- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ।

ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ, ਅਜਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ।
ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਜਿੱਥੇ ਆਮ ਆਦਮੀ ਪਾਰਟੀ (ਆਪ) ਦੀ ਕਾਰਗੁਜ਼ਾਰੀ ਦੀ ਸਖ਼ਤ ਨਿਖੇਧੀ ਕੀਤੀ, ਉੱਥੇ ਹੀ ਸਰਕਾਰ ਬਣਨ 'ਤੇ ਸੂਬੇ ਦੇ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਅਹਿਮ ਵਾਅਦੇ ਵੀ ਕੀਤੇ। ਸੁਖਬੀਰ ਬਾਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਸੂਬੇ ਵਿੱਚ ਖ਼ਾਲੀ ਪਈਆਂ 3 ਲੱਖ ਸਰਕਾਰੀ ਆਸਾਮੀਆਂ ਤੁਰੰਤ ਭਰੀਆਂ ਜਾਣਗੀਆਂ।
ਉਹਨਾਂ ਸਪੱਸ਼ਟ ਕੀਤਾ ਕਿ ਸਰਕਾਰੀ ਨੌਕਰੀਆਂ ਸਿਰਫ਼ ਪੰਜਾਬ ਦੇ ਵਸਨੀਕਾਂ ਨੂੰ ਹੀ ਮਿਲਣਗੀਆਂ ਅਤੇ ਬਾਹਰੀ ਲੋਕਾਂ ਨੂੰ ਭਰਤੀ ਕਰਨ ਵਾਲੇ ਮੌਜੂਦਾ ਨਿਯਮਾਂ ਨੂੰ ਰੱਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਿੱਜੀ ਉਦਯੋਗਾਂ ਵਿੱਚ ਵੀ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਲਈ ਲਾਜ਼ਮੀ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਕਿਸਾਨਾਂ ਲਈ ਮੁਕੰਮਲ ਫ਼ਸਲ ਬੀਮਾ ਯੋਜਨਾ ਲਿਆਂਦੀ ਜਾਵੇਗੀ ਤਾਂ ਜੋ ਕੁਦਰਤੀ ਆਫ਼ਤਾਂ ਜਾਂ ਖ਼ਰਾਬੇ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਸਮੇਂ ਸਿਰ ਹੋ ਸਕੇ। ਇਸ ਦੇ ਨਾਲ ਹੀ ਸਰਹੱਦੀ ਪੱਟੀ ਦੇ ਉਹਨਾਂ ਕਿਸਾਨਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ, ਜੋ ਲੰਮੇ ਸਮੇਂ ਤੋਂ ਜ਼ਮੀਨਾਂ ਵਾਹ ਰਹੇ ਹਨ ਪਰ ਉਹਨਾਂ ਦੇ ਨਾਂ 'ਤੇ ਮਲਕੀਅਤ ਦਰਜ ਨਹੀਂ ਹੈ ਸੁਖਬੀਰ ਬਾਦਲ ਨੇ ਯੂਨੀਵਰਸਿਟੀ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਹਕੂਮਤ ਪੁਲਿਸ ਨੂੰ ਸਿਆਸੀ ਹਿੱਤਾਂ ਲਈ ਗੁੰਡਾ ਤਾਕਤ ਵਾਂਗ ਵਰਤ ਰਹੀ ਹੈ। ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਅਤੇ ਲੋਕ ਵਿਰੋਧੀ ਹੁਕਮ ਮੰਨਣ ਤੋਂ ਗੁਰੇਜ਼ ਕਰਨ। ਰੈਲੀ ਦੌਰਾਨ ਸੁਖਬੀਰ ਬਾਦਲ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ 'ਤੇ ਗੰਭੀਰ ਸਿਆਸੀ ਦੋਸ਼ ਲਾਏ। ਉਹਨਾਂ ਕਿਹਾ ਕਿ ਇਹ ਸੰਗਠਨ ਪੰਥਕ ਵੋਟਾਂ ਵੰਡਣ ਲਈ ਕੰਮ ਕਰ ਰਿਹਾ ਹੈ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਦੀ ਦੁਰਵਰਤੋਂ ਕਰ ਰਿਹਾ ਹੈ।
ਉਹਨਾਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਪਿਛੋਕੜ 'ਤੇ ਸਵਾਲ ਚੁੱਕਦਿਆਂ ਕਈ ਸਿਆਸੀ ਨਿਸ਼ਾਨੇ ਵਿੰਨ੍ਹੇ। ਇਸ ਵਿਸ਼ਾਲ ਰੈਲੀ ਨੂੰ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਜੋਧ ਸਿੰਘ ਸਮਰਾ, ਰਣਬੀਰ ਸਿੰਘ ਰਾਣਾ ਲੋਪੋਕੇ, ਰਾਜਵਿੰਦਰ ਸਿੰਘ ਰਾਜਾ ਲਾਦੇਹ, ਸੁਰਜੀਤ ਸਿੰਘ ਭਿੱਟੇਵੱਡ, ਗੌਰਵਦੀਪ ਸਿੰਘ ਵਲਟੋਹਾ ਨੇ ਵੀ ਸੰਬੋਧਨ ਕੀਤਾ।