ਸ਼ਾਂਤੀ, ਬਰਾਬਰੀ ਤੇ ਭਾਈਚਾਰਕ ਸਾਂਝ ਜ਼ਰੂਰੀ : ਗੜਗੱਜ ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ ਅੰਮ੍ਰਿਤਸਰ : ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
Publish Date: Tue, 24 Nov 2026 07:55 PM (IST)
Updated Date: Tue, 24 Nov 2026 07:58 PM (IST)
ਸ੍ਰੀ ਨਨਕਾਣਾ ਸਾਹਿਬ ਵਿਖੇ 557ਵਾਂ ਗੁਰਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ ਅੰਮ੍ਰਿਤਸਰ : ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿਚ ਵਿਸ਼ਵ ਪੱਧਰ ਤੋਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਰਤ ਤੋਂ ਪਾਕਿਸਤਾਨ ਸਿੱਖ ਜਥੇ ਨਾਲ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਵੇਰ ਵੇਲੇ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਜਿਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਦੇ ਪੁੱਤਰ ਤੇ ਲਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੀਆਂ ਹਮਜ਼ਾ ਸ਼ਹਿਬਾਜ਼ ਸ਼ਰੀਫ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਗਤ ਤੇ ਪੁੱਜੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸਿੱਖਾਂ, ਗੁਰੂ ਨਾਨਕ ਨਾਮ ਲੇਵਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਪੁੱਜੀਆਂ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੂਰਾ ਨਹੀਂ ਹੁੰਦਾ ਜੇਕਰ ਅਸੀਂ ਭਾਈ ਮਰਦਾਨਾ ਜੀ ਦਾ ਜ਼ਿਕਰ ਨਾ ਕਰੀਏ। ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੇ ਸੰਸਾਰ ਅੰਦਰ ਸਾਰੇ ਵਿਤਕਰਿਆਂ ਨੂੰ ਦੂਰ ਕੀਤਾ ਤੇ ਮਨੁੱਖਤਾ ਵਿਚਕਾਰ ਬਰਾਬਰੀ ਦੀ ਗੱਲ ਕੀਤੀ। ਜਦੋਂ ਅਮਰੀਕਾ (ਯੂਐੱਸਏ) ਬਣਿਆ ਤਾਂ ਉਨ੍ਹਾਂ ਦੇ ਐਲਾਨਨਾਮੇ ਵਿੱਚ ਲਿਿਖਆ ਹੈ ਕਿ ਸਭ ਮਨੁੱਖ ਜਨਮ ਤੋਂ ਬਰਾਬਰ ਹਨ, ਜਦੋਂ ਕਿ ਗੁਰਬਾਣੀ ਅੰਦਰ ਗੁਰੂ ਸਾਹਿਬਾਨ ਨੇ ਇਹ ਸਿਧਾਂਤ ਕਈ ਸਦੀਆਂ ਪਹਿਲਾਂ ਹੀ ਦਰਜ ਕਰ ਦਿੱਤਾ ਸੀ। ਗੁਰਬਾਣੀ ਵਿੱਚ ਦਰਜ ਹੈ ਕਿ ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ ਅਤੇ ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। ਸਿੱਖੀ ਅਨੁਸਾਰ ਸਭ ਬਰਾਬਰ ਹਨ। ਅਕਬਰ ਬਾਦਸ਼ਾਹ ਵੀ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਪੰਗਤ ਵਿੱਚ ਬੈਠਾ ਸੀ। ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਦੁਨੀਆ ਸ਼ੀਤ ਯੁੱਧ ਵਿੱਚ ਚੱਲ ਰਹੀ ਹੈ, ਉੱਥੇ ਖੜ੍ਹੀ ਹੈ ਜਿੱਥੇ ਕਦੇ ਵੀ ਜੰਗ ਹੋ ਸਕਦਾ। ਜੇਕਰ ਹੁਣ ਵਿਸ਼ਵ ਯੁੱਧ ਲੱਗਦਾ ਹੈ ਤਾਂ ਇਹ ਮਨੁੱਖਤਾ ਲਈ ਬਹੁਤ ਭਿਆਨਕ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇਹੋ ਜਿਹੇ ਮੌਕੇ ਤੇ ਸਮੁੱਚੇ ਸੰਸਾਰ ਨੂੰ ਪਿਆਰ ਮੁਹੱਬਤ ਦਾ ਸੰਦੇਸ਼ ਦੇ ਕੇ ਨਫ਼ਰਤ ਨੂੰ ਖਤਮ ਕਰਨ ਦੀ ਗੱਲ ਕਰਦੀ ਹੈ। ਸਾਰੇ ਸੰਸਾਰ ਵਿੱਚ ਸ਼ਾਂਤੀ ਹੋਵੇ ਭਾਵੇਂ ਇਜ਼ਰਾਈਲ ਹੈ ਜਾਂ ਕੋਈ ਵੀ ਹੋਰ ਥਾਂ ਹੋਵੇ, ਉੱਥੇ ਅਮਨ ਸ਼ਾਂਤੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 20 ਰੁਪਏ ਦਾ ਲੰਗਰ ਅੱਜ ਵੀ ਵਰਤ ਰਿਹਾ ਹੈ, ਦੁਨੀਆ ਵਿੱਚ ਕਿਤੇ ਵੀ ਜਦੋਂ ਕੋਈ ਸਮੱਸਿਆ, ਬਿਪਤਾ ਆਉਂਦੀ ਹੈ ਤਾਂ ਸਿੱਖ ਉੱਥੇ ਜਾ ਕੇ ਨਾਲ ਖੜ੍ਹਦੇ ਹਨ, ਅਨੇਕਾਂ ਪ੍ਰਕਾਰ ਦੀਆਂ ਸੇਵਾਵਾਂ ਕਰਦੇ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਸਿੱਖਾਂ ਲਈ ਬਹੁਤ ਹੀ ਮੁਕੱਦਸ ਅਸਥਾਨ ਹੈ, ਜਿਸ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਕਰੋੜਾਂ ਸਿੱਖ ਰੋਜ਼ਾਨਾ ਅਰਦਾਸਾਂ ਕਰਦੇ ਹਨ। ਸਿੱਖ ਸ੍ਰੀ ਨਨਕਾਣਾ ਤੋਂ ਬਿਨਾਂ ਜੀਵਤ ਨਹੀਂ ਰਹਿ ਸਕਦੇ, ਇਹ ਸਾਡੀ ਭਾਵਨਾ ਹੈ ਕਿ ਅਸੀਂ ਇੱਥੇ ਖੁੱਲ੍ਹੇ ਵਿਚਰੀਏ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਗੱਲ ਚੰਗੇ ਪੱਧਰ ਉੱਤੇ ਚੱਲ ਰਹੀ ਹੈ ਅਤੇ ਆਸ ਪ੍ਰਗਟਾਈ ਕਿ ਭਾਰਤ ਸਰਕਾਰ ਜਲਦੀ ਹੀ ਲਾਂਘਾ ਜ਼ਰੂਰ ਖੋਲ੍ਹੇਗੀ। ਉਨ੍ਹਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਖੁੱਲ੍ਹੇ। ਉਨ੍ਹਾਂ ਕਿਹਾ ਪਿਛਲੇ ਸਾਲ ਨਾਲੋਂ ਇਸ ਸਾਲ ਸ੍ਰੀ ਨਨਕਾਣਾ ਸਾਹਿਬ ਸ਼ਹਿਰ ਦੇ ਬਜ਼ਾਰਾਂ ਦੀ ਹਾਲਤ ਬਹੁਤ ਸੁਧਰੀ ਹੈ, ਲਹਿੰਦੇ ਪੰਜਾਬ ਅੰਦਰ ਕਈ ਗੁਰਦੁਆਰਾ ਸਾਹਿਬਾਨ ਮੁੜ ਖੁੱਲ੍ਹ ਰਹੇ ਹਨ, ਸੇਵਾ ਸੰਭਾਲ ਦੇ ਕਾਰਜ ਚੱਲ ਰਹੇ ਹਨ। ਇਸ ਲਈ ਉਨ੍ਹਾਂ ਪਾਕਿਸਤਾਨ ਸਰਕਾਰ ਤੇ ਲਹਿੰਦੇ ਪੰਜਾਬ ਦੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਮੇਸ਼ ਸਿੰਘ ਅਰੋੜਾ ਨੂੰ ਮੰਤਰੀ ਬਣਾ ਕੇ ਜੋ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਇਹ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਇਸ ਦੌਰਾਨ ਜਥੇਦਾਰ ਗੜਗੱਜ ਨੇ ਇੱਕ ਵਾਰ ਫਿਰ ਜ਼ੋਰ ਦੇ ਕੇ ਸਿੱਖਾਂ ਦੇ ਇਤਿਹਾਸ ਨਾਲ ਸਬੰਧਤ ਲਾਹੌਰ ਦਿਵਾਨਖਾਨੇ ਨੂੰ ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਖੋਲ੍ਹਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੁਲਤਾਨ ਵਿੱਚ ਵੀ ਗਏ ਹਨ, ਉੱਥੇ ਵੀ ਨਿਸ਼ਾਨੀਆਂ ਮੌਜੂਦ ਹਨ ਅਤੇ ਆਸ ਪ੍ਰਗਟਾਈ ਕਿ ਉੱਥੇ ਵੀ ਗੁਰੂ ਘਰ ਦੇ ਕਾਰਜ ਜ਼ਰੂਰ ਹੋਣਗੇ। ਉਨ੍ਹਾਂ ਕਿਹਾ ਕਿ ਸਿੱਖ ਕਿਸੇ ਦੇ ਵੀ ਦੁਸ਼ਮਣ ਨਹੀਂ ਹੈ ਤੇ ਨਾਲ ਹੀ ਸਿੱਖ ਕਿਸੇ ਦਾ ਭੈਅ ਮੰਨਦੇ ਹਨ। ਸਿੱਖ ਅੱਜ ਕਮਜ਼ੋਰ ਨਹੀਂ ਦੁਨੀਆ ਵਿੱਚ ਤਕੜਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਆਪਸੀ ਭਾਈਚਾਰਕ ਸਾਂਝਾਂ ਕਦੇ ਵੀ ਨਹੀਂ ਮੁੱਕਣੀਆਂ। ਉਨ੍ਹਾਂ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਾਲੇ ਪਾਸੇ ਗੁਰਧਾਮਾਂ ਦੇ ਦਰਸ਼ਨਾਂ ਲਈ ਜ਼ਰੂਰ ਆਉਣ ਅਤੇ ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਵੀ ਜ਼ਰੂਰ ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਕਰਵਾਉਣ। ਇਸ ਦੌਰਾਨ ਪਾਕਿਸਤਾਨ ਸੂਬਾ ਮੰਤਰੀ ਖੇਲ ਦਾਸ ਖੋਹੀਸਤਾਨ, ਲਹਿੰਦੇ ਪੰਜਾਬ ਵਿੱਚ ਘੱਟਗਿਣਤੀ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਮੇਸ਼ ਸਿੰਘ ਅਰੋੜਾ, ਓਕਾਫ਼ ਬੋਰਡ ਦੇ ਚੇਅਰਮੈਨ ਕਮਰ ਉਜ਼ ਜਮਾਨ, ਓਕਾਫ ਬੋਰਡ ਦੇ ਸਕੱਤਰ ਨਾਸਿਰ ਮੁਸਤਾਕ, ਨਨਕਾਣਾ ਸਾਹਿਬ ਤੋਂ ਐੱਮਪੀਏ ਸ਼ਿਜਰਾ ਮਨਸਬ ਅਲੀ ਖਰਾਲ ਤੇ ਆਗ੍ਹਾ ਅਲੀ ਹੈਦਰ ਆਦਿ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।