ਸਰਹੱਦੀ ਇਲਾਕੇ ’ਚੋਂ ਇਕ ਕਿਲੋ ਹੈਰੋਇਨ ਤੇ ਚਾਰ ਪਿਸਟਲ ਬਰਾਮਦ, ਇਕ ਕਾਬੂ
ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚੋਂ ਪੁਲਿਸ ਨੇ ਇਕ ਕਿਲੋ ਤੋਂ ਵੱਧ ਹੈਰੋਇਨ ਤੇ ਚਾਰ ਪਿਸਟਲ ਬਰਾਮਦ ਕਰਕੇ ਇਕ ਜਣੇ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨਸ਼ੇ ਤੇ ਹਥਿਆਰ ਵੇਚਣ ਦਾ ਧੰਦਾ ਕਰਦਾ ਹੈ। ਜਿਸਦੇ ਖਿਲਾਫ ਐੱਨਡੀਪੀਐੱਸ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Fri, 31 Jul 2026 10:46 AM (IST)
Updated Date: Fri, 31 Jul 2026 10:48 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ - ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚੋਂ ਪੁਲਿਸ ਨੇ ਇਕ ਕਿਲੋ ਤੋਂ ਵੱਧ ਹੈਰੋਇਨ ਤੇ ਚਾਰ ਪਿਸਟਲ ਬਰਾਮਦ ਕਰਕੇ ਇਕ ਜਣੇ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨਸ਼ੇ ਤੇ ਹਥਿਆਰ ਵੇਚਣ ਦਾ ਧੰਦਾ ਕਰਦਾ ਹੈ। ਜਿਸਦੇ ਖਿਲਾਫ ਐੱਨਡੀਪੀਐੱਸ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਹੱਥ ਸੂਚਨਾ ਲੱਗੀ ਸੀ ਕਿ ਰਛਪਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਨੰਦਪੁਰ ਜੋ ਥਾਣਾ ਸਰਹਾਲੀ ਦੇ ਇਲਾਕੇ ’ਚ ਪੈਂਦਾ ਹੈ, ਨਸ਼ਾ ਵੇਚਣ ਦੇ ਨਾਲ ਨਾਲ ਹਥਿਆਰਾਂ ਦੀ ਸਪਲਾਈ ਵੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਕਅਤੀ ਦੇ ਸਰਹੱਦੀ ਇਲਾਕੇ ਵਿਚ ਹੋਣ ਦੀ ਸੂਚਨਾ ਵੀ ਪੁਲਿਸ ਦੇ ਹੱਥ ਲੱਗੀ ਸੀ। ਜਿਸਦੇ ਚੱਲਦਿਆਂ ਏਐੱਸਆਈ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਅਲਗੋਂ ਕੋਠੀ ਦੀ ਦਾਣਾ ਮੰਡੀ ’ਚੋਂ ਰਛਪਾਲ ਸਿੰਘ ਨੂੰ ਕਾਬੂ ਕਰ ਲਿਆ। ਜਿਸ ਕੋਲੋਂ ਇਕ ਕਿਲੋ 17 ਗ੍ਰਾਮ ਹੈਰੋਇਨ ਤੇ 30 ਬੋਰ ਦੇ ਚਾਰ ਪਿਸਟਲ ਬਰਾਮਦ ਹੋਏ। ਐੱਸਐੱਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਨੂੰ ਪੁਲਿਸ ਰਿਮਾਂਡ ’ਤੇ ਲਿਆ ਜਾ ਰਿਹਾ ਹੈ ਤੇ ਪੁੱਛਗਿੱਛ ਦੌਰਾਨ ਉਸ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।