ਰੇਲਵੇ ਫਾਟਕ ਨੇੜੇ ਲੱਗੇ ਗੰਦਗੀ ਦੇ ਢੇਰਾਂ ਤੋਂ ਲੋਕ ਪਰੇਸ਼ਾਨ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਜੰਡਿਆਲਾ ਗੁਰੂ (ਗਹਿਰੀ ਮੰਡੀ) ਦੇ ਰੇਲਵੇ ਫਾਟਕ ਨੇੜੇ ਪਿਛਲੇ ਲੰਮੇ ਸਮੇਂ ਤੋਂ ਲੱਗੇ ਗੰਦਗੀ ਦੇ ਢੇਰਾਂ ਕਾਰਨ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ
Publish Date: Wed, 02 Sep 2026 04:48 PM (IST)
Updated Date: Wed, 02 Sep 2026 04:49 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਜੰਡਿਆਲਾ ਗੁਰੂ (ਗਹਿਰੀ ਮੰਡੀ) ਦੇ ਰੇਲਵੇ ਫਾਟਕ ਨੇੜੇ ਪਿਛਲੇ ਲੰਮੇ ਸਮੇਂ ਤੋਂ ਲੱਗੇ ਗੰਦਗੀ ਦੇ ਢੇਰਾਂ ਕਾਰਨ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਵੱਲ ਰੇਲਵੇ ਪ੍ਰਸ਼ਾਸਨ ਅਤੇ ਗਹਿਰੀ ਮੰਡੀ ਦੀ ਪੰਚਾਇਤ ਵੱਲੋਂ ਕੋਈ ਢੁਕਵਾਂ ਧਿਆਨ ਨਾ ਦਿੱਤੇ ਜਾਣ ਕਾਰਨ ਗੰਦਗੀ ਦੇ ਢੇਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰੇਲਵੇ ਫਾਟਕ ਦੇ ਬਿਲਕੁਲ ਨੇੜੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਇੱਥੇ ਹਰ ਸਮੇਂ ਬਦਬੂ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਗੰਦਗੀ ਦੇ ਢੇਰਾਂ ’ਤੇ ਮੱਛਰਾਂ ਦੀ ਭਰਮਾਰ ਹੈ। ਇਸ ਰਸਤੇ ਰਾਹੀਂ ਰੋਜ਼ਾਨਾ ਦਰਜਨਾਂ ਪਿੰਡਾਂ ਨੂੰ ਜਾਣ ਵਾਲੇ ਹਜ਼ਾਰਾਂ ਲੋਕ ਲੰਘਦੇ ਹਨ। ਬਦਬੂ ਅਤੇ ਗੰਦਗੀ ਕਾਰਨ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ ਅਤੇ ਲੋਕਾਂ ਵੱਲੋਂ ਮੂੰਹ ’ਤੇ ਰੁਮਾਲ ਰੱਖ ਕੇ ਇੱਥੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ। ਇਲਾਕਾ ਵਾਸੀਆਂ ਸਿਮਰਜੀਤ ਸਿੰਘ, ਰੁਪਿੰਦਰ ਕੌਰ ਅਤੇ ਹਰਮੀਤ ਸਿੰਘ ਨੇ ਗੰਦਗੀ ਕਾਰਨ ਗੰਭੀਰ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਜਦੋਂ ਰੇਲਗੱਡੀ ਲੰਘਣ ਸਮੇਂ ਰੇਲਵੇ ਫਾਟਕ ਬੰਦ ਹੁੰਦਾ ਹੈ ਤਾਂ ਇਸ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਗੰਦਗੀ ਦੇ ਢੇਰਾਂ ਅਤੇ ਬਦਬੂ ਵਾਲੇ ਮਾਹੌਲ ਵਿਚ ਲੰਮੇ ਸਮੇਂ ਤੱਕ ਖੜ੍ਹੇ ਵਾਹਨ ਚਾਲਕ ਵੀ ਪ੍ਰੇਸ਼ਾਨ ਹੁੰਦੇ ਹਨ ਅਤੇ ਪ੍ਰਸ਼ਾਸਨ ਤੇ ਪੰਚਾਇਤ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੇ ਹਨ। ਸਥਾਨਕ ਲੋਕਾਂ ਅਨੁਸਾਰ ਗਹਿਰੀ ਮੰਡੀ ਦੀ ਪੰਚਾਇਤ ਕੋਲ ਗੰਦਗੀ ਇਕੱਠੀ ਕਰਨ ਅਤੇ ਇਸ ਦੇ ਨਿਪਟਾਰੇ ਲਈ ਕੋਈ ਢੁਕਵਾਂ ਡੰਪਿੰਗ ਸਥਾਨ ਜਾਂ ਪ੍ਰਬੰਧ ਨਾ ਹੋਣ ਕਾਰਨ ਲੋਕ ਆਪਣੀ ਸਹੂਲਤ ਮੁਤਾਬਕ ਇੱਥੇ ਗੰਦਗੀ ਸੁੱਟ ਰਹੇ ਹਨ। ਇਸ ਕਾਰਨ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਰਾਹਗੀਰਾਂ ਅਤੇ ਇਲਾਕਾ ਵਾਸੀਆਂ ਨੇ ਰੇਲਵੇ ਪ੍ਰਸ਼ਾਸਨ ਅਤੇ ਸਥਾਨਕ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਰੇਲਵੇ ਫਾਟਕ ਨੇੜਿਓਂ ਗੰਦਗੀ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਭਵਿੱਖ ਵਿੱਚ ਗੰਦਗੀ ਸੁੱਟਣ ਤੋਂ ਰੋਕਣ ਲਈ ਢੁਕਵਾਂ ਪ੍ਰਬੰਧ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਬਦਬੂ ਅਤੇ ਗੰਦਗੀ ਤੋਂ ਰਾਹਤ ਮਿਲ ਸਕੇ।