ਨਾਟਕਕਾਰ ਗੁਰਸ਼ਰਨ ਸਿੰਘ ਦੇ 16 ਸਤੰਬਰ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰਸ਼ਰਨ ਸਿੰਘ ਯਾਦਗਾਰੀ ਟਰੱਸਟ ਅਤੇ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ਮੰਚ- ਰੰਗ ਮੰਚ ਦੇ ਸਹਿਯੋਗ ਨਾਲ ਪ੍ਰਸਿੱਧ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਸਮਾਜਿਕ ਚਿੰਤਕ ਗੁਰਸ਼ਰਨ ਭਾਅ ਜੀ ਦੇ
Publish Date: Mon, 14 Sep 2026 04:48 PM (IST)
Updated Date: Mon, 14 Sep 2026 04:50 PM (IST)
ਗੀਤ ਸੰਗੀਤ, ਨਾਟਕ, ਕੋਰਿਓਗ੍ਰਾਫੀ ਅਤੇ ਦਸਤਾਵੇਜ਼ੀ ਫ਼ਿਲਮ ‘ਲੱਖਾਂ ਬਗਾਵਤਾਂ’ ਦਾ ਹੋਵੇਗਾ ਮੰਚਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰਸ਼ਰਨ ਸਿੰਘ ਯਾਦਗਾਰੀ ਟਰੱਸਟ ਅਤੇ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ਮੰਚ- ਰੰਗ ਮੰਚ ਦੇ ਸਹਿਯੋਗ ਨਾਲ ਪ੍ਰਸਿੱਧ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਸਮਾਜਿਕ ਚਿੰਤਕ ਗੁਰਸ਼ਰਨ ਭਾਅ ਜੀ ਦੇ 97ਵੇਂ ਜਨਮ ਦਿਨ ਦੇ ਮੌਕੇ 16 ਸਤੰਬਰ ਨੂੰ ਕਰਵਾਏ ਜਾ ਰਹੇ ਲੋਕ ਪੱਖੀ ਗੀਤ ਸੰਗੀਤ ਅਤੇ ਸੱਭਿਆਚਾਰਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਮਾਗਮ ਦੀ ਤਿਆਰੀ ਸਬੰਧੀ ਹੋਈ ਇਕ ਵਿਸ਼ੇਸ਼ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਟਰੱਸਟ ਦੇ ਕਨਵੀਨਰ ਡਾ. ਪਰਮਿੰਦਰ ਸਿੰਘ, ਕੇਵਲ ਧਾਲੀਵਾਲ, ਡਾ. ਨਵਸ਼ਰਨ, ਡਾ. ਅਤੁਲ ਨੇ ਦੱਸਿਆ ਕਿ ਇਹ ਸਮਾਗਮ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ, ਨਜਦੀਕ ਗੰਗਾ ਬਿਲਡਿੰਗ, ਰਣਜੀਤਪੁਰਾ ਵਿਖੇ ਬਾਅਦ ਦੁਪਹਿਰ ਢਾਈ ਵਜੇ ਹੋਵੇਗਾ ਜਿਸ ਵਿੱਚ ਗੁਰਸ਼ਰਨ ਭਾਅ ਜੀ ਵੱਲੋਂ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਅਮੁੱਲੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਇਸ ਮੌਕੇ ਪ੍ਰਸਿੱਧ ਲੋਕ ਪੱਖੀ ਗਾਇਕ ਧਰਮਿੰਦਰ ਮਸਾਣੀ, ਕੁਸ਼ਾਗਰ ਕਾਲੀਆ ਤੇ ਸਾਥੀਆਂ ਅਤੇ ਜੋਰਾ ਸਿੰਘ ਨਸਰਾਲੀ ਤੇ ਕਸਤੂਰੀ ਲਾਲ ਵੱਲੋਂ ਲੋਕ ਪੱਖੀ ਇਨਕਲਾਬੀ ਗੀਤ ਸੰਗੀਤ ਦੀ ਪੇਸ਼ਕਾਰੀ ਦੇ ਇਲਾਵਾ ਨਾਟਕਕਾਰ ਅਨੀਤਾ ਸ਼ਬਦੀਸ਼ ਅਤੇ ਇਕੱਤਰ ਵੱਲੋਂ ਨਾਟਕ ‘ਨਵਾਂ ਜਨਮ’ ਅਤੇ ਕੋਰਿਓਗ੍ਰਾਫੀ ਦਾ ਮੰਚਨ ਕੀਤਾ ਜਾਵੇਗਾ। ਇਸਤੋਂ ਬਾਅਦ ਜੱਦੀ ਘਰ ਵਿਖੇ ਮੋਮਬੱਤੀਆਂ ਜਗਾਉਣ ਉਪਰੰਤ ਰਾਤ 7 ਵਜੇ ਪ੍ਰਸਿੱਧ ਦਸਤਾਵੇਜ਼ੀ ਫਿਲਮ ਨਿਰਮਾਤਾ ਨਕੁਲ ਸਾਹਨੀ ਵੱਲੋਂ ਇਤਿਹਾਸਕ ਕਿਸਾਨ ਅੰਦੋਲਨ ਉਤੇ ਬਣਾਈ ਵਿਸ਼ੇਸ਼ ਦਸਤਾਵੇਜ਼ੀ ਫਿਲਮ ‘ਲੱਖਾਂ ਬਗਾਵਤਾਂ’ ਦਾ ਪ੍ਰਸਾਰਨ ਕੀਤਾ ਜਾਵੇਗਾ। ਵਿਰਾਸਤ ਕਮੇਟੀ ਮੈਂਬਰਾਂ ਸੁਮੀਤ ਸਿੰਘ ਅਤੇ ਜਸਵੰਤ ਜੱਸ ਨੇ ਦੱਸਿਆ ਕਿ ਇਸ ਮੌਕੇ ਗੁਰਸ਼ਰਨ ਸਿੰਘ ਯਾਦਗਾਰੀ ਟਰੱਸਟ ਵੱਲੋਂ ਲੋਕ ਪੱਖੀ ਇਨਕਲਾਬੀ ਸਭਿਆਚਾਰਕ ਲਹਿਰ ਨੂੰ ਅੱਗੇ ਵਧਾਉਣ ਵਿਚ ਆਜੀਵਨ ਘਾਲਣਾ ਘਾਲਣ ਵਾਲੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਅਣਥੱਕ ਕਾਮੇ ਅਮੋਲਕ ਸਿੰਘ ਨੂੰ ‘ਗੁਰਸ਼ਰਨ ਸਿੰਘ ਸਿਮਰਤੀ ਚਿੰਨ’ ਨਾਲ ਸਲਾਮ ਕੀਤਾ ਜਾਵੇਗਾ। ਇਸ ਸਬੰਧੀ ਹੋਈ ਵਿਸ਼ੇਸ਼ ਮੀਟਿੰਗ ਵਿਚ ਹਾਜ਼ਰ ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਮੋਦ ਕੁਮਾਰ, ਜਮਹੂਰੀ ਕਿਸਾਨ ਸਭਾ ਤੋਂ ਰਤਨ ਰੰਧਾਵਾ, ਨਾਰੀ ਚੇਤਨਾ ਮੰਚ ਤੋਂ ਰਾਜਿੰਦਰ ਕੌਰ ਅਤੇ ਤਰਕਸ਼ੀਲ ਸੁਸਾਇਟੀ ਤੋਂ ਪ੍ਰਿ. ਮੇਲਾ ਰਾਮ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਇਲਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਆਲ ਇੰਡੀਆ ਕਿਸਾਨ ਸਭਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਰੰਗ ਮੰਚ, ਸਾਹਿਤਕ, ਮੁਲਾਜ਼ਮ ਅਤੇ ਮਜ਼ਦੂਰ ਸੰਸਥਾਵਾਂ ਵੱਲੋਂ 16 ਸਤੰਬਰ ਦੇ ਸਮਾਗਮ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਨੇ ਸਮੂਹ ਰੰਗਕਰਮੀਆਂ, ਨਾਟਕ ਪ੍ਰੇਮੀਆਂ, ਸੱਭਿਆਚਾਰ ਤੇ ਤਰਕਸ਼ੀਲ ਕਾਰਕੁਨਾਂ, ਲੇਖਕਾਂ ਸਮੇਤ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਿਦਆਰਥੀਆਂ,ਔਰਤਾਂ, ਅਧਿਆਪਕਾਂ ਆਦਿ ਅਤੇ ਲੋਕ ਪੱਖੀ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।