- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਮੇਰੀ ਰਸੋਈ’ ਰਾਸ਼ਨ ਕਿੱਟ ਵੰਡ ਮੁਹਿੰਮ ਨੇ 30 ਲੱਖ ਦਾ ਅੰਕੜਾ ਪਾਰ ਕੀਤਾ: ਚੇਅਰਮੈਨ ਬਰਾੜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪਨਸਪ ਦੇ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਦੀ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਹੱਤਵਪੂਰਨ ‘ਮੇਰੀ ਰਸੋਈ’ ਰਾਸ਼ਨ ਕਿੱਟ ਵੰਡ ਮੁਹਿੰਮ ਤਹਿਤ ਹੁਣ ਤੱਕ ਕਰੀਬ 30.48 ਲੱਖ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਾ ਲਾਭ ਦਿੱਤਾ ਜਾ ਚੁੱਕਾ ਹੈ, ਜਦਕਿ ਹਰ ਤਿਮਾਹੀ ਦੌਰਾਨ ਸੂਬੇ ਦੇ 40.48 ਲੱਖ ਯੋਗ ਪਰਿਵਾਰਾਂ ਨੂੰ ਇਸ ਯੋਜਨਾ ਅਧੀਨ ਕਵਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਇਹ ਮੁਹਿੰਮ ਮਿਸ਼ਨ ਰਾਹੀਂ ਸਫਲਤਾਪੂਵਕ ਚਲਾਈ ਜਾ ਰਹੀ ਹੈ, ਜਿਸ ਦਾ ਮਕਸਦ ਸੂਬੇ ਦੇ ਲੋੜਵੰਦ ਪਰਿਵਾਰਾਂ ਤੱਕ ਪੌਸ਼ਟਿਕ ਖੁਰਾਕ ਪਹੁੰਚਾਉਣਾ ਹੈ। ਹਰੇਕ ਯੋਗ ਪਰਿਵਾਰ ਨੂੰ ਇੱਕ ਰਾਸ਼ਨ ਕਿੱਟ ਦਿੱਤੀ ਜਾਂਦੀ ਹੈ, ਜਿਸ ਵਿਚ ਘਰੇਲੂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਕਿਲੋ ਦਾਲ, ਦੋ ਕਿਲੋ ਖੰਡ, ਇੱਕ ਕਿਲੋ ਲੂਣ, 200 ਗ੍ਰਾਮ ਹਲਦੀ ਪਾਊਡਰ ਅਤੇ ਇੱਕ ਲੀਟਰ ਸਰ੍ਹੋਂ ਦਾ ਤੇਲ ਸ਼ਾਮਲ ਹੈ। ਇਹ ਰਾਸ਼ਨ ਕਿੱਟਾਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਤਹਿਤ ਦਿੱਤੀ ਜਾ ਰਹੀਰ ਕਣਕ ਤੋਂ ਇਲਾਵਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਲਾਭਪਾਤਰੀਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਮਿਲ ਸਕੇ। ਪ੍ਰਭਬੀਰ ਸਿੰਘ ਬਰਾੜ ਅਨੁਸਾਰ ਰਾਸ਼ਨ ਕਿੱਟਾਂ ਦਾ ਇਕੱਠ ਮਾਰਕਫੈੱਡ ਵੱਲੋਂ ਕੀਤਾ ਜਾਂਦਾ ਹੈ, ਜਦਕਿ ਸੂਬੇ ਭਰ ਵਿੱਚ ਵੰਡ ਪ੍ਰਣਾਲੀ ਦੀ ਨਿਗਰਾਨੀ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ, ਤਾਂ ਜੋ ਪੂਰੀ ਪ੍ਰਕਿਿਰਆ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਰਹੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਵੰਡੀਆਂ ਗਈਆਂ 30.48 ਲੱਖ ਰਾਸ਼ਨ ਕਿੱਟਾਂ ਵਿੱਚੋਂ ਲੁਧਿਆਣਾ 3,44,427 ਕਿੱਟਾਂ ਨਾਲ ਪਹਿਲੇ, ਪਟਿਆਲਾ 2,24,447 ਕਿੱਟਾਂ ਨਾਲ ਦੂਜੇ, ਅੰਮ੍ਰਿਤਸਰ 2,08,073 ਕਿੱਟਾਂ ਨਾਲ ਤੀਜੇ, ਬਠਿੰਡਾ 1,90,800 ਕਿੱਟਾਂ ਨਾਲ ਚੌਥੇ, ਜਲੰਧਰ 1,69,223 ਕਿੱਟਾਂ ਨਾਲ ਪੰਜਵੇਂ ਅਤੇ ਗੁਰਦਾਸਪੁਰ 1,68,880 ਕਿੱਟਾਂ ਨਾਲ ਛੇਵੇਂ ਸਥਾਨ ’ਤੇ ਹਨ।
ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ 1,62,163, ਸੰਗਰੂਰ ਵਿੱਚ 1,57,009, ਹੁਸ਼ਿਆਰਪੁਰ ਵਿੱਚ 1,49,846, ਤਰਨਤਾਰਨ ਵਿੱਚ 1,47,049, ਸ੍ਰੀ ਮੁਕਤਸਰ ਸਾਹਿਬ ਵਿੱਚ 1,41,122, ਫਿਰੋਜ਼ਪੁਰ ਵਿੱਚ 1,17,865, ਮੋਗਾ ਵਿੱਚ 1,15,314, ਮਾਨਸਾ ਵਿੱਚ 98,149, ਕਪੂਰਥਲਾ ਵਿੱਚ 84,355, ਫਤਿਹਗੜ੍ਹ ਸਾਹਿਬ ਵਿੱਚ 81,700, ਫਰੀਦਕੋਟ ਵਿੱਚ 81,300, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 79,753, ਪਠਾਨਕੋਟ ਵਿੱਚ 79,363, ਰੂਪਨਗਰ ਵਿੱਚ 73,625, ਬਰਨਾਲਾ ਵਿੱਚ 67,927, ਮਲੇਰਕੋਟਲਾ ਵਿੱਚ 53,804 ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 52,002 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਕੇਵਲ ਅਨਾਜ ਹੀ ਨਹੀਂ, ਸਗੋਂ ਲੋੜੀਂਦੇ ਪ੍ਰੋਟੀਨ, ਖਾਣਾ ਪਕਾਉਣ ਵਾਲੇ ਤੇਲ ਅਤੇ ਹੋਰ ਜ਼ਰੂਰੀ ਖੁਰਾਕੀ ਵਸਤਾਂ ਮੁਹੱਈਆ ਕਰਵਾ ਕੇ ਲਾਭਪਾਤਰੀ ਪਰਿਵਾਰਾਂ ਨੂੰ ਸੰਤੁਲਿਤ ਪੌਸ਼ਟਿਕ ਭੋਜਨ ਉਪਲਬਧ ਕਰਵਾਉਣਾ ਹੈ। ਰਾਸ਼ਨ ਕਿੱਟਾਂ ਦੀ ਵੰਡ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਪਾਰਦਰਸ਼ਿਤਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਹਰ ਯੋਗ ਪਰਿਵਾਰ ਤੱਕ ਸਮੇਂ ਸਿਰ ਕਿੱਟ ਪਹੁੰਚ ਸਕੇ। ਜ਼ਿਲ੍ਹਾ ਪ੍ਰਸ਼ਾਸਨ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਮਾਰਕਫੈੱਡ ਅਤੇ ਹੋਰ ਸਬੰਧਤ ਏਜੰਸੀਆਂ ਆਪਸੀ ਤਾਲਮੇਲ ਨਾਲ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਕੰਮ ਕਰ ਰਹੀਆਂ ਹਨ। ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ‘ਮੇਰੀ ਰਸੋਈ’ ਯੋਜਨਾ ਪੰਜਾਬ ਸਰਕਾਰ ਦੀ ਇਸ ਵਚਨਬੱਧਤਾ ਦਾ ਸਪੱਸ਼ਟ ਪ੍ਰਤੀਕ ਹੈ ਕਿ ਕੋਈ ਵੀ ਲੋੜਵੰਦ ਅਤੇ ਯੋਗ ਪਰਿਵਾਰ ਭੋਜਨ ਸੁਰੱਖਿਆ ਤੋਂ ਵਾਂਝਾ ਨਾ ਰਹੇ। ਐਨਐਫਐਸਏ ਤਹਿਤ ਦਿੱਤੀ ਜਾ ਰਹੀ ਕਣਕ ਦੇ ਨਾਲ ਇਹ ਰਾਸ਼ਨ ਕਿੱਟਾਂ ਜੋੜ ਕੇ ਸਰਕਾਰ ਭੁੱਖਮਰੀ ਅਤੇ ਕੁਪੋਸ਼ਣ ਦੋਵਾਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਹੀ ਹੈ।