ਅਤੇ ਡੀਜੀ ਸੈੱਟ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਨੂੰ 12 ਜੂਨ, 2026 ਨੂੰ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ ਸੀ। ਹਾਲਾਕਿ, 30 ਜੂਨ, 2026 ਨੂੰ ਕੀਤੀ ਗਈ ਜਾਂਚ ਦੌਰਾਨ ਡੀਜੀ ਸੈੱਟ ਦੇ ਘੁੰਮਣ ਵਾਲੇ ਹਿੱਸਿਆਂ ’ਤੇ ਲੱਗੀਆਂ ਸੀਲਾਂ ਅੰਦਰੋਂ ਟੁੱਟੀਆਂ ਹੋਈਆਂ ਪਾਈਆਂ ਗਈਆਂ, ਜਦਕਿ ਇਸ ਦੀ ਕੈਨੋਪੀ ਦੇ ਦਰਵਾਜ਼ੇ ਦੀਆਂ ਸੀਲਾਂ ਸਹੀ ਸਲਾਮਤ ਸਨ। ਇਸ ਤੋਂ ਇਲਾਵਾ ਡੀਜੀ ਸੈੱਟ ਗਰਮ ਪਾਇਆ ਗਿਆ, ਜਿਸ ਤੋਂ ਇਸ ਦੇ ਹਾਲ ਹੀ ਵਿੱਚ ਚਲਾਏ ਜਾਣ ਦਾ ਸੰਕੇਤ ਮਿਿਲਆ। ਇਸੇ ਦੌਰਾਨ 10 ਕੇਵੀਏ ਸਮਰੱਥਾ ਵਾਲਾ ਇੱਕ ਹੋਰ ਡੀਜੀ ਸੈੱਟ ਵੀ ਇਕਾਈ ਦੇ ਅੰਦਰ ਲੱਗਿਆ ਪਾਇਆ ਗਿਆ, ਜਿਸ ਦੀ ਵਰਤੋਂ ਕਥਿਤ ਤੌਰ ’ਤੇ ਦਫ਼ਤਰ ਨੂੰ ਬਿਜਲੀ ਸਪਲਾਈ ਦੇਣ ਲਈ ਕੀਤੀ ਜਾ ਰਹੀ ਸੀ। ਇਸ ਸਬੰਧੀ ਬੋਰਡ ਵੱਲੋਂ 15 ਜੁਲਾਈ, 2026 ਨੂੰ ਉਦਯੋਗ ਦੇ ਮਾਲਕ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਭਾਰਤੀ ਨਿਆਂ ਸੰਹਿਤਾ, 2023, ਜਲ ਐਕਟ, 1974 ਅਤੇ ਹਵਾ ਐਕਟ, 1981 ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰਵਾਈ ਗਈ ਸੀ। ਇਸ ਦੇ ਬਾਵਜੂਦ, ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟੇ ਜਾਣ ਅਤੇ ਪਹਿਲਾਂ ਐੱਫਆਈਆਰ ਦਰਜ ਹੋਣ ਦੇ ਬਾਵਜੂਦ ਉਦਯੋਗ ਦੇ ਲਗਾਤਾਰ ਚੱਲਣ ਸਬੰਧੀ ਸ਼ਿਕਾਇਤਾਂ ਮਿਲਦੀਆਂ ਰਹੀਆਂ। ਇਨ੍ਹਾਂ ਲਗਾਤਾਰ ਉਲੰਘਣਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਬੋਰਡ ਦੇ ਸਮਰੱਥ ਅਧਿਕਾਰੀ ਵੱਲੋਂ ਉਦਯੋਗ ਦੀ ਸਮੁੱਚੀ ਫੈਕਟਰੀ ਅਤੇ ਮਸ਼ੀਨਰੀ ਸਮੇਤ ਮੁੱਖ ਪ੍ਰਵੇਸ਼ ਦੁਆਰ ਨੂੰ ਸੀਲ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ ਗਏ। ਬੋਰਡ ਦੇ ਅਧਿਕਾਰੀਆਂ ਵੱਲੋਂ 19 ਨਵੰਬਰ, 2026 ਨੂੰ ਕੀਤੀ ਗਈ ਜਾਂਚ ਦੌਰਾਨ ਤਿਆਰ ਮਾਲ ਦੀ ਪੈਕਿੰਗ ਦਾ ਕੰਮ ਹੁੰਦਾ ਪਾਇਆ ਗਿਆ ਅਤੇ ਇਕਾਈ ਦੇ ਅੰਦਰ ਮਜ਼ਦੂਰ ਵੀ ਮੌਜੂਦ ਸਨ। ਇਸ ਤੋਂ ਸਪੱਸ਼ਟ ਹੋਇਆ ਕਿ ਪਹਿਲਾਂ ਜਾਰੀ ਕੀਤੇ ਗਏ ਬੰਦ ਕਰਨ ਦੇ ਹੁਕਮਾਂ ਅਤੇ ਐੱਫਆਈਆਰ ਦਰਜ ਹੋਣ ਦੇ ਬਾਵਜੂਦ ਉਦਯੋਗ ਨਾਲ ਸਬੰਧਤ ਗਤੀਵਿਧੀਆਂ ਜਾਰੀ ਸਨ। ਇਨ੍ਹਾਂ ਲਗਾਤਾਰ ਉਲੰਘਣਾਵਾਂ ਦੇ ਮੱਦੇਨਜ਼ਰ ਬੋਰਡ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਸਬੰਧੀ 19 ਨਵੰਬਰ, 2026 ਨੂੰ ਉਦਯੋਗ ਦੇ ਮਾਲਕ ਵਿਰੁੱਧ ਦੂਜੀ ਐੱਫਆਈਆਰ ਵੀ ਦਰਜ ਕਰਵਾਈ ਗਈ ਹੈ। ਇਸ ਸਬੰਧੀ ਇੰਜੀਨੀਅਰ ਅੰਮ੍ਰਿਤਪਾਲ ਸਿੰਘ ਚਾਹਲ, ਵਾਤਾਵਰਣ ਇੰਜੀਨੀਅਰ, ਖੇਤਰੀ ਦਫ਼ਤਰ, ਅੰਮ੍ਰਿਤਸਰ, ਇੰਜੀਨੀਅਰ ਬਚਨ ਪਾਲ ਸਿੰਘ, ਵਾਤਾਵਰਣ ਇੰਜੀਨੀਅਰ, ਜ਼ੋਨਲ ਦਫ਼ਤਰ, ਅੰਮ੍ਰਿਤਸਰ, ਇੰਜੀਨੀਅਰ ਲਖਵਿੰਦਰ ਕੁਮਾਰ, ਏਈਈ ਅਤੇ ਇੰਜੀਨੀਅਰ ਸੁਖਮਨੀ ਸਿੰਘ, ਏਈਈ ਦੀ ਟੀਮ ਵੱਲੋਂ 19 ਨਵੰਬਰ, 2026 ਨੂੰ ਸੀਲੰਿਗ ਦੀ ਕਾਰਵਾਈ ਕੀਤੀ ਗਈ। ਇਸ ਮੌਕੇ ਅਮਨਦੀਪ ਕੌਰ, ਐੱਸਐੱਚਓ, ਥਾਣਾ ਮਕਬੂਲਪੁਰਾ, ਅੰਗਦ ਬਰਾੜ, ਨਾਇਬ ਤਹਿਸੀਲਦਾਰ, ਅੰਮ੍ਰਿਤਸਰ-1, ਬਤੌਰ ਡਿਊਟੀ ਮੈਜਿਸਟ੍ਰੇਟ ਅਤੇ ਹੋਰ ਸਹਾਇਕ ਸਟਾਫ਼ ਵੀ ਮੌਜੂਦ ਸੀ। ਲੋੜੀਂਦੀ ਪੁਲਿਸ ਸਹਾਇਤਾ ਨਾਲ ਉਦਯੋਗ ਦੇ ਮਾਲਕ ਰੋਹਿਤ ਹਾਂਡਾ ਦੀ ਮੌਜੂਦਗੀ ਵਿੱਚ ਸਮੁੱਚੀ ਫੈਕਟਰੀ ਅਤੇ ਮਸ਼ੀਨਰੀ, ਜਿਸ ਵਿੱਚ ਹਿਲਾਏ ਜਾ ਸਕਣ ਵਾਲੇ ਪੁਰਜ਼ੇ, ਡੀਜੀ ਸੈੱਟ ਅਤੇ ਉਦਯੋਗਿਕ ਇਕਾਈ ਦਾ ਮੁੱਖ ਗੇਟ ਸ਼ਾਮਲ ਹੈ, ਨੂੰ ਸੀਲ ਕਰ ਦਿੱਤਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੁੜ ਸਪੱਸ਼ਟ ਕੀਤਾ ਹੈ ਕਿ ਵਾਤਾਵਰਣ ਸਬੰਧੀ ਨਿਯਮਾਂ ਦੀ ਪਾਲਣਾ ਲਾਜ਼ਮੀ ਹੈ ਅਤੇ ਬੋਰਡ ਵੱਲੋਂ ਜਾਰੀ ਕਾਨੂੰਨੀ ਹੁਕਮਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ’ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੋਰਡ ਵਾਤਾਵਰਣ ਦੀ ਗੁਣਵੱਤਾ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੈਪਸ਼ਨ : ਮੈਸਰਜ਼ ਅਮਰ ਕਲਰ ਕੈਮ ਇੰਡੀਆ ਦੀ ਸਮੁੱਚੀ ਉਦਯੋਗਿਕ ਇਕਾਈ ਸੀਲ ਕਰਦੇ ਹੋਏ ਅਧਿਕਾਰੀ ਅਤੇ ਤਾਇਨਾਤ ਪੁਲਿਸ ਮੁਲਾਜਮ।