ਤੀਜੀ ਅੱਖ ਦੀ ਨਿਗਰਾਨੀ ਹੇਠ ਹੋਵੇਗੀ ਪਾਕਿਸਤਾਨੀ ਸਰਹੱਦ : 40 ਕਰੋੜ ਨਾਲ 7 ਜ਼ਿਲ੍ਹਿਆਂ 'ਚ ਵਿਛੇਗਾ ਸੀਸੀਟੀਵੀ ਕੈਮਰਿਆਂ ਦਾ ਜਾਲ
ਸ਼ੁਕਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਮੁਹੱਈਆ ਕੀਤੇ ਗਏ ਹਨ ਜਿਸ ਨਾਲ ਸਰਹੱਦੀ ਖੇਤਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਜਿਨ੍ਹਾਂ ਨਾਲ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਦੋਰਾਂਗਲਾ ਵਿੱਚ ਵਾਪਰੀ ਘਟਨਾ ਬਾਰੇ ਕਿਹਾ ਕਿ ਕਈ ਵਾਰਦਾਤਾਂ ਅਚਾਨਕ ਹੋ ਜਾਂਦੀਆਂ ਹਨ
Publish Date: Tue, 24 Feb 2026 11:24 AM (IST)
Updated Date: Tue, 24 Feb 2026 11:31 AM (IST)
ਤਜਿੰਦਰ ਸਿੰਘ,ਪੰਜਾਬੀ ਜਾਗਰਣ, ਅਟਾਰੀ : ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਅਤੇ ਤਸਕਰਾਂ ਖ਼ਿਲਾਫ਼ ਚਲਾਏ ਜਾ ਰਹੇ ਆਪ੍ਰੇਸ਼ਨਾਂ ਦੀ ਸਮੀਖਿਆ ਕਰਨ ਦੇ ਮੰਤਵ ਤੇ ਉਸ ਨੂੰ ਹੋਰ ਕਾਰਗਰ ਬਣਾਉਣ ਲਈ ਸਪੈਸ਼ਲ ਡੀਜੀਪੀ ਲਾਅ ਅਰਪਿਤ ਸ਼ੁਕਲਾ ਸਰਹੱਦੀ ਖੇਤਰ ਦੇ ਦੌਰੇ ਦੌਰਾਨ ਥਾਣਾ ਘਰਿੰਡਾ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ਗੈਗਸਟਰਾਂ ਖ਼ਿਲਾਫ਼ ਜੋ ਆਪ੍ਰੇਸ਼ਨ ਚਲਾਏ ਜਾ ਰਹੇ ਹਨ, ਉਸ ਦੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਉਸ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪੂਰੀ ਚੜ੍ਹਦੀ ਕਲਾ ਵਿੱਚ ਹੈ ਤੇ ਗੈਂਗਸਟਰਾਂ ਤੇ ਤਸਕਰ ਖ਼ਿਲਾਫ਼ ਕਰਵਾਈਆ ਨੂੰ ਤੇਜ਼ ਕਰਨ ਲਈ ਮੈਨ ਪਾਵਰ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਜ਼ਲਿਕਾ ਤੋਂ ਲੈ ਕੇ ਪਠਾਨਕੋਟ ਤੱਕ 7 ਜ਼ਿਲ੍ਹੇ ਪਾਕਿਸਤਾਨ ਨਾਲ ਲੱਗਦੇ ਹਨ ਜਿੱਥੇ ਅਸਲੇ ਅਤੇ ਨਸ਼ੇ ਦੀ ਸਮਗਲਿੰਗ ਹੁੰਦੀ ਹੈ।
ਸ਼ੁਕਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਮੁਹੱਈਆ ਕੀਤੇ ਗਏ ਹਨ ਜਿਸ ਨਾਲ ਸਰਹੱਦੀ ਖੇਤਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਜਿਨ੍ਹਾਂ ਨਾਲ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਦੋਰਾਂਗਲਾ ਵਿੱਚ ਵਾਪਰੀ ਘਟਨਾ ਬਾਰੇ ਕਿਹਾ ਕਿ ਕਈ ਵਾਰਦਾਤਾਂ ਅਚਾਨਕ ਹੋ ਜਾਂਦੀਆਂ ਹਨ, ਇਸ ਘਟਨਾ ਦੀ ਬਹੁਤ ਹੀ ਸੀਨੀਅਰ ਅਧਿਕਾਰੀ ਜਾਂਚ ਕਰ ਰਹੇ ਹਨ। ਇਸ ਘਟਨਾ ਸਬੰਧੀ ਕਈ ਸਬੂਤ ਹੱਥ ਲਗੇ ਹਨ ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ-ਪੜਤਾਲ ਜਾਰੀ ਹੈ, ਸਮਾਂ ਆਉਣ ’ਤੇ ਜਾਣਕਾਰੀ ਦੇ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਬਹਾਦਰ, ਜਾਂਬਾਜ਼ ਅਤੇ ਦਲੇਰ ਹੈ। ਉਨ੍ਹਾਂ ਕਿਹਾ ਕਿ ਦੋਰਾਂਗਲਾ ਦੀ ਘਟਨਾ ਨਾਲ ਪੁਲਿਸ ਦਾ ਹੌਸਲਾ ਨਹੀਂ ਘਟਿਆ ਸਗੋਂ ਹਰੇਕ ਪੁਲਿਸ ਅਧਿਕਾਰੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੱਕ ਪਹੁੰਚਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ।