ਪੁੱਡਾ ਵੱਲੋਂ ਏਕਮ ਗਾਰਡਨ ਤੇ ਐਕਸਟੈਂਸ਼ਨ ਕਾਲੋਨੀਆਂ ਵਿਰੁੱਧ ਕਾਰਵਾਈ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਵਿੰਗ ਵੱਲੋਂ ਰਾਮਤੀਰਥ ਰੋਡ ਉੱਪਰ ਪੈਂਦੇ ਪਿੰਡ ਵਡਾਲਾ ਭਿੱਟੇਵੱਡ ਵਿਖੇ ਅਣ-ਅਧਿਕਾਰਤ ਕਲੋਨੀ ਏਕਮ ਗਾਰਡਨ ਦੇ ਸਾਹਮਣੇ ਪਿੰਡ ਧੌਲਕਲਾਂ ਵਿਖੇ ਸ਼ਿਵਾ ਪੈਰਾਡਾਈਸ ਦੇ ਨਾਮ ਹੇਠ
Publish Date: Fri, 11 Sep 2026 06:39 PM (IST)
Updated Date: Fri, 11 Sep 2026 06:40 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਵਿੰਗ ਵੱਲੋਂ ਰਾਮਤੀਰਥ ਰੋਡ ਉੱਪਰ ਪੈਂਦੇ ਪਿੰਡ ਵਡਾਲਾ ਭਿੱਟੇਵੱਡ ਵਿਖੇ ਅਣ-ਅਧਿਕਾਰਤ ਕਲੋਨੀ ਏਕਮ ਗਾਰਡਨ ਦੇ ਸਾਹਮਣੇ ਪਿੰਡ ਧੌਲਕਲਾਂ ਵਿਖੇ ਸ਼ਿਵਾ ਪੈਰਾਡਾਈਸ ਦੇ ਨਾਮ ਹੇਠ ਬਣ ਰਹੀ ਅਣ-ਅਧਿਕਾਰਤ ਕਲੋਨੀ ਅਤੇ ਪਿੰਡ ਕਾਲਾ ਘਨੁੰਪੁਰ ਵਿਖੇ ਨਿਊ ਅਰਬਨ ਅਸਟੇਟ ਐਕਸਟੈਂਸ਼ਨ ਨਾਮਕ ਬਣ ਰਹੀਆਂ ਅਣ-ਅਧਿਕਾਰਤ ਕਲੋਨੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਕਲੋਨੀਆਂ ਨੂੰ ਢਾਹ ਦਿੱਤਾ ਗਿਆ। ਜਿਲ੍ਹਾ ਟਾਊਨ ਪਲਾਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਵਿੱਖ ਦੇ ਵਿਕਾਸ ਨੂੰ ਨਿਯੰਤਰਣ ਕਰਨ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਵਡਾਲਾ ਭਿੱਟੇਵੱਡ, ਪਿੰਡ ਧੌਲਕਲਾਂ ਅਤੇ ਪਿੰਡ ਕਾਲਾ ਘਨੁੰਪੁਰ ਵਿਖੇ ਵਿਕਸਿਤ ਕੀਤੀਆਂ ਜਾ ਰਹੀਆਂ ਨਵੀਆਂ ਅਣ-ਅਧਿਕਾਰਤ ਕਲੋਨੀਆਂ ਨੂੰ ਸਹਾਇਕ ਨਗਰ ਯੋਜਨਕਾਰ ਦੀ ਮੌਜੂਦਗੀ ਵਿੱਚ ਪਾਪਰਾ ਐਕਟ-1995 ਅਧੀਨ ਨੋਟਿਸ ਜਾਰੀ ਕਰਦਿਆਂ ਕੰਮ ਬੰਦ ਕਰਵਾਉਂਦੇ ਹੋਏ ਇਹਨਾਂ ਵਿਰੁੱਧ ਮਿਤੀ 11 ਸਤੰਬਰ 2026 ਰਾਹੀਂ ਡੈਮੋਲੀਸ਼ਨ ਦੀ ਕਾਰਵਾਈ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਅਣ-ਅਧਿਕਾਰਤ ਕਲੋਨੀਆਂ ਦੇ ਮਾਲਕਾਂ ਨੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਅਤੇ ਨੋਟਿਸ ਜਾਰੀ ਹੋਣ ਦੇ ਬਾਵਜੂਦ ਉਕਤ ਅਣ-ਅਧਿਕਾਰਤ ਕਲੋਨੀਆਂ ਸਬੰਧੀ ਸਪੱਸ਼ਟੀਕਰਨ ਦੇਣ ਦੀ ਬਜਾਏ ਮੌਕੇ ਤੇ ਵਿਕਾਸ ਦੇ ਕੰਮਾਂ ਨੂੰ ਜਾਰੀ ਰੱਖਿਆ ਗਿਆ, ਜਿਸ ਦੇ ਤਹਿਤ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਉਕਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਤੋਂ ਇਲਾਵਾ ਰਾਮਤੀਰਥ ਰੋਡ ਉੱਪਰ ਪੈਂਦੇ ਪਿੰਡ ਧੌਲਕਲਾਂ ਵਿਖੇ ਵਿਸਕਿਤ ਸ਼ਿਵਾ ਪੈਰਾਡਾਈਜ਼ ਖਿਲਾਫ ਪਹਿਲਾਂ ਵੀ ਮਿਤੀ 5 ਮਾਰਚ 2026 ਰਾਹੀਂ ਅਤੇ ਪਿੰਡ ਵਡਾਲਾ ਭਿੱਟੇਵੱਡ ਵਿਖੇ ਏਕਮ ਗਾਰਡਨ ਦੇ ਸਾਹਮਣੇ ਵਿਕਸਿਤ ਅਣ-ਅਧਿਕਾਰਤ ਕਲੋਨੀ ਖਿਲਾਫ ਮਿਤੀ 14 ਮਈ 2026 ਰਾਹੀਂ ਡੈਮੋਲੀਸ਼ਨ ਦੀ ਕਾਰਵਾਈ ਕੀਤੀ ਗਈ ਸੀ, ਪਰ ਉਕਤ ਕਲੋਨੀਆਂ ਦੇ ਮਾਲਕਾਂ ਵੱਲੋਂ ਹੁਣ ਮੌਕੇ ਤੇ ਦੁਬਾਰਾ ਵਿਕਾਸ ਦੇ ਕੰਮ ਸ਼ੁਰੂ ਕਰ ਲਏ ਸਨ, ਜਿਸ ਕਰਕੇ ਹੁਣ ਨਵੇਂ ਕੀਤੇ ਵਿਕਾਸ ਕਾਰਜਾਂ ਨੂੰ ਮੁੜ ਢਾਹਿਆ ਗਿਆ।