ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਵੱਲੋਂ ਨਿਗਮ ਦੇ ਬਾਹਰ ਰੋਸ ਪ੍ਰਦਰਸ਼ਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਸ਼ਟਰੀ ਗਊ ਸੁਰੱਖਿਆ ਮਹਾਂਸੰਘ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਰਣਜੀਤ ਐਵੀਨਿਊ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।
Publish Date: Wed, 23 Sep 2026 04:19 PM (IST)
Updated Date: Wed, 23 Sep 2026 04:24 PM (IST)
ਸੜਕਾਂ ’ਤੇ ਘੁੰਮ ਰਹੇ ਗਊ-ਵੰਸ਼ ਦੀ ਸਮੱਸਿਆ ਘੱਟ ਕਰਨ ਲਈ ਨਵੀਂ ਗਊਸ਼ਾਲਾ ਜਲਦ ਸ਼ੁਰੂ ਕੀਤੀ ਜਾਵੇ : ਡਾ. ਰੋਹਨ ਰੋਸ ਪ੍ਰਦਰਸ਼ਨ ਦੌਰਾਨ ਕਈ ਸਮਾਜ ਸੇਵੀ ਆਗੂਆਂ ਤੇ ਸੰਸਥਾਵਾਂ ਨੇ ਨੁਮਾਇੰਦਿਆਂ ਨੇ ਕੀਤਾ ਸਮਰਥਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਸ਼ਟਰੀ ਗਊ ਸੁਰੱਖਿਆ ਮਹਾਂਸੰਘ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਰਣਜੀਤ ਐਵੀਨਿਊ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰਾਸ਼ਟਰੀ ਗਊ ਸੁਰੱਖਿਆ ਮਹਾਂਸੰਘ ਦੇ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਦੌਰਾਨ ਕਈ ਸਮਾਜ ਸੇਵੀ ਆਗੂਆਂ ਤੇ ਸੰਸਥਾਵਾਂ ਨੇ ਨੁਮਾਇੰਦਿਆਂ ਨੇ ਸਮਰਥਨ ਦਿੰਦਿਆਂ ਗਊ ਵੰਸ਼ ਦੀ ਸੁਰੱਖਿਆ ਲਈ ਅਵਾਜ ਬੁਲੰਦ ਕੀਤੀ। ਇਸ ਦੌਰਾਨ ਡਾ. ਰੋਹਨ ਮਹਿਰਾ ਨੇ ਕਿਹਾ ਕਿ 2023 ਵਿਚ ਝਬਾਲ ਰੋਡ ਤੇ ਕਰੀਬ 3 ਕਰੋੜ ਦੀ ਲਾਗਤ ਨਾਲ ਬਣਾਈ ਗਈ ਗਊਸ਼ਾਲਾ ਪੂਰੀ ਹੋ ਚੁੱਕੀ ਹੈ, ਪਰ ਅਜੇ ਤੱਕ ਕਾਰਪੋਰੇਸ਼ਨ ਵੱਲੋਂ ਉਸ ਦਾ ਉਦਘਾਟਨ ਨਹੀਂ ਕੀਤਾ ਗਿਆ। ਅੰਮ੍ਰਿਤਸਰ ਦੀਆਂ ਸੜਕਾਂ ਤੇ ਅੱਜ ਵੀ ਬਹੁਤ ਸਾਰੀਆਂ ਗਾਵਾਂ ਘੁੰਮ ਰਹੀਆਂ ਹਨ। ਡਾ. ਰੋਹਨ ਮਹਿਰਾ ਨੇ ਕਿਹਾ ਕਿ ਸ੍ਰੀ ਦੁਰਗਿਆਣਾ ਮੰਦਰ ਦੇ ਬਾਹਰ ਲੋਹਗੜ੍ਹ ਚੌਂਕ ਵਿਚ ਬਹੁਤ ਸਾਰੀਆਂ ਗਾਵਾਂ ਬੈਠੀਆਂ ਰਹਿੰਦੀਆਂ ਹਨ ਅਤੇ ਸ਼੍ਰੀ ਦੁਰਗਿਆਣਾ ਮੰਦਰ ਦੇ ਬਾਹਰ ਕੂੜਾ ਖਾਂਦੀਆਂ ਹਨ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਕੁਝ ਹੀ ਦਿਨਾਂ ਵਿਚ ਸਾਡੇ ਪਵਿੱਤਰ ਨਵਰਾਤਰੇ ਆਉਣ ਵਾਲੇ ਹਨ ਅਤੇ ਲੰਗੂਰ ਮੇਲਾ ਸ਼ੁਰੂ ਹੋਣ ਵਾਲਾ ਹੈ। ਉਹ ਸ਼੍ਰੀ ਦੁਰਗਿਆਣਾ ਮੰਦਰ ਵਿਚ ਜਾਣ ਦਾ ਮੁੱਖ ਮਾਰਗ ਹੈ। ਕਾਰਪੋਰੇਸ਼ਨ ਨੇ ਅਜੇ ਤੱਕ ਲੋਹਗੜ੍ਹ ਚੌਂਕ ਵਿਚ ਬੈਠੀਆਂ ਗਾਵਾਂ ਦਾ ਪਿਛਲੇ ਕਈ ਸਾਲਾਂ ਤੋਂ ਕੋਈ ਹੱਲ ਨਹੀਂ ਕੀਤਾ। ਜਾਣਕਾਰੀ ਅਨੁਸਾਰ ਇਹ ਕਿਸੇ ਡੇਅਰੀ ਵਾਲੇ ਦੀਆਂ ਹਨ, ਹਾਈਕੋਰਟ ਦੇ ਹੁਕਮ ਦੇ ਬਾਵਜੂਦ ਅੰਮ੍ਰਿਤਸਰ ਕਾਰਪੋਰੇਸ਼ਨ ਉਸ ਡੇਅਰੀ ਵਾਲੇ ਤੇ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ। ਉਸ ਜਗ੍ਹਾ ਬੈਠੀਆਂ ਸਾਰੀਆਂ ਗਾਵਾਂ ਨੂੰ ਚੁੱਕ ਕੇ ਗਊਸ਼ਾਲਾ ਵਿਚ ਭੇਜ ਦਿੱਤਾ ਜਾਵੇ, ਤਾਂ ਜੋ ਆਉਣ ਵਾਲੇ ਦਿਨਾਂ ਵਿਚ ਲੋਕ ਤਿਉਹਾਰ ਚੰਗੀ ਤਰ੍ਹਾਂ ਮਨਾ ਸਕਣ। ਡਾ. ਰੋਹਨ ਮਹਿਰਾ ਅਨੁਸਾਰ ਜੇਕਰ ਇਹ ਗਊਸ਼ਾਲਾ ਸ਼ੁਰੂ ਹੁੰਦੀ ਹੈ ਤਾਂ ਇਸ ਵਿਚ ਕਰੀਬ 400 ਤੋਂ 500 ਗਾਵਾਂ ਨੂੰ ਆਸਰਾ ਮਿਲ ਸਕਦਾ ਹੈ। ਇਸ ਨਾਲ ਅੰਮ੍ਰਿਤਸਰ ਦੀਆਂ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਗਊ-ਵੰਸ਼ ਦੀ ਸਮੱਸਿਆ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਨਾਲ ਹੀ ਸੜਕਾਂ ਤੇ ਕੂੜਾ ਖਾਣ ਵਾਲੀਆਂ ਗਾਵਾਂ ਨੂੰ ਵੀ ਸੁਰੱਖਿਅਤ ਆਸਰਾ ਮਿਲ ਸਕੇਗਾ ਅਤੇ ਆਮ ਲੋਕਾਂ ਨੂੰ ਵੀ ਰਾਹਤ ਮਿਲੇਗੀ। ਡਾ. ਰੋਹਨ ਮਹਿਰਾ ਨੇ ਕਿਹਾ ਕਿ ਕਾਰਪੋਰੇਸ਼ਨ ਦੀ ਲਾਪ੍ਰਵਾਹੀ ਕਾਰਨ ਆਏ ਦਿਨ ਗਊ-ਵੰਸ਼ ਅਤੇ ਅੰਮ੍ਰਿਤਸਰ ਦੀ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਵਿਚ ਸਵਾਮੀ ਹਰਿਨਾਰਾਇਣ, ਬਾਬਾ ਹਰਪ੍ਰੀਤ ਸਿੰਘ, ਵਰਿੰਦਰ ਸੈਣੀ, ਅਨਿਲ ਲਾਲ, ਹਰੀਸ਼ ਕੁਮਾਰ, ਮਨੀਸ਼ ਭਗਵਾ ਸੈਨਾ ਪੰਜਾਬ ਪ੍ਰਧਾਨ, ਪੰਡਿਤ ਭੁਪਿੰਦਰ ਸ਼ਰਮਾ, ਹਨੀ ਮਹਿਰਾ ਰਾਸ਼ਟਰੀ ਮਹਿਲਾ ਪ੍ਰਧਾਨ, ਡਾ. ਨੂਰੀਨ ਮਹਾਜਨ ਸਿਵਲ ਲਾਈਨ ਭਾਜਪਾ ਮੰਡਲ ਪ੍ਰਧਾਨ, ਚਰਨਜੀਤ ਸਿੰਘ, ਰਮਨ ਸ਼ਰਮਾ, ਵਿੱਕੀ, ਰਜਨੀ ਭਾਸਕਰ, ਧੀਰਜ ਕਾਕੜੀਆ ਪ੍ਰਧਾਨ ਉਮੀਦ ਸੰਸਥਾ, ਰਿੰਕੂ ਸ਼ਰਮਾ ਪੰਜਾਬ ਬੁਲਾਰਾ, ਸੁਮਿੰਦਰ ਗੁਪਤਾ ਜ਼ਿਲ੍ਹਾ ਸਕੱਤਰ, ਦੀਪ ਸਿੰਘ ਠਾਕੁਰ, ਦੇਵ ਪਾਂਡੇ, ਰਮਨ ਪੰਡਿਤ ਪੰਜਾਬ ਪ੍ਰਧਾਨ ਯੁਵਾ ਸ਼ਕਤੀ, ਡਿੰਪਲ ਸ਼ਰਮਾ, ਵਨਿਤਾ ਸ਼ਰਮਾ, ਜੌਨੀ, ਵਿਜੇ ਸ਼ਰਮਾ, ਗੌਰਵ ਨਾਗ ਸਮਾਜ ਸੇਵਕ, ਡਾ. ਚੇਤਨ ਸ਼ਰਮਾ ਪ੍ਰਧਾਨ ਮੈਡੀਕਲ ਵਿੰਗ, ਸੁਮਨ ਨਈਅਰ, ਅਰੁਣ ਮਹਾਜਨ ਪ੍ਰਧਾਨ ਨਵ ਨਿਰਮਾਣ ਸੰਸਥਾ, ਸੰਜੀਵ ਸ਼ਰਮਾ ਪੰਜਾਬ ਪ੍ਰਧਾਨ, ਅਜੇ ਸ਼ਿੰਗਾਰੀ ਮੀਡੀਆ ਇੰਚਾਰਜ, ਮੋਂਟੂ ਚਾਵਲਾ ਪ੍ਰੈਜ਼ੀਡੈਂਟ ਡਿਫੈਂਸ ਆਫ ਪੀਪਲ ਰਾਈਟਸ, ਗੁਲਸ਼ਨ ਭਾਟੀਆ ਸਮਾਜ ਸੇਵਕ, ਹਰਪ੍ਰੀਤ ਸਿੰਘ ਗਊਸ਼ਾਲਾ ਮਾਹਵਾ, ਕਰਨ ਪੰਡਿਤ ਸ਼ਾਮਲ ਸਨ। ਬਾਕਸ ਕੁਝ ਦਿਨਾਂ ’ਚ ਸ਼ੁਰੂ ਕੀਤੀ ਜਾਵੇਗੀ ਗਊਸ਼ਾਲਾ : ਨਿਗਮ ਕਮਿਸ਼ਨਰ ਇਸ ਮੌਕੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਵਫ਼ਦ ਨਾਲ ਮੀਟਿੰਗ ਕੀਤੀ ਅਤੇ ਭਰੋਸਾ ਦਿੱਤਾ ਕਿ ਰਾਤ ਦੇ ਸਮੇਂ ਜਿਹੜੀਆਂ ਗਾਵਾਂ ਲੋਹਗੜ੍ਹ ਚੌਂਕ ਵਿਚ ਬੈਠੀਆਂ ਹਨ, ਉਨ੍ਹਾਂ ਨੂੰ ਚੁੱਕਣ ਲਈ ਇਕ ਵੱਖਰੀ ਟੀਮ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਚੁੱਕਿਆ ਜਾਵੇਗਾ। ਇਸ ਦੇ ਨਾਲ-ਨਾਲ ਝਬਾਲ ਰੋਡ ਤੇ ਬਣੀ ਗਊਸ਼ਾਲਾ ਨੂੰ ਕੁਝ ਦਿਨਾਂ ਵਿਚ ਸ਼ੁਰੂ ਕੀਤਾ ਜਾਵੇਗਾ।