ਸਿਵਲ ਸਰਜਨ ਦੇ ਦਫਤਰ ਅੰਦਰ ਲੱਗੇ ਕੂੜੇ ਦੇ ਢੇਰ, ਅਧਿਕਾਰੀ ਕੁੰਭਕਰਨੀਂ ਨੀਂਦ ਸੁੱਤੇ ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਕਾਰ ਤੇ ਪ੍ਰਸ਼ਾਸਨ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਆਏ ਦਿਨ ਦਾਅਵੇ ਕਰ ਰਿਹਾ, ਪਰ ਇਨ੍ਹਾਂ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲੀ ਜਦੋਂ ਸਿਵਲ ਸਰਜਨ ਦੇ ਦਫਤਰ ਦੇ
Publish Date: Thu, 20 Aug 2026 06:30 PM (IST)
Updated Date: Thu, 20 Aug 2026 06:33 PM (IST)
ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਕਾਰ ਤੇ ਪ੍ਰਸ਼ਾਸਨ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਆਏ ਦਿਨ ਦਾਅਵੇ ਕਰ ਰਿਹਾ, ਪਰ ਇਨ੍ਹਾਂ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲੀ ਜਦੋਂ ਸਿਵਲ ਸਰਜਨ ਦੇ ਦਫਤਰ ਦੇ ਅੰਦਰ ਹੀ ਕੂੜੇ ਦੇ ਲੱਗੇ ਢੇਰਾਂ ਤੋਂ ਇੰਝ ਲੱਗਦਾ ਹੈ ਜਿਸ ਤਰ੍ਹਾਂ ਅਧਿਕਾਰੀ ਕੁੰਭਕਰਨੀਂ ਦੀ ਨੀਂਦ ਸੁੱਤੇ ਹੋਏ ਹਨ। ਕਿਉਂਕਿ ਜੇਕਰ ਸਿਵਲ ਸਰਜਨ ਦੇ ਦਫਤਰ ਦਾ ਹਾਲ ਇਸ ਤਰ੍ਹਾਂ ਦਾ ਹੈ ਸ਼ਹਿਰ ਦੀ ਸਫਾਈ ਕਿਸ ਤਰ੍ਹਾਂ ਹੋ ਸਕਦੀ ਹੈ। ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਜਦੋਂ ਅੰਦਰ ਜਾ ਕੇ ਦੇਖਿਆ ਗਿਆ ਤਾਂ ਸਾਫ ਸਫਾਈ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਤੇ ਬਿਲਡਿੰਗ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ। ਬਿਲਡਿੰਗ ਵੱਲ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਇਸ ਨੂੰ ਰਿਪੇਅਰ ਵੀ ਨਹੀਂ ਕਰਵਾਇਆ। ਬਾਕਸ ਗੰਦਗੀ ਲਈ ਸਿਵਲ ਸਰਜਨ ਦਫਤਰ ਦਾ ਵੀ ਚਲਾਨ ਕੱਟੋ : ਅੰਗਰੇਜ਼ ਸਿੰਘ ਸੁਲਤਾਨਵਿੰਡ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅੰਗਰੇਜ਼ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਦਾਅਵੇ ਕਰ ਰਹੀ ਹੈ, ਪਰ ਸਿਵਲ ਸਰਜਨ ਦਫਤਰ ਦੇ ਅੰਦਰ ਲੱਗੇ ਕੂੜੇ ਦੇ ਢੇਰ ਇਹ ਸਾਬਤ ਕਰਦੇ ਹਨ ਕਿ ਜੇਕਰ ਇੱਥੋਂ ਦੀ ਸਾਫ ਸਫਾਈ ਨਹੀਂ ਹੋ ਸਕਦੀ ਤਾਂ ਬਾਕੀਆਂ ਦਾ ਤਾਂ ਰੱਬ ਹੀ ਰਾਖਾ ਹੈ। ਉਨ੍ਹਾਂ ਕਿਹਾ ਕਿ ਰੋਜਾਨਾ ਇਸ ਦਫਤਰ ਵਿਚ ਜਨਮ ਮੌਤ ਦੇ ਸਰਟੀਫਿਕੇਟਾਂ ਨਾਲ ਸਬੰਧਤ ਕੰਮ ਕਰਵਾਉਣ ਲਈ ਸ਼ਹਿਰਾਂ ਤੇ ਪਿੰਡਾਂ ਤੋਂ ਲੋਕ ਆਉਂਦੇ ਹਨ। ਇਕ ਪਾਸੇ ਤਾਂ ਸਿਵਲ ਸਰਜਨ ਸ਼ਹਿਰ ਵਿਚ ਸਾਫ ਸਫਾਈ ਰੱਖਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਰਹੇ ਹਨ, ਪਰ ਆਪਣੇ ਹੀ ਦਫਤਰ ਦੇ ਸਾਫ ਸਫਾਈ ਕਰਵਾਉਣ ਵਿਚ ਅਸਮਰਥ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਸਿਹਤ ਵਿਭਾਗ ਸ਼ਹਿਰ ਵਿਚ ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਦੇ ਚਲਾਨ ਤਾਂ ਕੱਟਦਾ ਹੈ ਤਾਂ ਕੀ ਸਰਕਾਰ ਦੇ ਇਸ ਵਿਭਾਗ ਦਾ ਵੀ ਚਲਾਨ ਕੱਟੇਗਾ ਜਾਂ ਨਹੀਂ। ਇਹ ਪ੍ਰਸ਼ਾਸਨ ਲਈ ਸਵਾਲੀਆ ਨਿਸ਼ਾਨ ਹੈ। ਬਾਕਸ ਸਾਫ ਸਫਾਈ ਰੱਖਣਾ ਅਧਿਕਾਰੀਆਂ ਦਾ ਨਿੱਜੀ ਫਰਜ ਬਣਦਾ : ਹਰਜਿੰਦਰ ਰਾਜਾ ਸਮਾਜ ਸੇਵਕ ਹਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਗੰਦਗੀ ਤੇ ਕੂੜੇ ਦੇ ਢੇਰਾਂ ਨਾਲ ਬੀਮਾਰੀਆ ਫੈਲਣ ਦਾ ਖਦਸ਼ਾ ਵੱਧ ਜਾਂਦਾ ਹੈ ਤੇ ਸਿਵਲ ਸਰਜਨ ਦਫਤਰ ਵਿਚ ਕੂੜੇ ਦੇ ਢੇਰ ਲੱਗਣਾ ਪ੍ਰਸਾਸ਼ਨ ਤੇ ਸਵਾਲੀਆ ਚਿੰਨ੍ਹ ਹੈ। ਇਸ ਲਈ ਜਿਸ ਦਫਤਰ ਵਿਚ ਲੋਕਾਂ ਦੇ ਕੰਮ ਹੁੰਦੇ ਹਨ, ਉਸ ਦਫਤਰ ਵਿਚ ਸਾਫ ਸਫਾਈ ਰੱਖਣਾ ਅਧਿਕਾਰੀਆਂ ਦਾ ਨਿੱਜੀ ਫਰਜ ਬਣਦਾ ਹੈ। ਉਨ੍ਹਾਂ ਨੇ ਸਿਵਲ ਸਰਜਨ ਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਦਫਤਰ ਦੀ ਸਾਫ ਸਫਾਈ ਪਹਿਲ ਦੇ ਅਧਾਰ ’ਤੇ ਕਰਵਾਉਣੀ ਚਾਹੀਦੀ ਹੈ। ਬਾਕਸ ਸਫਾਈ ਲਈ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ-ਸਿਵਲ ਸਰਜਨ ਕੂੜੇ ਦੇ ਢੇਰਾਂ ਬਾਰੇ ਸਿਵਲ ਸਰਜਨ ਡਾ. ਰਸ਼ਮੀ ਵਿੱਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਫ ਸਫਾਈ ਰੱਖਣ ਲਈ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਪਰ ਯੂਨੀਅਨਾਂ ਵੱਲੋਂ ਧਰਨੇ ਲਗਾਉਣ ਨਾਲ ਕੂੜੇ ਦੇ ਢੇਰ ਲੱਗ ਜਾਂਦੇ ਹਨ ਤੇ ਹਨੇਰੀ ਕਾਰਨ ਦਰੱਖਤਾਂ ਤੋਂ ਪੱਤੇ ਝੱੜਣ ਕਾਰਨ ਇਹ ਢੇਰ ਲੱਗੇ ਹਨ। ਮਾਲੀ ਦੀ ਡਿਊਟੀ ਲਗਾ ਦਿੱਤੀ ਹੈ, ਸਾਰੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ।