- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੀਏਯੂ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਸਤੰਬਰ ਵਿੱਚ ਲਾਏ ਜਾਂਦੇ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ, ਅੰਮ੍ਰਿਤਸਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ

ਮਾਹਿਰਾਂ ਨੇ ਵਿਗਿਆਨਕ ਢੰਗਾਂ ਨਾਲ ਖੇਤੀ ਆਮਦਨ ਵਧਾਉਣ ਦਾ ਸੁਨੇਹਾ ਦਿੱਤਾ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ
ਮਜੀਠਾ : ਪੀਏਯੂ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਸਤੰਬਰ ਵਿੱਚ ਲਾਏ ਜਾਂਦੇ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ, ਅੰਮ੍ਰਿਤਸਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਹਲਕਾ ਅਜਨਾਲਾ ਦੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਨ। ਮੇਲੇ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ ਆਈਏਐੱਸ ਨੇ ਕੀਤੀ। ਇਸ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਵੀ ਮੰਚ ਉੱਤੇ ਮੌਜੂਦ ਸਨ। ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਭਾਸ਼ਣ ਵਿੱਚ ਕਿਸਾਨਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪੀਏਯੂ ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣਾਉਣ ਵਿੱਚ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਸਾਂਝਾ ਸਹਿਯੋਗ ਹਾਸਿਲ ਹੋਇਆ ਹੈ। ਇਸੇ ਸਦਕਾ ਪੰਜਾਬ ਦੀ ਖੇਤੀ ਵਿਗਿਆਨਕ ਪੱਖੋਂ ਵਿਕਸਿਤ ਹੋਈ ਤੇ ਦੇਸ਼ ਅਨਾਜ ਪੱਖੋਂ ਸਵੈ-ਨਿਰਭਰ ਹੋ ਸਕਿਆ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਖੇਤੀ ਭਿੰਨਤਾ ਵਾਲਾ ਹੈ, ਇਸ ਲਈ ਸਹਾਇਕ ਕਿੱਤਿਆਂ ਅਤੇ ਬਾਗਬਾਨੀ ਆਦਿ ਨੂੰ ਅਪਣਾਉਣ ਦਾ ਸਮਾਂ ਹੈ। ਧਾਲੀਵਾਲ ਨੇ ਕਿਹਾ ਕਿ ਪਰਿਵਾਰ ਦੇ ਪੋਸ਼ਣ ਦੇ ਨਾਲ-ਨਾਲ ਲਗਾਤਾਰ ਆਮਦਨ ਪਰਿਵਾਰ ਦੀ ਆਰਥਿਕ ਹਾਲਤ ਨੂੰ ਸਥਿਰ ਰੱਖਣ ਲਈ ਸਹਾਈ ਹੋ ਸਕਦੀ ਹੈ। ਨਾਲ ਹੀ ਮੰਡੀਕਰਨ ਲਈ ਆਪਣੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਕੋਲੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਗਿਆਨ ਲਈ ਪੀਏਯੂ ਦੇ ਸਾਹਿਤ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਅਤੇ ਖੇਤਰੀ ਕੇਂਦਰਾਂ ਦੇ ਵਿਿਗਆਨੀਆਂ ਨਾਲ ਸੰਪਰਕ ਬਣਾਈ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਦੁੱਧ ਉਤਪਾਦਨ ਅਤੇ ਸਬਜ਼ੀਆਂ, ਫਲਾਂ ਦੀ ਪੈਦਾਵਾਰ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸਮਾਜ ਨੂੰ ਪੋਸ਼ਣ ਪੱਖੋਂ ਸਿਹਤਮੰਦ ਬਣਾਇਆ ਜਾ ਸਕੇ। ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ, ਆਈਏਐੱਸ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਤੋਂ ਮਾਹਿਰਾਂ ਦੇ ਸਿੱਖਣ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਵੀ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਇਨ੍ਹਾਂ ਮੇਲਿਆਂ ਦੀ ਸ਼ੁਰੂਆਤ ਕਰਕੇ ਦੇਸ਼-ਦੁਨੀਆਂ ਨੂੰ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੀ ਸਾਂਝ ਦਾ ਨਵਾਂ ਮਾਡਲ ਦਿੱਤਾ ਸੀ, ਜਿਸਦੀ ਪੈਰਵੀ ਅਨੇਕ ਸੰਸਥਾਵਾਂ ਨੇ ਬਾਅਦ ਵਿੱਚ ਕੀਤੀ। ਇਨ੍ਹਾਂ ਮੇਲਿਆਂ ਵਿੱਚੋਂ ਅਣਗਿਣਤ ਕਿਸਾਨਾਂ ਨੇ ਖੇਤੀ ਵਿਿਗਆਨ ਦੀ ਚਿੰਗਾਰੀ ਲਈ ਅਤੇ ਅਗਾਂਹਵਧੂ ਖੇਤੀ ਕਰਕੇ ਪੰਜਾਬ ਨੂੰ ਇਸ ਖੇਤਰ ਦਾ ਸਿਰਕੱਢ ਸੂਬਾ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ 'ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ' ਰੱਖਿਆ ਗਿਆ ਹੈ। ਉਨ੍ਹਾਂ ਨੇ ਕ੍ਰਿਸ਼ੀ ਵਿਿਗਆਨ ਕੇਂਦਰ ਨਾਗ ਕਲਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਉੱਤੇ ਤਸੱਲੀ ਪ੍ਰਗਟਾਈ ਤੇ ਇਸ ਕੇਂਦਰ ਵੱਲੋਂ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਕਿੱਤਾਮੁਖੀ ਸਿਖਲਾਈ ਦਾ ਵਿਸ਼ੇਸ਼ ਜ਼ਿਕਰ ਕੀਤਾ। ਡਾ. ਰਿਸ਼ੀਪਾਲ ਸਿੰਘ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਤੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਿਹਤਰ ਧਰਤੀ ਦਾ ਨਿਰਮਾਣ ਖੇਤੀ ਨਾਲ ਜੁੜੀਆਂ ਸਾਰੀਆਂ ਧਿਰਾਂ ਦੀ ਪ੍ਰਮੁੱਖਤਾ ਹੋਣੀ ਚਾਹੀਦੀ ਹੈ। ਇਸ ਮੇਲੇ ਦੌਰਾਨ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਦੇਣ ਵਾਲੇ ਕਈ ਅਗਾਂਹਵਧੂ ਕਿਸਾਨਾਂ ਪਿੰਡ ਮੱਤੇਵਾਲ ਦੇ ਗੁਰਪਾਲ ਸਿੰਘ ਨੂੰ ਸ਼ਹਿਦ ਮੱਖੀ ਪਾਲਣ ਲਈ, ਕੋਟਲੀ ਢੋਲੇ ਸ਼ਾਹ ਦੇ ਮਨਦੀਪ ਸਿੰਘ ਨੂੰ ਮੁਰਗੀ ਪਾਲਣ ਲਈ, ਪਿੰਡ ਮਹਿਣੀਆਂ ਬ੍ਰਾਹਮਣਾਂ ਦੇ ਕੇਵਲ ਸਿੰਘ ਨੂੰ ਸੂਰ ਪਾਲਣ ਲਈ, ਪਿੰਡ ਜੇਠੂਵਾਲ ਦੇ ਬਿਕਰਮਜੀਤ ਸਿੰਘ ਨੂੰ ਵਰਮੀ ਕੰਪੋਸਟ ਲਈ, ਕਮਾਸਕਾ ਦੇ ਪਲਵਿੰਦਰ ਸਿੰਘ ਨੂੰ ਡੇਅਰੀ ਲਈ, ਰਿਸ਼ੀ ਵਿਹਾਰ ਅੰਮ੍ਰਿਤਸਰ ਦੀ ਰਿਤੂ ਸਵੈਨ ਨੂੰ ਮੋਟੇ ਅਨਾਜਾਂ ਲਈ, ਮਾਲਾ ਖੇੜੀ ਅੰਮ੍ਰਿਤਸਰ ਦੀ ਪਰਮਜੀਤ ਕੌਰ ਨੂੰ ਖੇਤੀ ਪ੍ਰੋਸੈਸਿੰਗ ਵਿੱਚ ਕੀਤੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਅੰਤ ਵਿਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ ਸਹਿਯੋਗੀ ਨਿਰਦੇਸ਼ਕ ਡਾ. ਬਿਕਰਮਜੀਤ ਸਿੰਘ ਨੇ ਕਹੇ। ਪੀਏਯੂ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ-ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ।