- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਵਿਚ ਸਿਆਸੀ ਝਟਕਾ ਲੱਗਾ ਹੈ। ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੇ ਦੋ ਪ੍ਰਮੁੱਖ ਸਿਆਸੀ ਸਲਾਹਕਾਰਾਂ, ਸਾਬਕਾ ਕੌਂਸਲਰ ਜਸਕਰਨ ਸਿੰਘ ਅਤੇ ਵਾਰਡ ਨੰਬਰ 46 ਦੇ ਇੰਚਾਰਜ ਸਮੇਤ ਦਰਜਨਾਂ ਵਰਕਰਾਂ ਨੇ ਸ਼ਨੀਵਾਰ ਨੂੰ ‘ਆਪ’ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਵਿਚ ਸਿਆਸੀ ਝਟਕਾ ਲੱਗਾ ਹੈ। ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੇ ਦੋ ਪ੍ਰਮੁੱਖ ਸਿਆਸੀ ਸਲਾਹਕਾਰਾਂ, ਸਾਬਕਾ ਕੌਂਸਲਰ ਜਸਕਰਨ ਸਿੰਘ ਅਤੇ ਵਾਰਡ ਨੰਬਰ 46 ਦੇ ਇੰਚਾਰਜ ਸਮੇਤ ਦਰਜਨਾਂ ਵਰਕਰਾਂ ਨੇ ਸ਼ਨੀਵਾਰ ਨੂੰ ‘ਆਪ’ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿਚ ਆਯੋਜਿਤ ਪ੍ਰੋਗਰਾਮ ਵਿਚ ਸਾਰੇ ਆਗੂਆਂ ਦਾ ਸਿਰੋਪਾਓ ਦੇ ਕੇ ਸਵਾਗਤ ਕੀਤਾ ਗਿਆ।
ਇਸ ਦੌਰਾਨ ਪਾਰਟੀ ਛੱਡਣ ਵਾਲੇ ਕੁਝ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਖਿਚਵਾਈਆਂ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਪਾੜ ਕੇ ਰੋਸ ਜਤਾਇਆ। ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਵਿਧਾਇਕ ਨਿੱਜਰ ਦੇ ਨਿੱਜੀ ਅਤੇ ਸਿਆਸੀ ਸਲਾਹਕਾਰ ਹਰਪ੍ਰੀਤ ਸਿੰਘ ਸੰਨੀ ਮਨੀ, ਪ੍ਰਮੁੱਖ ਸਿਆਸੀ ਸਲਾਹਕਾਰ ਪੁਸ਼ਪਿੰਦਰਜੀਤ ਸਿੰਘ ਪਾਰਸ ਸੰਧੂ ਅਤੇ ਸਾਬਕਾ ਕੌਂਸਲਰ ਜਸਕਰਨ ਸਿੰਘ ਪ੍ਰਮੁੱਖ ਹਨ।
ਇਨ੍ਹਾਂ ਤੋਂ ਇਲਾਵਾ ਮੈਡਮ ਕਾਂਤਾ, ਨਵਜੀਤ ਸਿੰਘ ਲੱਕੀ, ਮਨਪ੍ਰੀਤ ਸਿੰਘ ਬੋਨੀ, ਵਰਿੰਦਰ ਸਿੰਘ ਖਾਲਸਾ, ਜਸਪਾਲ ਸਿੰਘ, ਗੁਰਜੀਤ ਸਿੰਘ ਆਜ਼ਾਦ ਸਮੇਤ ਵੱਖ-ਵੱਖ ਵਾਰਡਾਂ ਦੇ ਦਰਜਨਾਂ ਵਰਕਰ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ‘ਆਪ’ ਛੱਡ ਕੇ ਆਏ ਆਗੂਆਂ ਨੇ ਪਾਰਟੀ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਉਠਾਏ। ਹਰਪ੍ਰੀਤ ਸਿੰਘ ਸੰਨੀ ਅਤੇ ਪਾਰਸ ਸੰਧੂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੂੰ ਸਿਆਸੀ ਦਲ ਦੀ ਬਜਾਏ ਨਿੱਜੀ ਕੰਪਨੀ ਵਾਂਗ ਚਲਾਇਆ ਜਾ ਰਿਹਾ ਹੈ। ਪਾਰਟੀ ਦੇ ਅਹਿਮ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ ਅਤੇ ਸਥਾਨਕ ਵਿਧਾਇਕਾਂ ਦੇ ਉੱਪਰ ਦਿੱਲੀ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪਾਰਟੀ ਵਿਚ ਅਹੁਦਾ ਹਾਸਲ ਕਰਨ ਅਤੇ ਲੋਕਾਂ ਦੇ ਜਾਇਜ਼ ਕੰਮ ਕਰਵਾਉਣ ਲਈ ਵੀ ਪੈਸੇ ਦੀ ਮੰਗ ਹੁੰਦੀ ਹੈ। ਬਦਲਾਅ ਦੀ ਉਮੀਦ ਲੈ ਕੇ ‘ਆਪ’ ਵਿਚ ਆਏ ਸਨ, ਪਰ ਹੁਣ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਸ਼ੀਸ਼ ਮਹਿਲ ਤੋਂ ਬਾਹਰ ਨਹੀਂ ਨਿਕਲ ਪਾ ਰਹੇ, ਜਦੋਂ ਕਿ ਮੁੱਖ ਮੰਤਰੀ ਨਸ਼ੇ ਦੀ ਧੁੰਦ ਵਿਚ ਡੁੱਬੇ ਹੋਏ ਹਨ। ਮੋਗਾ ਰੈਲੀ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰੀ ਸਾਧਨਾਂ ਅਤੇ ਪੀਆਰਟੀਸੀ ਦੀਆਂ ਬੱਸਾਂ ਦੀ ਵਰਤੋਂ ਕਰ ਕੇ ਭੀੜ ਜੁਟਾਈ ਗਈ ਅਤੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਗਈ।
ਮੁੱਖ ਮੰਤਰੀ ਦੇ ਤਰੀ ਵਾਲੇ ਵੈਂਗਣ ਸਬੰਧੀ ਬਿਆਨ ’ਤੇ ਪਲਟਵਾਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਖੁਸ਼ੀ ਨਾਲ ਵੈਂਗਣ ਖਾ ਲੈਣਗੇ, ਪਰ ਮੁੱਖ ਮੰਤਰੀ ਖੁਦ ਬਾਵਰਚੀ ਬਣ ਕੇ ਉਨ੍ਹਾਂ ਨੂੰ ਬਣਾ ਕੇ ਖੁਆਉਣ। ਉਨ੍ਹਾਂ ਕਿਹਾ ਕਿ ਸ਼ੇਰ ਜ਼ਿਆਦਾ ਸਮੇਂ ਤੱਕ ਪਿੰਜਰੇ ਵਿਚ ਕੈਦ ਨਹੀਂ ਰਹਿੰਦੇ। ਮਜੀਠੀਆ ਨੇ ਪੰਜਾਬ ’ਤੇ ਕਰੀਬ ਪੰਜ ਲੱਖ ਕਰੋੜ ਰੁਪਏ ਦੇ ਕਰਜ਼ੇ, ਭ੍ਰਿਸ਼ਟਾਚਾਰ, ਗੈਂਗਸਟਰਵਾਦ ਅਤੇ ਵਿਗੜਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ।
ਅਮਰੂਦ ਘੁਟਾਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਪੁੱਛਿਆ ਕਿ ਪੈਸੇ ਵਾਪਸ ਜਮ੍ਹਾਂ ਕਰਵਾਉਣ ਵਾਲੇ ਅਧਿਕਾਰੀਆਂ ਅਤੇ ਮੰਤਰੀਆਂ ’ਤੇ ਐਫਆਈਆਰ ਕਿਉਂ ਨਹੀਂ ਦਰਜ ਕੀਤੀ ਗਈ। ਅਕਾਲੀ-ਭਾਜਪਾ ਗਠਜੋੜ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਅਤੇ ਕਿਸਾਨਾਂ ਦੇ ਮੁੱਦਿਆਂ ਲਈ ਦੋਵਾਂ ਦਲਾਂ ਵਿਚਕਾਰ ਬਿਹਤਰ ਤਾਲਮੇਲ ਜ਼ਰੂਰੀ ਹੈ।