- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਨਾਲ ਸੰਬੰਧਤ ਕਾਨੂੰਨ ਦੀਆਂ ਇਤਰਾਜਯੋਗ ਮਦਾਂ ਵਿਚ ਲੋੜੀਂਦੇ ਬਦਲਾਅ ਕਰਨ ਲਈ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਇਕ ਮਹੀਨੇ ਦਾ ਸਮਾਂ ਮੰਗਲਵਾਰ ਨੂੰ ਪੂਰਾ ਹੋ ਗਿਆ ਹੈ, ਪਰੰਤੂ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਸਬੰਧੀ ਮੁੜ ਕੋਈ ਰਾਬਤਾ ਨਾ ਕਰਨਾ ਹਾਕਮਾਂ ਦੀ ਹਉਮੈ ਅਤੇ ਸਿੱਖ ਭਾਵਨਾਵਾਂ ਪ੍ਰਤੀ ਗੰਭੀਰਤਾ ਦੀ ਘਾਟ ਨੂੰ ਦਰਸਾਉਂਦਾ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਨਾਲ ਸੰਬੰਧਤ ਕਾਨੂੰਨ ਦੀਆਂ ਇਤਰਾਜਯੋਗ ਮਦਾਂ ਵਿਚ ਲੋੜੀਂਦੇ ਬਦਲਾਅ ਕਰਨ ਲਈ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਇਕ ਮਹੀਨੇ ਦਾ ਸਮਾਂ ਮੰਗਲਵਾਰ ਨੂੰ ਪੂਰਾ ਹੋ ਗਿਆ ਹੈ, ਪਰੰਤੂ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਸਬੰਧੀ ਮੁੜ ਕੋਈ ਰਾਬਤਾ ਨਾ ਕਰਨਾ ਹਾਕਮਾਂ ਦੀ ਹਉਮੈ ਅਤੇ ਸਿੱਖ ਭਾਵਨਾਵਾਂ ਪ੍ਰਤੀ ਗੰਭੀਰਤਾ ਦੀ ਘਾਟ ਨੂੰ ਦਰਸਾਉਂਦਾ ਹੈ।
ਇਹ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤਾ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਗੁਰੂ ਦੀ ਗੋਲਕ ਅਤੇ ਸਿੱਖੀ ਦੇ ਸਿਧਾਂਤ ਸਰਵਉੱਚ ਹਨ। ਇਨ੍ਹਾਂ ਪਵਿੱਤਰ ਸਿਧਾਂਤਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਨੂੰਨੀ ਵਿਵਸਥਾਵਾਂ ਨੂੰ ਸਿੱਖ ਪੰਥ ਕਦੇ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਰਕਾਰ ਨੂੰ ਇਤਰਾਜਯੋਗ ਮਦਾਂ ਵਿੱਚ ਸੋਧ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਇਸ ਮਾਮਲੇ ਵਿੱਚ ਸਰਕਾਰ ਦੀ ਚੁੱਪੀ ਚਿੰਤਾਜਨਕ ਹੈ। ਜਥੇਦਾਰ ਨੇ ਸਪੱਸ਼ਟ ਕੀਤਾ ਕਿ ਗੁਰੂ ਦੀ ਗੋਲਕ, ਸਿੱਖ ਸੰਸਥਾਵਾਂ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਚੁਣੌਤੀ ਦੇਣ ਵਾਲੇ "ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ" ਵਿਅਕਤੀਆਂ ਨੂੰ ਸਿੱਖ ਕੌਮ ਕਦੇ ਮੁਆਫ਼ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਸਿੱਖ ਪੰਥ ਹਮੇਸ਼ਾ ਗੁਰੂ ਘਰ ਦੀ ਮਰਯਾਦਾ, ਸਿਧਾਂਤਾਂ ਅਤੇ ਕੌਮੀ ਸੰਸਥਾਵਾਂ ਦੀ ਰੱਖਿਆ ਲਈ ਵਚਨਬੱਧ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਹਰ ਪੱਧਰ ’ਤੇ ਸੰਘਰਸ਼ ਲਈ ਤਿਆਰ ਹੈ। ਜਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਨੂੰ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਬੇਅਦਬੀ ਕਾਨੂੰਨ ਦੀਆਂ ਇਤਰਾਜ਼ਯੋਗ ਮਦਾਂ ਵਿਚ ਤੁਰੰਤ ਲੋੜੀਂਦੀਆਂ ਸੋਧਾਂ ਕਰਨ ਲਈ ਆਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਰਾਬਤਾ ਸਥਾਪਿਤ ਕਰਕੇ ਇਸ ਸੰਵੇਦਨਸ਼ੀਲ ਮਾਮਲੇ ਦਾ ਹੱਲ ਕੱਢੇ ਜਾਣ ਦੀ ਤਾਕੀਦ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਸਰਬਉੱਚ ਸੰਸਥਾ ਹੈ, ਜੋ ਕਿਸੇ ਸਰਕਾਰ ਜਾਂ ਸਮੇਂ ਦੇ ਪ੍ਰਭਾਵ ਹੇਠ ਨਹੀਂ।
ਉਨ੍ਹਾਂ ਕਿਹਾ ਕਿ ਗੁਰੂ ਬਖ਼ਸ਼ਿਸ਼ ਸਦਕਾ ਸਿੱਖਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਹਮੇਸ਼ਾਂ ਆਪਣੇ ਧਾਰਮਿਕ ਸਮਾਜਿਕ ਤੇ ਪੰਥਕ ਫੈਸਲੇ ਕੀਤੇ ਹਨ। ਮੁਗਲ ਹਕੂਮਤ ਤੋਂ ਲੈ ਕੇ ਅੰਗਰੇਜ਼ ਰਾਜ ਅਤੇ ਅੱਜ ਤੱਕ ਹਕੂਮਤਾਂ ਨੇ ਸਿੱਖ ਸੰਸਥਾਵਾਂ ਅਤੇ ਪ੍ਰੰਪਰਾਵਾਂ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ, ਪਰ ਪੰਥ ਨੇ ਕਦੇ ਕਾਮਯਾਬ ਨਹੀਂ ਹੋਣ ਦਿੱਤੇ। ਸਿੱਖਾਂ ਨੇ ਗੁਰੂ ਦੀ ਕਿਰਪਾ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਿੱਖ ਸੰਸਥਾਵਾਂ ਤੇ ਪੰਥਕ ਮਰਯਾਦਾ ਨੂੰ ਹਮੇਸ਼ਾ ਕਾਇਮ ਰੱਖਣ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅੱਜ ਵੀ ਪੰਥ ਵਿਰੋਧੀ ਕੁਝ ਤਾਕਤਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਮਾਣ-ਮਰਯਾਦਾ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਸਿੱਖਾਂ ਨੂੰ ਗੁਰੂ ਸ਼ਬਦ ਨਾਲੋਂ ਤੋੜਨ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੇ ਯਤਨ ਹੋ ਰਹੇ ਹਨ।