ਅੰਮ੍ਰਿਤਸਰ 'ਚ ਜਨਮ ਤੇ ਮੌਤ ਦੇ ਸਰਟੀਫਿਕੇਟਾਂ ਲਈ ਹਾਹਾਕਾਰ, 18 ਹਜ਼ਾਰ ਤੋਂ ਵੱਧ ਅਰਜ਼ੀਆਂ ਪੈਂਡਿੰਗ
ਅੱਜ ਤੋਂ ਤਕਰੀਬਨ 10 ਤੋਂ 15 ਦਿਨ ਪਹਿਲਾਂ ਏਡੀਸੀ ਜਨਰਲ ਪਲਵੀ ਮਿਸ਼ਰਾ ਵੱਲੋਂ ਅੰਮ੍ਰਿਤਸਰ ਜਿਲ੍ਹੇ ਦੀ ਈ ਸੇਵਾ ਦੀ ਪੈਡੈਂਸੀ ਨੂੰ ਨਿਪਟਾਉਣ ਸਬੰਧੀ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਸੀ, ਇਸ ਪੈਂਡੈਂਸੀ ਮੀਟਿੰਗ ਵਿੱਚ ਵੀ 'ਮਲਟੀਪਲ ਐਕਸੈਸ ਆਈਡੀ' ਦਾ ਮੁੱਦਾ ਪ੍ਰਮੁੱਖਤਾ ਨਾਲ ਗੂੰਜਿਆ।
Publish Date: Mon, 27 Jul 2026 03:05 PM (IST)
Updated Date: Mon, 27 Jul 2026 03:17 PM (IST)
ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਖੇਤਰ ਨਾਲ ਸਬੰਧਿਤ ਜਨਮ ਅਤੇ ਮੌਤ ਦੇ ਰਿਕਾਰਡ ਨੂੰ ਆਨਲਾਈਨ ਦਰਜ ਕਰਨ ਦਾ ਕੰਮ ਭਾਵੇਂ ਪਹਿਲਾਂ ਨਾਲੋਂ ਵਧ ਰਫ਼ਤਾਰ ਨਾਲ ਚੱਲ ਰਿਹਾ ਹੈ ਪਰ ਦਿਨ ਬ ਦਿਨ ਵਧ ਰਹੀ ਅਰਜੀਆਂ ਦੀ ਗਿਣਤੀ ਅਤੇ ਅਰਜ਼ੀਆਂ ਨਿਪਟਾਉਣ ਲਈ ਸਿਰਫ ਇਕ ਆਈਡੀ ਉਤੇ ਹੀ ਨਿਰਭਰ ਕਰਨ ਕਰਕੇ ਅਰਜੀਆਂ ਦੀ ਗਿਣਤੀ 18000 ਤੋਂ ਪਾਰ ਹੋ ਚੁੱਕੀ ਹੈ ਅਤੇ ਲੋਕ ਜਨਮ ਸਰਟੀਫਿਕੇਟ ਪ੍ਰਾਪਤ ਨਹੀਂ ਕਰ ਪਾ ਰਹੇ ਹਨ। ਸਬੰਧਿਤ ਵਿਭਾਗ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਅਨੇਕਾਂ ਪੱਤਰ ਭੇਜਣ ਦੇ ਬਾਵਜੂਦ ਵੀ 'ਮਲਟੀਪਲ ਐਕਸੈਸ ਆਈਡੀ' ਨਸੀਬ ਨਹੀਂ ਹੋ ਸਕੀ। ਇਸ ਦਾ ਸਿੱਧਾ ਅਸਰ ਆਮ ਜਨਤਾ ਅਤੇ ਖ਼ਾਸ ਕਰਕੇ ਸਕੂਲੀ ਵਿਦਿਆਰਥੀਆਂ 'ਤੇ ਪੈ ਰਿਹਾ ਹੈ, ਜਿਨ੍ਹਾਂ ਨੂੰ ਸਮੇਂ ਸਿਰ ਜਨਮ ਸਰਟੀਫਿਕੇਟ ਨਾ ਮਿਲਣ ਕਾਰਨ ਉਨ੍ਹਾਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ ਕਿਉਂਕਿ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਦਾਖਲੇ ਭੇਜਣ ਲਈ ਉਨ੍ਹਾਂ ਦੇ ਆਨਲਾਈਨ ਜਨਮ ਸਰਟੀਫਿਕੇਟ ਮੰਗੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਦਾਖਲਾ ਮਿਤੀ ਦੀ ਹੱਦ ਤੱਕ ਸਰਟੀਫਿਕੇਟ ਵਿਦਿਆਰਥੀ ਸਕੂਲ ਵਿੱਚ ਜਮਾ ਨਹੀਂ ਕਰਵਾ ਪਾਉਂਦਾ ਤਾਂ ਉਸਦਾ ਦਾਖਲਾ ਭੇਜਣ ਵਿੱਚ ਰੁਕਾਵਟ ਆ ਸਕਦੀ ਹੈ।
ਅੱਜ ਤੋਂ ਤਕਰੀਬਨ 10 ਤੋਂ 15 ਦਿਨ ਪਹਿਲਾਂ ਏਡੀਸੀ ਜਨਰਲ ਪਲਵੀ ਮਿਸ਼ਰਾ ਵੱਲੋਂ ਅੰਮ੍ਰਿਤਸਰ ਜਿਲ੍ਹੇ ਦੀ ਈ ਸੇਵਾ ਦੀ ਪੈਡੈਂਸੀ ਨੂੰ ਨਿਪਟਾਉਣ ਸਬੰਧੀ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਸੀ, ਇਸ ਪੈਂਡੈਂਸੀ ਮੀਟਿੰਗ ਵਿੱਚ ਵੀ 'ਮਲਟੀਪਲ ਐਕਸੈਸ ਆਈਡੀ' ਦਾ ਮੁੱਦਾ ਪ੍ਰਮੁੱਖਤਾ ਨਾਲ ਗੂੰਜਿਆ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮੰਨਿਆ ਕਿ ਸਟਾਫ਼ ਅਤੇ ਆਈਡੀ ਦੀ ਘਾਟ ਕਾਰਨ ਬਕਾਇਆ (ਪੈਂਡੈਂਸੀ) ਲਗਾਤਾਰ ਵਧ ਰਹੀ ਹੈ। ਉਸ ਦਿਨ ਹੀ ਇਕ ਪੱਤਰ ਚੀਫ਼ ਰਜਿਸਟਰਾਰ ਜਨਮ ਅਤੇ ਮੌਤ ਕਮ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਨੂੰ ਵੀ ਭੇਜਿਆ ਗਿਆ ਪ੍ਰੰਤੂ ਇਸ ਦਾ ਵੀ ਕੋਈ ਅਸਰ ਨਾ ਹੋਇਆ। ਜਿਸ ਦਿਨ ਪੱਤਰ ਭੇਜਿਆ ਗਿਆ ਉਸ ਦਿਨ ਇਹ ਪੈਡੈਂਸੀ 12 ਹਜਾਰ ਸੀ ਜੋ ਕਿ ਹੁਣ 18 ਹਜਾਰ ਤੋਂ ਪਾਰ ਜਾ ਚੁੱਕੀ ਹੈ।
ਇਸ ਕਾਰਨ ਹੈ 'ਮਲਟੀਪਲ ਅਕਸੈਸ ਆਈਡੀ' ਦੀ ਜਰੂਰਤ ਜਾਣਕਾਰੀ ਮੁਤਾਬਕ ਹਰ ਰੋਜ਼ ਸਿਵਲ ਸਰਜਨ ਵਿਭਾਗ ਨਾਲ ਸੰਬੰਧਿਤ ਜਨਮ ਅਤੇ ਮੌਤ ਦੀਆਂ ਅਰਜੀਆਂ ਦੀ ਪ੍ਰਾਪਤ ਹੋਣ ਦੀ ਗਿਣਤੀ 500 ਤੋਂ 700 ਹੈ ਪਰ ਸਿਰਫ ਇੱਕ ਆਈਡੀ ਰਾਹੀ ਕੰਮ ਕਰਨ ਕਰਕੇ ਫਾਈਲਾਂ ਨੂੰ ਨਿਪਟਾਉਣ ਦੀ ਗਿਣਤੀ ਪ੍ਰਤੀ ਦਿਨ 80 ਤੋਂ ਲੈ ਕੇ 150 ਜਾਂ ਫਿਰ 200 ਤੱਕ ਹੀ ਰਹਿੰਦੀ ਹੈ। ਜਿਸ ਕਰਕੇ ਹਰ ਰੋਜ਼ 400 ਤੋਂ 500 ਫਾਈਲ ਬਕਾਇਆ ਰਹਿ ਜਾਂਦੀਆਂ ਹਨ। ਸਮਾਂ ਹੱਦ ਤੋਂ ਵੱਧ ਸਮੇਂ ਤੱਕ ਆਈਡੀ ਵਿੱਚ ਅਰਜੀਆਂ ਰਹਿਣ ਕਰਕੇ ਪਬਲਿਕ ਦਫਤਰ ਦੇ ਚੱਕਰ ਲਗਾਉਂਦੀ ਹੈ ਜਿਸ ਕਰਕੇ ਸੰਬੰਧਿਤ ਕਲਰਕ ਦਾ ਸਮਾਂ ਪਬਲਿਕ ਨੂੰ ਡੀਲ ਕਰਨ ਫਿਰ ਰਿਕਾਰਡ ਨੂੰ ਰਜਿਸਟਰਾਂ ਵਿੱਚੋਂ ਲੱਭਣ ਅਤੇ ਆਈਡੀ ਰਾਹੀ ਦਰੁਸਤ ਕਰਕੇ ਆਨਲਾਈਨ ਕਰਨ ਵਿੱਚ ਰੁਝਿਆ ਰਹਿ ਜਾਂਦਾ ਹੈ। ਇੱਥੇ ਹੀ ਜੇਕਰ ਇੱਕ ਆਈਡੀ ਦੇ ਮਲਟੀਪਲ ਐਕਸੈਸ ਬਣ ਜਾਣ ਤਾਂ ਚਾਰ ਤੋਂ ਪੰਜ ਆਈਡੀਆਂ ਰਾਹੀ ਰੋਜ਼ ਦੇ ਰੋਜ਼ ਅਰਜ਼ੀਆਂ ਨਿਪਟਾਈਆਂ ਜਾ ਸਕਣਗੀਆਂ ਅਤੇ ਕੁਝ ਸਮੇਂ ਵਿੱਚ ਪੈਡੈਂਸੀ ਖ਼ਤਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਪਰ ਪ੍ਰਸ਼ਾਸਨ ਇਸ ਨੂੰ ਲੈ ਕੇ ਗੰਭੀਰ ਦਿਖਾਈ ਨਹੀਂ ਦੇ ਰਿਹਾ।
ਜਲਦ ਮਿਲੇਗਾ ਮਲਟੀਪਲ ਐਕਸੈਸ : ਜਿਲਾ ਕੋਆਰਡੀਨੇਟਰ ਇਸ ਬਾਬਤ ਜਦੋਂ ਜ਼ਿਲ੍ਹਾ ਕੋਆਰਡੀਨੇਟਰ ਪ੍ਰਿੰਸ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਚੰਡੀਗੜ੍ਹ ਲਿਖ ਕੇ ਭੇ ਦਿੱਤਾ ਗਿਆ ਹੈ ਅਤੇ ਜਲਦ ਹੀ ਮਲਟੀਪਲ ਐਕਸੈਸ ਆਈਡੀ ਮਿਲਣ ਦੀ ਉਮੀਦ ਹੈ।