- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੂਹ ਬਿਜਲੀ ਕਾਮੇ ਆਪਣੀਆਂ ਮੰਗਾਂ ਦੇ ਸਬੰਧ ’ਚ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਗਏ

-ਸਬ ਡਵੀਜ਼ਨ ਮਜੀਠਾ 1 ਤੇ 2 ਦਾ ਦਫ਼ਤਰ ਬੰਦ, ਕੰਮ-ਕਾਜ ਠੱਪ, ਰੋਸ ਰੈਲੀ ਵੀ ਕੀਤੀ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਬਿਜਲੀ ਵਿਭਾਗ ਵਿਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਮੁਲਾਜ਼ਮ ਤੇ ਲੋਕ ਵਿਰੋਧੀ ਰਵੱਈਏ ਵਿਰੁੱਧ ਅਤੇ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਮਨਵਾਉਣ ਲਈ ਸਮੂਹ ਬਿਜਲੀ ਕਾਮਿਆਂ ਨੇ ਦੋ ਦਿਨ ਦੀ ਸਮੂਹਿਕ ਛੁੱਟੀ ਤੇ ਜਾ ਕੇ ਸਬ ਡਵੀਜ਼ਨ ਮਜੀਠਾ ਦੇ ਗੇਟ ਉੱਤੇ ਰੋਹ ਭਰਪੂਰ ਰੈਲੀ ਕੀਤੀ।
ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨੀਤੀਆਂ ਤਹਿਤ ਨਿੱਜੀਕਰਨ ਦਾ ਹੱਲਾ ਵਿੱਢਿਆ ਹੋਇਆ ਹੈ, ਇਸੇ ਨੀਤੀ ਤਹਿਤ ਹੀ ਮੁਲਾਜ਼ਮ ਤੇ ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ਵਿਚ ਵੱਡੀਆਂ ਤਬਦੀਲੀਆਂ ਕਰਕੇ ਕਿਰਤ ਦੀ ਲੁੱਟ ਕਰਨ ਲਈ ਚਾਰ ਲੇਬਰ ਕੋਡ ਪਾਸ ਕੀਤੇ ਗਏ ਹਨ। ਤਨਖਾਹਾਂ ਦਾ ਬੁਨਿਆਦੀ ਢਾਂਚਾ ਬਦਲ ਕੇ ਘੱਟ ਤੋਂ ਘੱਟ ਤਨਖਾਹ ਦੇਣ ਦਾ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਆਗੂਆਂ ਦੱਸਿਆ ਕਿ ਇਸੇ ਨੀਤੀ ਤਹਿਤ ਪੰਜਾਬ ਸਰਕਾਰ ਵੱਲੋਂ 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਫਾਰਮੂਲਾ ਰੱਦ ਕਰਕੇ ਕੇਂਦਰ ਸਰਕਾਰ ਦੇ ਸੱਤਵੇਂ ਪੇਅ ਸਕੇਲ ਰਾਹੀਂ ਤਨਖਾਹ ਦੇਣ ਦਾ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਆਰਟੀਐੱਮ ਤੋਂ ਪ੍ਰਮੋਟ ਹੋਏ ਸਹਾਇਕ ਲਾਈਨਮੈਨ ਅਤੇ ਏਐਸਐਸਏ ਨੂੰ ਪਹਿਲਾਂ ਤੋਂ ਮਿਲਦਾ 35400 ਦਾ ਸਕੇਲ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਲੰਮੇ ਸਮੇਂ ਤੋਂ ਬਕਾਇਆ 18 ਫ਼ੀਸਦੀ ਮਹਿੰਗਾਈ ਭੱਤਾ ਨਹੀਂ ਦਿੱਤਾ ਜਾ ਰਿਹਾ।
ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ, ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਦਿਆਂ ਮੁਲਾਜ਼ਮਾਂ ਤੇ ਵਾਧੂ ਬੋਝ ਲੱਦਣ ਲਈ ਜਬਰੀ ਮੋਬਾਈਲ ਫੋਨ ਦਿੱਤੇ ਜਾ ਰਹੇ ਹਨ। ਆਗੂਆਂ ਦੱਸਿਆ ਕਿ ਬਿਜਲੀ ਕਾਮਿਆਂ ਦੀ ਭਾਰੀ ਘਾਟ ਦੇ ਬਾਵਜੂਦ ਸ਼ਿਕਾਇਤਾਂ ਅਤੇ ਬ੍ਰੇਕਡਾਊਨਾਂ ਇਕ ਘੰਟੇ ਅੰਦਰ ਹੱਲ ਕਰਨ ਦੇ ਨਾਦਰਸ਼ਾਹੀ ਫਰਮਾਨ ਜਾਰੀ ਕੀਤੇ ਗਏ ਹਨ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹਨਾਂ ਮੰਗਾਂ ਮਸਲਿਆਂ ਦਾ ਸੰਜੀਦਗੀ ਨਾਲ ਨਿਪਟਾਰਾ ਨਾ ਕੀਤਾ ਤਾਂ ਜਥੇਬੰਦੀਆਂ ਇਸ ਸਮੂਹਿਕ ਛੁੱਟੀ ਦੇ ਫੈਸਲੇ ਨੂੰ ਅੱਗੇ ਵਧਾਉਣ ਲਈ ਮਜਬੂਰ ਹੋਣਗੀਆਂ, ਜਿਸ ਤੋਂ ਪੈਡੀ ਸੀਜਨ ਦੌਰਾਨ ਖਪਤਕਾਰਾਂ ਦੀ ਪ੍ਰਭਾਵਿਤ ਹੋਣ ਵਾਲੀ ਬਿਜਲੀ ਸਪਲਾਈ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਸਿੱਧੇ ਤੌਰ ’ਤੇ ਜਿੰਮੇਵਾਰ ਹੋਵੇਗੀ। ਇਸ ਰੋਸ ਰੈਲੀ ਨੂੰ ਸਾਥੀ ਕੁੰਦਨ ਲਾਲ ਹਰੀਆਂ ,ਸੁਖਪਾਲ ਸਿੰਘ ਮਜੀਠਾ, ਗੁਰਪ੍ਰੀਤ ਸਿੰਘ ਸੋਹੀਆਂ ਕਲਾਂ, ਰਕੇਸ਼ ਕੁਮਾਰ ਤਰਗੜ, ਲਖਵਿੰਦਰ ਸਿੰਘ ਭੋਮਾ, ਪ੍ਰਦੀਪ ਸਿੰਘ ਨਾਗ ਕਲਾਂ, ਅਮਰੀਕ ਸਿੰਘ ਲੁਹਾਰਕਾ ਨੇ ਸੰਬੋਧਨ ਕੀਤਾ।